India Khetibadi Punjab

ਕਿਸਾਨਾਂ ਦਾ ਦਿੱਲੀ ’ਚ ਵੱਡਾ ਐਲਾਨ! 26 ਨੂੰ ਦੱਖਣੀ ਭਾਰਤ ਦੇ ਕਈ ਸੂਬਿਆਂ ਵਿੱਚ ਹੋਣਗੇ ਵੱਡੇ ਐਕਸ਼ਨ

ਬਿਉਰੋ ਰਿਪੋਰਟ: ਅੱਜ ਦਿੱਲੀ ਦੇ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਵਿਖੇ ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ (ਭਾਰਤ) ਦੀ ਮੀਟਿੰਗ ਹੋਈ, ਜਿਸ ਵਿਚ ਦੱਖਣੀ ਭਾਰਤ ਸਮੇਤ ਦੇਸ਼ ਦੇ ਕਈ ਰਾਜਾਂ ਦੇ ਕਿਸਾਨ ਆਗੂ ਹਾਜ਼ਰ ਹੋਏ। ਇਸ ਵਿੱਚ ਫੈਸਲਾ ਕੀਤਾ ਗਿਆ ਕਿ 26 ਨਵੰਬਰ ਨੂੰ ਜਗਜੀਤ ਸਿੰਘ ਡੱਲੇਵਾਲ ਦੀ ਮਰਨ ਤੱਕ ਭੁੱਖ ਹੜਤਾਲ ਦੇ ਸਮਰਥਨ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਸਮੇਤ ਕਈ ਰਾਜਾਂ ਤੋਂ ਕਿਸਾਨ ਅਤੇ ਮਜ਼ਦੂਰ 26 ਨੂੰ ਖਨੌਰੀ ਮੋਰਚੇ ’ਤੇ ਪੁੱਜਣਗੇ। ਇਸਦੇ ਨਾਲ ਹੀ ਕਰਨਾਟਕ, ਤਾਮਿਲਨਾਡੂ, ਤੇਲੰਗਾਨਾ ਸਮੇਤ ਦੱਖਣੀ ਭਾਰਤ ਦੇ ਕਈ ਰਾਜਾਂ ਵਿੱਚ ਡੱਲੇਵਾਲ ਦੇ ਮਰਨ ਵਰਤ ਦੇ ਸਮਰਥਨ ਵਿੱਚ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਸ਼ਾਂਤਮਈ ਪ੍ਰਦਰਸ਼ਨ ਕੀਤੇ ਜਾਣਗੇ।

ਮੀਟਿੰਗ ਤੋਂ ਬਾਅਦ, SKM ਗੈਰ-ਸਿਆਸੀ ਅਤੇ KMM ਦੋਵਾਂ ਮੰਚਾਂ ਵੱਲੋਂ ਪ੍ਰੈਸ ਕਲੱਬ ਇੰਡੀਆ ਦਿੱਲੀ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਵਿੱਚ ਕਿਸਾਨ ਆਗੂਆਂ ਨੇ ਬਠਿੰਡਾ ’ਚ ਭਾਰਤਮਾਲਾ ਪ੍ਰੋਜੈਕਟ ਦਾ ਵਿਰੋਧ ਕਰ ਰਹੇ ਕਿਸਾਨਾਂ ’ਤੇ ਪੰਜਾਬ ਸਰਕਾਰ ਵੱਲੋਂ ਕੀਤੇ ਲਾਠੀਚਾਰਜ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਦੱਸਿਆ ਕਿ ਜਗਜੀਤ ਸਿੰਘ ਡੱਲੇਵਾਲ 26 ਨਵੰਬਰ ਤੋਂ ਖਨੌਰੀ ਮੋਰਚੇ ’ਤੇ ਮਰਨ ਵਰਤ ’ਤੇ ਬੈਠ ਰਹੇ ਹਨ, ਉਸੇ ਦਿਨ ਖਨੌਰੀ ਮੋਰਚੇ ਵੱਲੋਂ ਹੋਰ ਵੀ ਵੱਡੇ ਐਲਾਨ ਕੀਤੇ ਜਾਣਗੇ।

ਮੋਰਚੇ ਨੇ ਕਿਹਾ ਕਿ ਭਾਰਤ ਸਰਕਾਰ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰੇ। ਜੇ ਸਰਕਾਰ ਨੇ ਸਾਡੀਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਤਾਂ 6 ਦਸੰਬਰ ਨੂੰ ਸ਼ੰਭੂ ਮੋਰਚੇ ਤੋਂ ਕਿਸਾਨਾਂ ਦਾ ਇੱਕ ਜਥਾ ਸ਼ਾਂਤਮਈ ਢੰਗ ਨਾਲ ਦਿੱਲੀ ਵੱਲ ਵਧੇਗਾ। 25 ਨਵੰਬਰ ਤੋਂ ਸੰਸਦ ਦਾ ਸੈਸ਼ਨ ਸ਼ੁਰੂ ਹੋ ਰਿਹਾ ਹੈ। ਸੱਤਾਧਾਰੀ ਧਿਰ ਆਪਣੇ ਵਾਅਦਿਆਂ ਨੂੰ ਪੂਰਾ ਕਰਦੇ ਹੋਏ ਕਿਸਾਨਾਂ ਦੀਆਂ ਮੰਗਾਂ ਨੂੰ ਲਾਗੂ ਕਰੇ ਤੇ ਵਿਰੋਧੀ ਪਾਰਟੀਆਂ ਵੀ ਕਿਸਾਨਾਂ ਦੀਆਂ ਮੰਗਾਂ ਨੂੰ ਸੰਸਦ ਵਿੱਚ ਰੱਖਣ ਅਤੇ ਐਮਐਸਪੀ ਖਰੀਦ ਗਾਰੰਟੀ ਐਕਟ ’ਤੇ ਇੱਕ ਪ੍ਰਾਈਵੇਟ ਮੈਂਬਰ ਬਿੱਲ ਲਿਆਉਣ।

ਇਸ ਦੌਰਾਨ ਕਰਨਾਟਕ ਤੋਂ ਕੁਰੂਬਰੂ ਸ਼ਾਂਤਾ ਕੁਮਾਰ, ਤਾਮਿਲਨਾਡੂ ਤੋਂ ਪੀਆਰ ਪਾਂਡਿਅਨ, ਮੈਡਮ ਸੁਧਾ ਨੇ ਦੱਸਿਆ ਕਿ 26 ਨਵੰਬਰ ਤੋਂ ਖਨੋਰੀ ਸਰਹੱਦ ’ਤੇ ਰੱਖੇ ਜਾ ਰਹੇ ਮਰਨ ਵਰਤ ਨੂੰ ਮਜ਼ਬੂਤ ​​ਕਰਨ ਲਈ ਅਤੇ ਅੰਦੋਲਨ ਨੂੰ ਦੇਸ਼ ਵਿਆਪੀ ਬਣਾਉਣ ਲਈ ਦੱਖਣੀ ਭਾਰਤ ਦੇ ਕਈ ਰਾਜਾਂ ਵਿੱਚ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਸ਼ਾਂਤਮਈ ਪ੍ਰਦਰਸ਼ਨ ਕੀਤੇ ਜਾਣਗੇ!

ਦੱਸ ਦੇਈਏ 13 ਫਰਵਰੀ ਤੋਂ ਕਿਸਾਨ ਸ਼ੰਭੂ, ਖਨੌਰੀ ਅਤੇ ਰਤਨਪੁਰ ਮੋਰਚਿਆਂ ’ਤੇ 9 ਮਹੀਨਿਆਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਹਨ ਪਰ ਸਰਕਾਰ ਕਿਸਾਨਾਂ ਦੀਆਂ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਨਹੀਂ ਕਰ ਰਹੀ। ਇਨ੍ਹਾਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਸੀਨੀਅਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ 26 ਨਵੰਬਰ ਤੋਂ ਮਰਨ ਤੱਕ ਭੁੱਖ ਹੜਤਾਲ ’ਤੇ ਬੈਠ ਰਹੇ ਹਨ।