India Punjab

ਸਿੰਘੂ ਬਾਰਡਰ ‘ਤੇ ਧੜਾਧੜ ਚੱਲ ਰਹੀ ਸਫ਼ਾਈ ਮੁਹਿੰਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਂਦਰ ਸਰਕਾਰ ਵੱਲੋਂ ਆਪਣੀਆਂ ਮੰਗਾਂ ਮੰਨਵਾ ਕੇ ਕੱਲ੍ਹ ਕਿਸਾਨਾਂ ਵੱਲੋਂ ਜੇਤੂ ਮਾਰਚ ਦੇ ਰੂਪ ਵਿੱਚ ਪੰਜਾਬ ਨੂੰ ਵਾਪਸੀ ਕੀਤੀ ਗਈ ਹੈ। ਪਿੱਛੇ ਰਹਿ ਗਏ ਕਿਸਾਨਾਂ, ਵਲੰਟੀਅਰਾਂ, ਡਾਕਟਰਾਂ ਵੱਲੋਂ ਦਿੱਲੀ ਦੀਆਂ ਸੜਕਾਂ ਦੀ ਸਫਾਈ ਵੀ ਕੀਤੀ ਜਾ ਰਹੀ ਹੈ ਜਿੱਥੇ ਕਿਸਾਨਾਂ ਨੇ ਟੈਂਟ ਲਗਾਏ ਹੋਏ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਸਰਕਾਰ ਨੂੰ ਇਹ ਕਹਿਣ ਦਾ ਮੌਕਾ ਨਹੀਂ ਦੇਣਾ ਚਾਹੁੰਦੇ ਕਿ ਕਿਸਾਨ ਮਗਰੋਂ ਦਿੱਲੀ ਦੀਆਂ ਸੜਕਾਂ ਉੱਤੇ ਗੰਦ ਪਾ ਕੇ ਚਲੇ ਗਏ ਹਨ।

ਟਿਕਰੀ-ਸਿੰਘੂ ਬਾਰਡਰ ਉੱਤੇ ਸਫਾਈ ਮੁਹਿੰਮ ਚੱਲ ਰਹੀ ਹੈ। ਟਿਕਰੀ ਬਾਰਡਰ ‘ਤੇ ਡਾ.ਸਵਾਇਮਾਨ ਸਿੰਘ ਦੀ ਟੀਮ ਸਫਾਈ ਕਰ ਰਹੀ ਹੈ ਅਤੇ ਸਿੰਘੂ ਬਾਰਡਰ ਉੱਤੇ ਲਾਈਫ ਕੇਅਰ ਫਾਊਂਡੇਸ਼ਨ, ਸਵੱਛ ਕਿਸਾਨ ਮੋਰਚਾ, ਖ਼ਾਲਸਾ ਏਡ ਵੱਲੋਂ ਸਫਾਈ ਕੀਤੀ ਜਾ ਰਹੀ ਹੈ। ਇਨ੍ਹਾਂ ਵੱਲੋਂ ਕਰੇਨਾ ਦੀ ਮਦਦ ਦੇ ਨਾਲ ਸੜਕਾਂ ਤੋਂ ਵੱਡੇ-ਵੱਡੇ ਪੱਥਰ ਹਟਾਏ ਜਾ ਰਹੇ ਹਨ। ਸੜਕਾਂ ਨੂੰ ਪਹਿਲਾਂ ਵਾਂਗ ਕੀਤਾ ਜਾ ਰਿਹਾ ਹੈ। 20 ਤੋਂ ਵੱਧ ਜੇਸੀਬੀ ਅਤੇ 100 ਤੋਂ ਵੱਧ ਵਲੰਟੀਅਰਾਂ ਵੱਲੋਂ ਸਫ਼ਾਈ ਕੀਤੀ ਜਾ ਰਹੀ ਹੈ।