Punjab

ਕਿ ਸਾਨ ਮੋਰਚੇ ਨੇ ਸਿਆਸਤ ‘ਚ ਪੈਰ ਧਰਿਆ, ਪੰਜਾਬ ‘ਚ ਚੋਣਾਂ ਲੜਨ ਦਾ ਐਲਾਨ

‘ਦ ਖਾਲਸ ਬਿਉਰੋ:ਕਿਸਾਨਾਂ ਨੇ ਸਿਆਸੀ ਮਾਹੌਲ ਵਿੱਚ ਪੈਰ ਧਰਦਿਆਂ ਸੰਯੁਕਤ ਸਮਾਜ ਮੋਰਚੇ ਦਾ ਗਠਨ ਕੀਤਾ ਹੈ। ਮੋਰਚੇ ਦਾ ਮੁੱਖ ਚਿਹਰਾ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਹੋਣਗੇ। ਮੋਰਚਾ ਵਿਧਾਨ ਸਭਾ ਦੀਆਂ 117 ਸੀਟਾਂ ਉੱਤੇ ਲੜੇਗਾ। ਮੋਰਚੇ ਵਿੱਚ ਸ਼ਾਮਿਲ 22 ਜਥੇਬੰਦੀਆਂ ਪੰਜਾਬ ਦੀ ਕਾਇਆ ਕਲਪ ਕਰਨ ਦਾ ਵਾਅਦਾ ਕਰਦਿਆਂ ਰਵਾਇਤੀ ਸਿਆਸਤਦਾਨਾਂ ਨੂੰ ਲਾਂਭੇ ਕਰਨ ਦਾ ਸੱਦਾ ਦਿੱਤਾ ਹੈ। ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿੱਚ ਲੰਬਾ ਵਿਚਾਰ ਵਿਟਾਂਦਰਾ ਕਰਨ ਤੋਂ ਬਾਅਦ ਚੰਡੀਗੜ੍ਹ ਵਿੱਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਤਿੰਨ ਹੋਰ ਜਥੇਬੰਦੀਆਂ ਮੋਰਚੇ ਵਿੱਚ ਸ਼ਾਮਿਲ ਹੋਣਗੀਆਂ ਜਿਨ੍ਹਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਅਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਨਾਂ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਗਿਆ ਹੈ।

ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿਆਸਤ ਵਿੱਚ ਪੈਰ ਧਰਨ ਦਾ ਫੈਸਲਾ ਲੋਕਾਂ ਦੇ ਦਬਾਅ ਵਿੱਚ ਆ ਕੇ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਸਿਆਸੀ ਬਦਲ ਸਮੇਂ ਦੀ ਲੋੜ ਬਣ ਗਈ ਹੈ ਅਤੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀ ਕਾਇਆ ਕਲਪ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਹਾਲ ਦੀ ਘੜੀ ਕਿਸੇ ਵੀ ਸਿਆਸੀ ਪਾਰਟੀ ਨਾਲ ਗੱਠਜੋੜ ਨਹੀਂ ਕਰੇਗਾ। ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਗੋਲ-ਮੋਲ ਜਵਾਬ ਦਿੰਦਿਆਂ ਕਿਹਾ ਕਿ ਚੋਣਾਂ ਨਾ ਲੜਨ ਦਾ ਪਹਿਲਾਂ ਕੀਤਾ ਐਲਾਨ ਵੀ ਗਲਤ ਨਹੀਂ ਸੀ ਪਰ ਹੁਣ ਲੋਕਾਂ ਦੇ ਪ੍ਰੈਸ਼ਰ ਹੇਠ ਆ ਕੇ ਲਿਆ ਫੈਸਲਾ ਵੀ ਦਰੁੱਸਤ ਹੈ।

ਕਿਸਾਨ ਨੇਤਾ ਹਰਮੀਤ ਸਿੰਘ ਕਾਦੀਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਦੀਆਂ ਬਰੂਹਾਂ ਉੱਤੇ ਸ਼ੁਰੂ ਕੀਤਾ ਕਿਸਾਨ ਮੋਰਚਾ ਬਾਅਦ ਵਿੱਚ ਜਨ ਅੰਦੋਲਨ ਬਣ ਗਿਆ। ਜਦੋਂ ਕਿਸਾਨ ਜਥੇਬੰਦੀਆਂ ਮੋਰਚਾ ਜਿੱਤ ਕੇ ਆਈਆਂ ਤਾਂ ਉਨ੍ਹਾਂ ਦੇ ਭਰਵੇਂ ਸਵਾਗਤ ਤੋਂ ਇੱਕ ਦਿਨ ਬਾਅਦ ਹੀ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਉੱਤੇ ਪੰਜਾਬ ਦੀ ਕਮਾਨ ਸੰਭਾਲਣ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਉਨਾਂ ਨੇ ਸਹਿਯੋਗੀ ਜਥੇਬੰਦੀਆਂ ਨੂੰ ਵੀ ਮੋਰਚੇ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ। ਬਲਦੇਵ ਸਿੰਘ ਨਿਹਾਲਗੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਰਵਾਇਤੀ ਸਿਆਸੀ ਪਾਰਟੀਆਂ ਨੇ ਪੰਜਾਬ ਨੂੰ ਪਿੱਛੇ ਧੱਕ ਦਿੱਤਾ ਹੈ। ਪੰਜਾਬ ਨੂੰ ਨੰਬਰ ਵਨ ਬਣਾਉਣ ਲਈ ਲੋਕਾਂ ਤੋਂ ਸਹਿਯੋਗ ਮੰਗਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹ ਲੋਕਾਂ ਦੀਆਂ ਆਸਾਂ ਤੋਂ ਵੱਧ ਕੰਮ ਕਰਕੇ ਦਿਖਾਉਣਗੇ। ਕਿਸਾਨ ਨੇਤਾਵਾਂ ਨੇ ਸਾਂਝੇ ਤੌਰ ‘ਤੇ ਬੋਲਦਿਆਂ ਕਿਹਾ ਕਿ ਉਹ ਪੰਜਾਬ ਵਿੱਚ ਨਸ਼ੇ ਦਾ ਖਾਤਮਾ ਕਰਨਗੇ ਅਤੇ ਵਿਦੇਸ਼ਾਂ ਨੂੰ ਜਾ ਰਹੀ ਜਵਾਨੀ ਨੂੰ ਰੋਕਣ ਲਈ ਪਹਿਲ ਦੇ ਆਧਾਰ ‘ਤੇ ਕੰਮ ਕਰਨਗੇ। ਇੱਥੇ ਇਹ ਦੱਸ ਦੇਈਏ ਕਿ ਕਿਸਾਨ ਮੋਰਚੇ ਵਿੱਚ ਦੇਸ਼ ਦੀਆਂ 475 ਜਥੇਬੰਦੀਆਂ ਸ਼ਾਮਿਲ ਸਨ ਅਤੇ ਇਨ੍ਹਾਂ ਵਿੱਚੋਂ 32 ਜਥੇਬੰਦੀਆਂ ਦਾ ਸਬੰਧ ਪੰਜਾਬ ਨਾਲ ਸੀ। ਸੰਯੁਕਤ ਸਮਾਜ ਮੋਰਚੇ ਵਿੱਚ ਪੰਜਾਬ ਦੀਆਂ 22 ਜਥੇਬੰਦੀਆਂ ਨੇ ਹਾਜ਼ਰੀ ਭਰੀ ਹੈ।