ਖਨੌਰੀ ਸਰਹੱਦ ‘ਤੇ ਭੁੱਖ ਹੜਤਾਲ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਅੱਜ 62ਵਾਂ ਦਿਨ ਹੈ। ਗਲੂਕੋਜ਼ ਦੇਣ ਅਤੇ ਡਾਕਟਰੀ ਇਲਾਜ ਕਰਵਾਉਣ ਤੋਂ ਬਾਅਦ, ਉਹਨਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ।
ਕਿਸਾਨੀ ਮੰਗਾਂ ਨੂੰ ਲੈ ਕੇ ਚਲ ਰਹੇ ਸੰਘਰਸ਼ ਦੇ ਤਹਿਤ ਅੱਜ ਕਿਸਾਨਾਂ ਵੱਲੋਂ ਗਣਤੰਤਰ ਦਿਵਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਤੇ ਸ਼ੰਭੂ ਅਤੇ ਖਨੌਰੀ ਮੋਰਚੇ ਦੇ ਹੱਕ ਵਿੱਚ ਪੰਜਾਬ ਵਿੱਚ 200 ਦੇ ਕਰੀਬ ਵੱਖ-ਵੱਖ ਥਾਵਾਂ ‘ਤੇ ਕਿਸਾਨਾਂ ਨੇ ਟਰੈਕਟਰ ਮਾਰਚ ਕੱਢਿਆ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਟਰੈਕਟਰ ਲੈ ਕੇ ਕਿਸਾਨ ਪਹੁੰਚੇ। ਅਜਿਹਾ ਹੀ ਵਿਰੋਧ ਗੁਆਂਢੀ ਰਾਜ ਹਰਿਆਣਾ ਵਿੱਚ ਵੀ ਦੇਖਿਆ ਗਿਆ।
ਹਰਿਆਣਾ ਦੇ ਅੰਬਾਲਾ ਵਿੱਚ ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਹਿੱਸਾ ਲਿਆ. ਦੇਸ਼ ਵਿਆਪੀ ਟਰੈਕਟਰ ਮਾਰਚ ਦੇ ਸੱਦੇ ‘ਤੇ ਕਿਸਾਨਾਂ ਨੇ ਟਰੈਕਟਰ ਮਾਰਚ ਰਾਹੀਂ ਭਾਜਪਾ ਦੇ ਮੰਤਰੀਆਂ ਦੇ ਘਰਾਂ, BJP ਦੇ ਦਫ਼ਤਰਾਂ ਅਤੇ ਅਡਾਨੀ ਅੰਬਾਨੀਆਂ ਦੇ ਸ਼ਾਪਿੰਗ ਮਾਲਾਂ ਦੇ ਬਾਹਰ ਆਪਣੇ ਟਰੈਕਟਰ ਖੜ੍ਹੇ ਕਰਕੇ ਕੇਂਦਰ ਸਰਕਾਰ ਖਿਲਾਫ਼ ਵਿਰੋਧ ਪ੍ਰਗਟਾਇਆ ਗਿਆ। ਪਟਿਆਲਾ ਦੇ ਪਾਤੜਾ, ਸਮਾਣਾ, ਭਦਾਸੋਂ, ਰਾਜਪੁਰਾ, ਘਨੌਰ, ਦੇਵੀਗੜ੍ਹ ਸਮੇਤ ਕਰੀਬ 9 ਥਾਵਾਂ ਉਤੇ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ।
ਕਿਸਾਨਾਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਟਰੈਕਟਰ ਮਾਰਚ ਰਾਹੀਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਲੋਕਾਂ ਵਿੱਚ ਪ੍ਰਚਾਰ ਕਰ ਰਹੀ ਹੈ ਕਿ ਕਿਸਾਨਾਂ ਨੂੰ ਬਹੁਤ ਕੁਝ ਮਿਲ ਰਿਹਾ ਹੈ। ਲੋਕਾਂ ਨੂੰ ਗਲਤ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਜੇਕਰ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਪੂਰੀ ਹੋ ਜਾਂਦੀ ਹੈ, ਤਾਂ ਫਸਲਾਂ ਦੀਆਂ ਕੀਮਤਾਂ ਵਧ ਜਾਣਗੀਆਂ। ਅਸਲ ਵਿੱਚ ਅਜਿਹਾ ਕੁਝ ਵੀ ਨਹੀਂ ਹੈ। ਕਿਸਾਨਾਂ ਦਾ ਅੱਜ ਦਾ ਐਲਾਨ ਸੀ ਕਿ ਸੰਸਦ ਮੈਂਬਰਾਂ ਦੇ ਘਰਾਂ ਦੇ ਬਾਹਰ ਪ੍ਰਦਰਸ਼ਨ ਕੀਤੇ ਜਾਣਗੇ। ਇਸ ਤੋਂ ਇਲਾਵਾ ਕਿਸਾਨ 13 ਫਰਵਰੀ ਨੂੰ ਜੀਂਦ ਵਿੱਚ ਇੱਕ ਕਾਨਫਰੰਸ ਕਰਨਗੇ।
ਇਸੇ ਤਰ੍ਹਾਂ ਫਿਰੋਜ਼ਪੁਰ ਵਿੱਚ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ ਜੋ ਕਿ ਛਾਉਣੀ ਦਾਣਾ ਮੰਤਰੀ ਤੋਂ ਸ਼ੁਰੂ ਹੋ ਕੇ ਸ਼ੇਰਸ਼ਾਹ ਵਾਲੀ ਚੌਂਕ ਉਤੇ ਪਹੁੰਚ ਕੇ ਸਮਾਪਤ ਹੋਇਆ। ਸ੍ਰੀ ਚਮਕੌਰ ਸਾਹਿਬ ਵਿਖੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਟਰੈਕਟਰ ਮਾਰਚ ਕੀਤਾ ਗਿਆ, ਜਿਸ ਵਿੱਚ 500 ਤੋਂ ਜ਼ਿਆਦਾ ਟਰੈਕਟਰ ਸ਼ਾਮਲ ਹੋਏ। ਇਸ ਤੋਂ ਇਲਾਵਾ ਫਗਵਾੜਾ ਵਿੱਚ ਸ਼ੂਗਰ ਮਿਲ ਚੌਂਕ, ਮੋਹਾਲੀ ਦੇ ਨਿਊ ਚੰਡੀਗੜ੍ਹ ਦੇ ਬੜੌਦੀ ਟੋਲ ਪਲਾਜ਼ਾ, ਲੁਧਿਆਣਾ ਚੰਡੀਗੜ੍ਹ ਮੁੱਖ ਮਾਰਗ ਸਥਿਤ ਕੁਹਾੜਾ ਚੌਂਕ ਵਿਖੇ ਅਤੇ ਲੁਧਿਆਣਾ ਵਿੱਚ ਜਲੰਧਰ ਬਾਈਪਾਸ ਤੋਂ ਕੇਂਦਰ ਸਰਕਾਰ ਵਿਰੁੱਧ ਟਰੈਕਟਰ ਰੋਸ ਮਾਰਚ ਕੱਢਿਆ ਗਿਆ।
ਅੰਮ੍ਰਿਤਸਰ ਵਿੱਚ ਕਿਸਾਨ ਆਗੂ ਪਰਮਿੰਦਰ ਸਿੰਘ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਇੱਕ ਵੱਡੀ ਲੜਾਈ ਲੜੀ ਜਾਵੇਗੀ। ਇਸ ਵਿੱਚ ਹਰ ਵਰਗ ਦੇ ਕਿਸਾਨ, ਮਜ਼ਦੂਰ, ਕਰਮਚਾਰੀ, ਦੁਕਾਨਦਾਰ ਅਤੇ ਫੈਕਟਰੀ ਵਰਕਰ ਸ਼ਾਮਲ ਹੋਣਗੇ। ਜਿਹੜੇ ਖੇਤੀਬਾੜੀ ਕਾਨੂੰਨਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਨ੍ਹਾਂ ਨੂੰ ਵਾਪਸ ਕਰਵਾਇਆ ਜਾਵੇਗਾ।
ਸੰਯੁਕਤ ਕਿਸਾਨ ਮੋਰਚਾ ਇਸ ਸੰਘਰਸ਼ ਨੂੰ ਇੱਕਜੁੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਕਿ ਜਲਦੀ ਹੀ ਹੋਵੇਗਾ ਅਤੇ ਟਰੈਕਟਰਾਂ ਦੇ ਮੂੰਹ ਦਿੱਲੀ ਵੱਲ ਮੁੜਨਗੇ। ਇਸ ਤੋਂ ਇਲਾਵਾ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਹੁਸ਼ਿਆਰਪੁਰ- ਜਲੰਧਰ ਰੋਡ ‘ਤੇ ਅੱਡਾ ਮੰਡਿਆਲਾਂ ਵਿਖੇ ਆਪਣੇ ਟਰੈਕਟਰ ਖੜੇ ਕਰਕੇ ਨਾਅਰੇਬਾਜ਼ੀ ਕੀਤੀ ਗਈ।
ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਅੱਜ ਪਟਿਆਲਾ ‘ਚ ਜਦੋਂ ਝੰਡਾ ਲਹਿਰਾਇਆ ਤਾ ਆਪਣੇ ਭਾਸ਼ਣ ‘ਚ ਕਿਸਾਨਾਂ ਦੀ ਗੱਲ ਕੀਤੀ. ਉਨ੍ਹਾਂ ਕਿਹਾ ਕਿ ਦੇਸ਼ ਨੂੰ ਭੁੱਖਮਰੀ ਤੋਂ ਬਚਾਉਣ ਵਾਲਾ ਪੰਜਾਬ ਦਾ ਅੰਨਦਾਤਾ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ‘ਤੇ ਬੈਠਾ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕਰੇ, ਤਾਂ ਜੋ ਕਿਸਾਨਾਂ ਦੇ ਟਰੈਕਟਰਾਂ ਦਾ ਮੂੰਹ ਦਿੱਲੀ ਵੱਲ ਨਹੀਂ ਸਗੋਂ ਆਪਣੇ ਖੇਤਾਂ ਵੱਲ ਨੂੰ ਹੋਵੇ। ਸੋ ਕੁੱਲ ਮਿਲਾ ਕੇ ਅੱਜ ਕਿਸਾਨਾਂ ਦਾ ਇਹ ਦੇਸ਼ ਵਿਆਪੀ ਟਰੈਕਟਰ ਮਾਰਚ ਸਫਲ ਰਿਹਾ ਅਤੇ ਕਿਸਾਨਾਂ ਨੇ ਇੱਕ ਵਾਰ ਫੇਰ ਕੇਂਦਰ ਸਾਹਮਣੇ ਆਪਣਾ ਵਿਰੋਧ ਦਰਜ ਕਰਵਾ ਦਿੱਤਾ।