ਚੰਡੀਗੜ੍ਹ ਦੇ ਸੈਕਟਰ-35-ਬੀ ਸਥਿਤ ਕਿਸਾਨ ਭਵਨ ਵਿਖੇ ਸਰਦਾਰ ਜਸਵੰਤ ਸਿੰਘ ਮਾਨ ਮੈਮੋਰੀਅਲ ਆਇਡੀਆ ਐਕਸੇਂਜ ਪ੍ਰੋਗਰਾਮ
‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੇ ਮੋਰਚੇ ਵਿੱਚ ਪਿਛਲੇ ਕਰੀਬ 3 ਮਹੀਨੇ ਤੋਂ ਡਟੇ ਕਿਸਾਨਾਂ ਦੇ ਇਸ ਅੰਦੋਲਨ ਦੇ ਹਰ ਵਰਗ ਤੇ ਪੈ ਰਹੇ ਪ੍ਰਭਾਵ ‘ਤੇ ਵਿਚਾਰ ਮੰਥਨ ਕਰਨ ਲਈ ਚੰਡੀਗੜ੍ਹ ਦੇ ਸੈਕਟਰ-35-ਬੀ ਸਥਿਤ ਕਿਸਾਨ ਭਵਨ ਵਿਖੇ ਸਰਦਾਰ ਜਸਵੰਤ ਸਿੰਘ ਮਾਨ ਮੈਮੋਰੀਅਲ ਆਇਡੀਆ ਐਕਸੇਂਜ ਪ੍ਰੋਗਰਾਮ ਕਰਵਾਇਆ ਗਿਆ।
ਇਸ ਮੌਕੇ ਹਰੇਕ ਫੀਲਡ ਨਾਲ ਜੁੜੇ ਸਮਾਜ ਸੇਵੀ, ਬੁੱਧੀਜੀਵੀ ਵਰਗ ਤੇ ਸਮਾਜਿਕ ਚਿੰਤਕਾਂ ਨੇ ਕਿਹਾ ਕਿ ਸਰਕਾਰ ਦੇ ਇੱਕ ਬੰਦੇ ਨੂੰ ਢਾਅ ਕੇ ਇਹ ਲੜਾਈ ਨਹੀਂ ਜਿੱਤ ਹੋਣੀ, ਉਹਦੇ ਪਿੱਛੇ ਲੁੱਕੀ ਹਰ ਤਾਕਤ ਦਾ ਖਾਤਮਾ ਕਰਨਾ ਪਵੇਗਾ, ਜਿਸਦੀ ਨਜਰ ਸਾਡੇ ਬੱਚਿਆਂ ਦੀ ਰੋਜੀ ਰੋਟੀ ਤੇ ਹੈ ਤੇ ਜਿਹੜੇ ਸਾਡੇ ਭਵਿੱਖ ਲਈ ਘਾਤਕ ਸਿੱਧ ਹੋ ਸਕਦੇ ਹਨ। ਇਸ ਇਸ ਮੌਕੇ ਸੀਪੀਆਈ ਦੇ ਡਾ. ਜੋਗਿੰਦਰ ਦਿਆਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰ ਡਾ. ਹਰਸ਼ਿੰਦਰ ਕੌਰ, ਲੇਖਕ, ਐਕਟਰ ਡਾਇਰੈਕਟਰ ਅਮਿਤੋਜ ਮਾਨ, ਐਡਵੋਕੇਟ ਸਿਰਨਜੀਤ ਸਿੰਘ ਨੇ ਖੇਤੀ ਕਾਨੂੰਨਾਂ ਤੇ ਸਰਕਾਰ ਦੇ ਰਵੱਈਏ ਤੇ ਕਿਸਾਨੀ ਅੰਦੋਲਨ ਦੇ ਪ੍ਰਭਾਵ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਡਾ ਹਰਸ਼ਿੰਦਰ ਕੌਰ ਨੇ ਕਿਹਾ ਕਿ ਜਿਵੇਂ ਸਰਕਾਰ ਇੱਕ ਤੋਂ ਬਾਅਦ ਇੱਕ ਮੁੱਦਾ ਇਸ ਅੰਦੋਲਨ ਨਾਲ ਜੋੜ ਰਹੀ ਹੈ, ਉਸੇ ਤਰ੍ਹਾਂ ਦੀ ਤਿਆਰੀ ਸਾਨੂੰ ਵੀ ਵਿੰਢਣੀ ਪਵੇਗੀ। ਬੇਰੁਜਗਾਰੀ ਸਣੇ ਹੋਰ ਕਈ ਮੁੱਦੇ ਸਾਨੂੰ ਵੀ ਸਰਕਾਰ ਦੇ ਮੂਹਰੇ ਰੱਖਣੇ ਪੈਂਣਗੇ, ਇਕੱਲੇ ਖੇਤੀ ਕਾਨੂੰਨਾਂ ਤੇ ਸਰਕਾਰ ਨੂੰ ਘੇਰ ਕੇ ਕੁੱਝ ਨਹੀਂ ਬਣਨਾ।
ਅਦਾਕਾਰ ਤੇ ਬਾਲੀਵੁਡ ਲੇਖਕ ਅਮਿਤੋਜ ਮਾਨ ਨੇ ਕਿਹਾ ਸਾਰਾ ਬਾਲੀਵੁੱਡ ਖੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਦੇ ਨਾਲ ਹੈ। ਜਿਹੜੇ ਖੇਤੀ ਕਾਨੂੰਨਾਂ ਦੇ ਖਿਲਾਫ ਟਵੀਟ ਕਰਕੇ ਸਾਹਮਣੇ ਆਏ ਹਨ, ਉਨ੍ਹਾਂ ਦੀ ਅਸੀਲਅਤ ਤੋਂ ਲੋਕ ਇਨ੍ਹਾਂ ਕਾਨੂੰਨਾਂ ਦੇ ਖਿਲਾਫ ਵਿੰਢੇ ਗਏ ਅੰਦੋਲਨ ਤੋਂ ਪਹਿਲਾਂ ਵੀ ਜਾਣੂੰ ਸਨ। ਸਰਕਾਰ ਨਾਲ ਇਹ ਲੜਾਈ ਕੋਈ ਟਕਰਾਅ ਦੀ ਲੜਾਈ ਨਹੀਂ ਹੈ, ਇਹ ਬੜੀ ਸੂਝਬੂਝ ਨਾਲ ਜਿੱਤੀ ਜਾਵੇਗੀ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਖਿਲਾਫ ਲੜੀ ਜਾ ਰਹੀ ਇਸ ਲੜਾਈ ਵਿੱਚ ਜਾਨਾਂ ਵਾਰੀਆਂ ਹਨ, ਉਨ੍ਹਾਂ ਨੂੰ ਚੇਤੇ ਰੱਖਣਾ ਸਾਡਾ ਫਰਜ ਹੈ। ਉਨ੍ਹਾਂ ਦੀਆਂ ਜਾਨਾਂ ਹੀ ਸਾਡੇ ਇਸ ਅੰਦੋਲਨ ਅੰਦਰ ਜੋਸ਼ ਭਰ ਸਕਦੀਆਂ ਹਨ।