Punjab

ਪਟਿਆਲਾ ‘ਚ ਲੱਗੇ ਮੋਦੀ ਅਤੇ ਕਿਸਾਨੀ ਏਕਤਾ ਦੇ ਇੱਕੋ ਵੇਲੇ ਦੋ ਨਾਅਰੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨੀ ਅੰਦੋਲਨ ਦੌਰਾਨ ਕਿਸਾਨਾਂ ਵੱਲੋਂ ਬੀਜੇਪੀ ਲੀਡਰਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਕਿਸਾਨਾਂ ਨੇ ਬੀਜੇਪੀ ਲੀਡਰਾਂ ਦਾ ਪੰਜਾਬ ਵਿੱਚ ਆਉਣਾ ਤਾਂ ਬੰਦ ਹੀ ਕਰ ਦਿੱਤਾ ਹੈ। ਜਿੱਥੇ ਵੀ ਕੋਈ ਬੀਜੇਪੀ ਲੀਡਰ ਆਪਣਾ ਕੋਈ ਪ੍ਰੋਗਰਾਮ ਜਾਂ ਮੀਟਿੰਗ ਕਰਨ ਲਈ ਆਉਂਦਾ ਹੈ, ਕਿਸਾਨਾਂ ਵੱਲੋਂ ਉਸਦਾ ਜ਼ਬਰਦਸਤ ਵਿਰੋਧ ਕੀਤਾ ਜਾਂਦਾ ਹੈ। ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਵੱਲੋਂ ਬੀਜੇਪੀ ਲੀਡਰਾਂ ਦਾ ਵਿਰੋਧ ਕਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਕਿਸਾਨਾਂ ਦੀ ਸਿਰਫ ਇੱਕੋ ਹੀ ਮੰਗ ਹੈ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਜਾਣ।

ਪਟਿਆਲਾ ਦੇ ਸਰਹੱਦੀ ਗੇਟ ਮੁੰਦੇਲਾ ਮੰਦਿਰ ਵਿੱਚ ਭਾਜਪਾ ਦੇ ਲੀਡਰ ਗੁਰਤੇਜ ਸਿੰਘ ਢਿੱਲੋਂ ਦਾ ਕਿਸਾਨਾਂ ਨੇ ਜ਼ਬਰਦਸਤ ਵਿਰੋਧ ਕੀਤਾ ਹੈ। ਇਸ ਦੌਰਾਨ ਕਿਸਾਨਾਂ ਅਤੇ ਬੀਜੇਪੀ ਵਰਕਰਾਂ ਵਿਚਾਲੇ ਆਪਸ ਵਿੱਚ ਝੜਪ ਵੀ ਹੋਈ। ਬੀਜੇਪੀ ਲੀਡਰਾਂ ਵੱਲੋਂ ਮੰਦਿਰ ਵਿੱਚ ਇੱਕ ਮੀਟਿੰਗ ਰੱਖੀ ਗਈ ਸੀ, ਜਿਸਦਾ ਕਿਸਾਨਾਂ ਨੂੰ ਪਤਾ ਲੱਗਦਿਆਂ ਹੀ ਕਿਸਾਨ ਵਿਰੋਧ ਕਰਨ ਲਈ ਪਹੁੰਚ ਗਏ। ਗੁਰਤੇਜ ਢਿੱਲੋਂ ਦੀ ਗੱਡੀ ਉੱਤੇ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਪੁਲਿਸ ਵੱਲੋਂ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਨੇ ਢਿੱਲੋਂ ਨੂੰ ਸਖਤ ਪਹਿਰੇ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ। ਜਿੱਥੇ ਕਿਸਾਨਾਂ ਵੱਲੋਂ ਕਿਸਾਨੀ ਸੰਘਰਸ਼ ਦੇ ਨਾਅਰੇ ਲਾਏ ਗਏ, ਉੱਥੇ ਹੀ ਭਾਜਪਾ ਵਰਕਰਾਂ ਵੱਲੋਂ ਮੋਦੀ ਦੇ ਨਾਅਰੇ ਲਗਾਏ ਗਏ।