‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਕਿਸਾਨ ਮੋਰਚਾ ਦੇ ਲੀਡਰਾਂ ਨੇ ਅੱਜ ਮੁਰਾਦਾਬਾਦ ਅਤੇ ਬਰੇਲੀ ਵਿੱਚ ਵੋਟਰਾਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਕਿਸਾਨ ਵਿਰੋਧੀ ਭਾਜਪਾ ਸਰਕਾਰ ਨੂੰ ਸਜ਼ਾ ਦੇਣ ਦੀ ਅਪੀਲ ਕੀਤੀ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਜੇ ਬੀਜੇਪੀ ਸੱਤਾ ਵਿੱਚ ਆਈ ਤਾਂ ਕਿਸਾਨ ਵਿਰੋਧੀ ਕਾਨੂੰਨ ਵਾਪਸ ਆ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਨਾਲ 9 ਦਸੰਬਰ 2021 ਨੂੰ ਜੋ ਸਮਝੌਤਾ ਕੀਤਾ ਗਿਆ ਸੀ, ਉਸ ਉੱਤੇ ਭਾਜਪਾ ਸਰਕਾਰ ਪਿੱਛੇ ਹਟ ਗਈ ਹੈ। ਭਾਜਪਾ ਸਰਕਾਰ ਨੇ ਕਿਸਾਨਾਂ ਦੇ ਨਾਲ ਧੋਖਾ ਕੀਤਾ ਹੈ। ਇਸ ਲਈ ਸੰਯੁਕਤ ਕਿਸਾਨ ਮੋਰਚਾ ਨੂੰ 31 ਜਨਵਰੀ ਨੂੰ ਦੇਸ਼ ਭਰ ਵਿੱਚ ਵਿਸ਼ਵਾਸਘਾਤ ਦਿਵਸ ਮਨਾਉਣਾ ਪਿਆ ਅਤੇ ਯੂਪੀ ਮਿਸ਼ਨ ਦਾ ਐਲਾਨ ਕਰਨਾ ਪਿਆ।
ਕਿਸਾਨ ਲੀਡਰਾਂ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਵਿੱਚ 57 ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਦੇ ਨਾਲ ਜੁੜੀਆਂ ਹਨ, ਜੋ ਆਪਣੇ ਕਾਰਜ ਖੇਤਰਾਂ ਵਿੱਚ ਜਾ ਕੇ ਪ੍ਰੈੱਸ ਕਾਨਫਰੰਸਾਂ ਕਰਕੇ, ਪਰਚੇ ਵੰਡ ਕੇ ਅਤੇ ਨੁੱਕੜ ਸਭਾਵਾਂ ਕਰਕੇ ਬੀਜੇਪੀ ਨੂੰ ਹਟਾਉਣ ਦੀ ਪਿੰਡ-ਪਿੰਡ ਵਿੱਚ ਜਾ ਕੇ ਅਪੀਲ ਕਰਨਗੇ।
ਕਿਸਾਨ ਮੋਰਚਾ ਨੇ ਭਾਜਪਾ ਦੇ ਮੈਨੀਫੈਸਟੋ ਨੂੰ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ ਕਿਹਾ ਕਿ ਭਾਜਪਾ ਨੇ ਗੰਨਾ ਕਿਸਾਨਾਂ ਨੂੰ ਲੁਭਾਉਣ ਦੇ ਲਈ 2017 ਦੇ ਆਪਣੇ ਮੈਨੀਫੈਸਟੋ ਵਿੱਚ 14 ਦਿਨਾਂ ਦੇ ਅੰਦਰ ਗੰਨੇ ਦਾ ਭੁਗਤਾਨ ਕੀਤਾ ਜਾਵੇਗਾ ਪਰ ਗੰਨਾ ਕਿਸਾਨਾਂ ਦਾ ਅੱਜ ਵੀ ਸਾਲ 2017-18 ਦਾ 20 ਕਰੋੜ ਰੁਪਏ ਬਕਾਇਆ ਹੈ। ਸਾਲ 2020-21 ਦਾ 3 ਹਜ਼ਾਰ 752 ਕਰੋੜ ਰੁਪਏ ਬਕਾਇਆ ਹੈ। ਵਿਆਜ ਦਾ ਇੱਕ ਵੀ ਪੈਸਾ ਨਹੀਂ ਦਿੱਤਾ ਗਿਆ।
ਕਿਸਾਨ ਲੀਡਰਾਂ ਨੇ ਕਿਹਾ ਕਿ ਬੀਜੇਪੀ ਨੇ ਆਪਣੇ ਮੈਨੀਫੈਸਟੋ ਵਿੱਚ ਕਿਸਾਨਾਂ ਨੂੰ ਸਿੰਚਾਈ ਦੇ ਲਈ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਹੈ। ਪਰ ਪਿਛਲੇ ਪੰਜ ਸਾਲਾਂ ਵਿੱਚ ਲੋੜੀਂਦੀ ਬਿਜਲੀ ਨਹੀਂ ਮਿਲੀ, ਉੱਪਰੋਂ ਰੇਟ ਵੀ ਵੱਧ ਗਏ।
ਕਿਸਾਨ ਲੀਡਰਾਂ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੂੰ ਐੱਮਐੱਸਪੀ ਤੋਂ ਅੱਧੇ ਭਾਅ ਉੱਤੇ ਫਸਲ ਵੇਚਣੀ ਪੈ ਰਹੀ ਹੈ ਅਤੇ ਰਾਤ ਭਰ ਜਾਗ ਕੇ ਅਵਾਰਾ ਪਸ਼ੂਆਂ ਤੋਂ ਆਪਣੀ ਫਸਲ ਬਚਾਈ ਹੈ, ਉਹ ਕਿਸਾਨ ਜ਼ਰੂਰ ਹੀ ਭਾਜਪਾ ਨੂੰ ਸਬਕ ਸਿਖਾਉਣ ਦੇ ਲਈ ਉਸਦੇ ਖਿਲਾਫ਼ ਵੋਟ ਪਾਉਣਗੇ।