ਬਿਉਰੋ ਰਿਪੋਰਟ : ਅੰਮ੍ਰਿਤਸਰ ਵਿੱਚ ਸ਼ਨਿੱਚਰਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਾਬਕਾ IFS ਅਧਿਕਾਰੀ ਤਰਨਜੀਤ ਸਿੰਘ ਸੰਧੂ ਦਾ ਵਿਰੋਧ ਕੀਤਾ ਗਿਆ । ਇਹ ਵਿਰੋਧ ਕਿਸਾਨਾਂ ਨੇ ਕੀਤਾ ਹੈ,ਉਨ੍ਹਾਂ ਵੱਲੋਂ ਕਾਲੇ ਝੰਡੇ ਵਿਖਾਏ ਗਏ। ਪੂਰੇ ਪੰਜਾਬ ਵਿੱਚ ਬੀਜੇਪੀ ਦੇ ਉਮੀਦਵਾਰਾਂ ਨੂੰ ਕਿਸਾਨ ਘੇਰ ਰਹੇ ਹਨ। ਬੀਤੇ ਦਿਨ ਹੀ ਫਰੀਦਕੋਟ ਤੋਂ ਬੀਜੇਪੀ ਦੇ ਉਮੀਦਵਾਰ ਹੰਸਰਾਜ ਹੰਸ ਦੇ ਕਾਫਿਲੇ ਨੂੰ ਕਿਸਾਨਾਂ ਨੇ ਘੇਰਿਆ ਸੀ । ਤਰਨਜੀਤ ਸਿੰਘ ਸੰਧੂ ਚੋਣ ਪ੍ਰਚਾਰ ਦੇ ਲਈ ਅਜਨਾਲ ਪਹੁੰਚੇ ਸਨ । ਉਨ੍ਹਾਂ ਦੇ ਨਾਲ ਅਕਾਲੀ ਦਲ ਤੋਂ ਬੀਜੇਪੀ ਵਿੱਚ ਆਏ ਬੋਨੀ ਅਜਨਾਲਾ ਵੀ ਸਨ । ਜਦੋਂ ਤਰਨਜੀਤ ਸਿੰਘ ਸੰਧੂ ਦਾ ਕਾਫਿਲਾ ਅਜਨਾਲਾ ਦੇ ਥੋਬਾ ਵਿੱਚ ਪਹੁੰਚਿਆ ਤਾਂ ਕਿਸਾਨ ਪਹਿਲਾਂ ਹੀ ਝੰਡੇ ਲੈਕੇ ਖੜੇ ਸਨ ।
ਬੀਤੇ ਦਿਨ ਹੀ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਸਰਵਣ ਸਿੰਘ ਨੇ ਐਲਾਨ ਕੀਤਾ ਸੀ ਕਿ ਉਹ ਬੀਜੇਪੀ ਦੇ ਆਗੂਆਂ ਨੂੰ ਘੇਰਨਗੇ । ਕਿਸਾਨਾਂ ਵੱਲੋਂ ਸ਼ੁਭਕਰਨ ਅਤੇ ਹਰਿਆਣਾ ਪੁਲਿਸ ਦੀ ਤਸ਼ਦੱਦ ਦਾ ਸ਼ਿਕਾਰ ਹੋਏ ਲੋਕਾਂ ਦਾ ਇੱਕ ਪੋਸਟਰ ਤਿਆਰ ਕੀਤਾ ਗਿਆ ਹੈ ਅਤੇ ਉਸ ‘ਤੇ 5 ਸਵਾਲ ਲਿਖੇ ਗਏ ਹਨ । ਇਹ ਪੋਸਟਰ ਸਾਰੇ ਪਿੰਡਾਂ ਵਿੱਚ ਲਗਾਇਆ ਗਿਆ ਹੈ ਅਤੇ ਲੋਕਾਂ ਨੂੰ ਕਿਹਾ ਹੈ ਕਿ ਉਹ ਬੀਜੇਪੀ ਦੇ ਆਗੂਆਂ ਨੂੰ ਇਹ ਸਵਾਲ ਪੁੱਛਣ । ਇਹ ਪੋਸਟਰ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਪੂਰੇ ਦੇਸ਼ ਵਿੱਚ ਵੱਖ-ਵੱਖ ਭਾਸ਼ਾਵਾਂ ਵਿੱਚ ਵੰਡਣਗੇ ।