‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੱਲ੍ਹ 11 ਵਜੇ ਸ਼ਾਹਜਹਾਨਪੁਰ ਤੋਂ ਜੈਪੁਰ-ਦਿੱਲੀ ਰੋਡ ਤੋਂ ਟਰੈਕਟਰ ਮਾਰਚ ਕੀਤਾ ਜਾਵੇਗਾ। ਹਰਿਆਣਾ ਦੇ ਸਾਰੇ ਟੋਲ ਪਲਾਜ਼ਾ ਅੱਜ ਫ੍ਰੀ ਰਹੇ ਹਨ, ਪੰਜਾਬ ਵਿੱਚ ਸਾਰੇ ਟੋਲ ਪਲਾਜ਼ੇ 1 ਅਕਤੂਬਰ ਤੋਂ ਹੀ ਫ੍ਰੀ ਚੱਲ ਰਹੇ ਹਨ। 14 ਦਸੰਬਰ ਨੂੰ ਸਾਰੇ ਦੇਸ਼ ਦੇ ਡੀਸੀ ਦਫ਼ਤਰਾਂ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। 14 ਦਸੰਬਰ ਨੂੰ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਲੀਡਰ ਧਰਨੇ ‘ਤੇ ਲਗਾਈ ਗਈ ਸਟੇਜ ‘ਤੇ ਸਵੇਰੇ 8 ਤੋਂ ਲੈ ਕੇ 5 ਵਜੇ ਤੱਕ ਭੁੱਖ ਹੜਤਾਲ ‘ਤੇ ਬੈਠਣਗੇ।
ਸਾਡੀਆਂ ਹੋਰ ਵੀ ਮੰਗਾਂ ਹਨ ਪਰ ਸਾਡਾ ਅੰਦੋਲਨ ਇਨ੍ਹਾਂ ਤਿੰਨ ਕਾਨੂੰਨਾਂ ‘ਤੇ ਕੇਂਦਰਿਤ ਹੈ। ਸਾਨੂੰ ਖੇਤੀ ਕਾਨੂੰਨਾਂ ਵਿੱਚ ਸੋਧਾਂ ਮਨਜ਼ੂਰ ਨਹੀਂ ਹਨ, ਅਸੀਂ ਖੇਤੀ ਕਾਨੂੰਨ ਸਿਰਫ ਰੱਦ ਹੀ ਕਰਵਾਉਣੇ ਹਨ। ਜੇ ਸਰਕਾਰ ਬੁਲਾਵੇ ਤਾਂ ਅਸੀਂ ਬੈਠਕ ਕਰਾਂਗੇ ਪਰ ਗੱਲਬਾਤ ਦਾ ਮੁੱਦਾ ਖੇਤੀ ਕਾਨੂੰਨ ਰੱਦ ਕਰਨ ਦਾ ਹੀ ਹੋਵੇਗਾ।
ਕਿਸਾਨ ਜਥੇਬੰਦੀਆਂ ਨੇ ਮਹਿਲਾਵਾਂ ਨੂੰ ਵੀ ਕਿਸਾਨੀ ਅੰਦੋਲਨ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੇ ਲਈ ਰਹਿਣ ਅਤੇ ਪਖਾਨੇ ਦਾ ਪ੍ਰਬੰਧ ਉਹ ਖ਼ੁਦ ਕਰਨਗੇ। ਔਰਤਾਂ ਨੂੰ ਕਿਸਾਨੀ ਅੰਦੋਲਨ ਵਿੱਚ ਸ਼ਾਮਿਲ ਕਰਕੇ ਇਸ ਅੰਦੋਲਨ ਨੂੰ ਹੋਰ ਵੱਡਾ ਕਰਾਂਗੇ।
ਕਿਸਾਨਾਂ ਨੇ ਕਿਹਾ ਕਿ ਸਰਕਾਰ ਕਿਸਾਨੀ ਅੰਦੋਲਨ ਨੂੰ ਕਮਜ਼ੋਰ ਕਰਨ ਦੇ ਲਈ ਸਾਡੇ ਮੁੱਦਿਆਂ ਨੂੰ ਲਟਕਾਉਣਾ ਚਾਹੁੰਦੀ ਹੈ ਪਰ ਸਾਡੇ ਪਿੰਡਾਂ ਤੋਂ ਲੋਕ ਚੱਲ ਰਹੇ ਹਨ, ਲਗਾਤਾਰ ਟਰਾਲੀਆਂ ਸਾਡੇ ਕੋਲ ਪਹੁੰਚ ਰਹੀਆਂ ਹਨ। ਖਨੌਰੀ ਬਾਰਡਰ ‘ਤੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਲੀ ਆਉਣ ਤੋਂ ਰੋਕਣ ਦੇ ਲਈ ਮੁੜ ਬੈਰੀਕੇਡਿੰਗ ਕੀਤੀ ਗਈ ਹੈ, ਪਰ ਕਿਸਾਨ ਬੈਰੀਕੇਡਿੰਗ ਤੋੜ ਕੇ ਅੱਗੇ ਨਿਕਲ ਆਏ ਹਨ। ਅਸੀਂ ਸਰਕਾਰ ਦਾ ਹਰ ਯਤਨ ਫੇਲ ਕਰਾਂਗੇ, ਅਸੀਂ ਆਪਣੇ ਅੰਦੋਲਨ ਨੂੰ ਸ਼ਾਤੀਪੂਰਨ ਰੱਖਾਂਗੇ। ਕਿਸਾਨੀ ਅੰਦੋਲਨ ਜਿੱਤ ਤੱਕ ਜਾਰੀ ਰਹੇਗਾ।
ਹਾਲਾਂਕਿ ਪੁਲਿਸ ਨੇ ਮੁੜ ਨਾਕੇ ਲਾ ਦਿੱਤੇ ਹਨ, ਪਰ ਕਿਸਾਨਾਂ ਨੇ ਕਿਹਾ ਕਿ ਇਸ ਤਰਾਂ ਨਾ ਕਰੋ ਨਹੀਂ ਤਾਂ ਪਿਛਲੇ ਰਾਹ ਵੀ ਜਾਮ ਹੋਣਗੇ, ਅਤੇ ਕਿਸਾਨਾਂ ਨੇ ਸਰਕਾਰ ਨੇ ਚਿਤਾਵਨੀ ਦਿੱਤੀ ਕਿ ਅੰਦੋਲਨ ਹੋਰ ਰੁੱਖ ਨਾ ਲੈ ਲਵੇ। ਗੁਰਨਾਮ ਸਿੰਘ ਚੜੂਨੀ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਖੇਤੀ ਕਾਨੂੰਨਾਂ ਨੂੰ ਰੱਦ ਨਾ ਕੀਤਾ ਗਿਆ ਤਾਂ ਉਹ 19 ਦਸੰਬਰ ਨੂੰ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਭੁੱਖ ਹੜਤਾਲ ਕਰਨਗੇ।