ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੁੱਖ ਮੰਗਾਂ ਮੰਨਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਪਹਿਲੀ ਸਤੰਬਰ ਤੋਂ ਚੰਡੀਗੜ੍ਹ ਸਰਹੱਦ ’ਤੇ ਚੱਲ ਰਿਹਾ ਕਿਸਾਨ ਮੋਰਚਾ ਲੰਘੇ ਕੱਲ੍ਹ ਸਫਲਤਾਪੂਰਵਕ ਸਮਾਪਤ ਹੋ ਗਿਆ।
ਨਾਅਰਿਆਂ ਅਤੇ ਜਿੱਤ ਦੇ ਜਸ਼ਨ ਵਿਚਕਾਰ ਹਜ਼ਾਰਾਂ ਕਿਸਾਨ ਸ਼ਾਮ ਨੂੰ ਆਪਣੇ ਘਰਾਂ ਵੱਲ ਰਵਾਨਾ ਹੋ ਗਏ। ਐਤਵਾਰ ਸ਼ਾਮ ਨੂੰ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਕਿਸਾਨ ਆਗੂਆਂ ਵਿਚਾਲੇ ਲਗਭਗ ਢਾਈ ਘੰਟੇ ਚੱਲੀ ਮੀਟਿੰਗ ਤੋਂ ਬਾਅਦ ਸਹਿਮਤੀ ਬਣੀ ਸੀ।
ਸਰਕਾਰ ਵੱਲੋਂ ਪ੍ਰਵਾਨ ਕੀਤੀਆਂ ਮੰਗਾਂ ਵਾਲਾ ਲਿਖਤੀ ਪੱਤਰ ਕਿਸਾਨ ਜਥੇਬੰਦੀਆਂ ਨੂੰ ਸੌਂਪਿਆ ਗਿਆ। ਕੁਝ ਤਰੁੱਟੀਆਂ ਕਾਰਨ ਪੱਤਰ ਕਈ ਵਾਰ ਘੁੰਮਦਾ ਰਿਹਾ ਪਰ ਦੁਪਹਿਰ ਦੋ ਵਜੇ ਤੱਕ ਸਾਰੀਆਂ ਮੰਗਾਂ ਦਰਜ ਹੋਣ ਉਪਰੰਤ ਕਿਸਾਨਾਂ ਨੇ ਇਸ ਨੂੰ ਸਵੀਕਾਰ ਕਰ ਲਿਆ। ਮੰਤਰੀ ਖੁੱਡੀਆਂ ਖੁਦ ਧਰਨੇ ਦੇ ਪੰਡਾਲ ਵਿੱਚ ਪਹੁੰਚੇ ਅਤੇ ਬਲਬੀਰ ਸਿੰਘ ਰਾਜੇਵਾਲ, ਹਰਮੀਤ ਸਿੰਘ ਕਾਦੀਆਂ, ਰਮਿੰਦਰ ਸਿੰਘ ਪਟਿਆਲਾ ਤੇ ਦਲਬੀਰ ਸਿੰਘ ਸਿੱਧੂਪੁਰ ਨੂੰ ਪੱਤਰ ਸੌਂਪਿਆ।
ਉਨ੍ਹਾਂ ਐਲਾਨ ਕੀਤਾ ਕਿ ਇੱਕ ਮਹੀਨੇ ਅੰਦਰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਪਾਣੀਆਂ ਦੇ ਗ਼ੈਰ-ਸੰਵਿਧਾਨਕ ਸਮਝੌਤੇ ਰੱਦ ਕਰਨ ਅਤੇ ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78, 79 ਤੇ 80 ਰੱਦ ਕਰਨ ਦਾ ਮਤਾ ਪਾਸ ਕਰ ਕੇ ਕੇਂਦਰ ਨੂੰ ਭੇਜਿਆ ਜਾਵੇਗਾ। ਡੈਮ ਸੇਫਟੀ ਐਕਟ ਅਤੇ ਬੀਜ ਬਿੱਲ-2025 ਰੱਦ ਕਰਨ ਲਈ ਵੀ ਮਤੇ ਪਾਸ ਕੀਤੇ ਜਾਣਗੇ। ਸਹਿਕਾਰੀ ਬੈਂਕਾਂ ਤੇ ਸੁਸਾਇਟੀਆਂ ਦੇ ਕਰਜ਼ਿਆਂ ਦੀ ਰਕਮ ਵਾਪਸ ਕਰਵਾਉਣ ਲਈ ਵਿਰੋਧੀ ਧਿਰਾਂ ਨਾਲ ਸਲਾਹ ਕਰ ਕੇ ਯਕਮੁਸ਼ਤ ਨਿਪਟਾਰਾ ਸਕੀਮ ਲਈ ਕਮੇਟੀ ਬਣਾਈ ਜਾਵੇਗੀ। ਗੰਨੇ ਦੇ ਭਾਅ ਵਧਾਏ ਜਾਣਗੇ ਅਤੇ ਪ੍ਰਾਈਵੇਟ ਖੰਡ ਮਿੱਲਾਂ ਦੀ ਬਕਾਇਆ ਰਾਸ਼ੀ ਦਾ ਸਮਾਂ-ਬੱਧ ਭੁਗਤਾਨ ਇੱਕ-ਖਿੜਕੀ ਪ੍ਰਣਾਲੀ ਰਾਹੀਂ ਯਕੀਨੀ ਬਣਾਇਆ ਜਾਵੇਗਾ। ਬਾਕੀ ਮੰਗਾਂ ਲਈ ਵੀ ਕਿਸਾਨ ਨੁਮਾਇੰਦਿਆਂ ਸਮੇਤ ਕਮੇਟੀ ਬਣਾਈ ਜਾਵੇਗੀ।
ਕਿਸਾਨ ਆਗੂ ਰਾਜੇਵਾਲ ਤੇ ਕਾਦੀਆਂ ਨੇ ਇਸ ਨੂੰ ਕਿਸਾਨ ਸੰਘਰਸ਼ ਦੀ ਵੱਡੀ ਜਿੱਤ ਕਿਹਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿੱਚ ਮਤੇ ਪਾਸ ਹੋਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਕੇਂਦਰ ਸਰਕਾਰ ਨੂੰ ਵੀ ਇਨ੍ਹਾਂ ਮੰਗਾਂ ਮੰਨਣ ਲਈ ਮਜਬੂਰ ਕਰੇਗਾ ਅਤੇ ਕੇਂਦਰ ਖ਼ਿਲਾਫ਼ ਅਗਲੀ ਲੜਾਈ ਜਾਰੀ ਰੱਖੇਗਾ। ਆਗੂਆਂ ਨੇ ਪੰਜਾਬ ਭਰ ਤੋਂ ਆਏ ਕਿਸਾਨਾਂ, ਮੁਹਾਲੀ-ਚੰਡੀਗੜ੍ਹ ਦੇ ਨਾਗਰਿਕਾਂ, ਡਾ. ਸਵੈਮਾਨ ਸਿੰਘ ਦੀ ਮੈਡੀਕਲ ਟੀਮ, ਲੰਗਰ ਕਮੇਟੀਆਂ, ਪੁਲੀਸ, ਸਿਵਲ ਪ੍ਰਸ਼ਾਸ਼ਨ, ਮਾਰਕੀਟ ਐਸੋਸੀਏਸ਼ਨਾਂ ਤੇ ਮੀਡੀਆ ਦਾ ਧੰਨਵਾਦ ਕੀਤਾ। ਇਸ ਮੌਕੇ ਹਰਿੰਦਰ ਸਿੰਘ ਲੱਖੋਵਾਲ, ਮਨਜੀਤ ਸਿੰਘ ਧਨੇਰ, ਬੂਟਾ ਸਿੰਘ ਬੁਰਜਗਿੱਲ, ਗੁਰਮੀਤ ਸਿੰਘ ਮਹਿਮਾ, ਹਰਭਜਨ ਸਿੰਘ ਬੁੱਟਰ, ਡਾ. ਸਤਨਾਮ ਸਿੰਘ ਅਜਨਾਲਾ, ਪ੍ਰੇਮ ਸਿੰਘ ਭੰਗੂ ਸਮੇਤ ਬਹੁਤ ਸਾਰੇ ਆਗੂ ਮੌਜੂਦ ਸਨ।
ਰਾਜੇਵਾਲ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਘਰ ਜਾਣ ਵੇਲੇ ਆਰਾਮ ਨਾਲ ਟਰੈਕਟਰ ਚਲਾਓ, ਓਵਰਟੇਕ ਨਾ ਕਰੋ ਤੇ ਰਾਹ ਵਿੱਚ ਅੜਿੱਕਾ ਨਾ ਬਣਾਓ। ਮਾਝੇ ਖੇਤਰ ਦੇ ਕਿਸਾਨ ਸਵੇਰੇ ਤੁਰ ਜਾਣ ਜਾਂ ਰਸਤੇ ਵਿੱਚ ਰੁਕ ਜਾਣ। ਖੁਸ਼ੀ ਵਿੱਚ ਦਾਰੂ ਪੀ ਕੇ ਵਾਹਨ ਨਾ ਚਲਾਓ; ਜੇ ਪੀਣੀ ਹੋਵੇ ਤਾਂ ਘਰ ਜਾ ਕੇ ਪੀਓ। ਜਦੋਂ ਤੱਕ ਸਾਰੇ ਸੁੱਖੀ-ਸਾਂਦੀ ਘਰ ਨਾ ਪਹੁੰਚਣ, ਲੀਡਰਾਂ ਦੀ ਜ਼ਿੰਮੇਵਾਰੀ ਬਣਦੀ ਹੈ। ਕਾਦੀਆਂ ਨੇ ਲੰਗਰਾਂ ਤੇ ਟਰਾਲੀਆਂ ਆਲੇ-ਦੁਆਲੇ ਸਫ਼ਾਈ ਕਰ ਕੇ ਜਾਣ ਨੂੰ ਕਿਹਾ।

