ਗੁਰਦਾਸਪੁਰ: ਪੰਜਾਬ ਵਿੱਚ ਕਣਕ-ਝੋਨੇ ਦੇ ਫਸਲੀ ਚੱਕਰ ਤੋਂ ਬਾਹਰ ਨਿਕਲ ਕੇ ਗੁਰਦਾਸਪੁਰ ਦੇ ਇੱਕ 60 ਸਾਲਾ ਕਿਸਾਨ ਸਤਨਾਮ ਸਿੰਘ ਨੇ ਕਮਾਲ ਕਰ ਦਿੱਤਾ ਹੈ। ਕਿਸਾਨ ਸਤਨਾਮ ਸਿੰਘ ਕੋਲ 5 ਏਕੜ ਦੀ ਜ਼ਮੀਨ ਹੈ, ਜਿਸ ਵਿੱਚੋਂ ਸਿਰਫ਼ ਇੱਕ ਏਕੜ ਵਿੱਚ ਕਣਕ ਤੇ ਬਾਸਮਤੀ ਲਾਈ, ਜੋ ਉਹ ਆਪਣੇ ਘਰ ਦੀ ਵਰਤੋਂ ਵਾਸਤੇ ਰੱਖਣਗੇ। ਉਨ੍ਹਾਂ ਨੇ 3 ਏਕੜ ਵਿੱਚ ਕੇਲਿਆਂ ਦੀ ਖੇਤੀ ਕੀਤੀ ਅਤੇ ਬਾਕੀ 1 ਏਕੜ ਵਿੱਚ ਹਲਦੀ ਬੀਜੀ ਹੈ।
ਗੁਰਦਾਸਪੁਰ ਵਿੱਚ ਕੇਲੇ ਬੀਜ ਕੇ ਕਿਸਾਨ ਸਤਨਾਮ ਸਿੰਘ ਨੇ ਆਪਣੀ ਤੇ ਆਪਣੇ ਖੇਤਾਂ ਦੀ ਵੱਖਰੀ ਪਛਾਣ ਕਾਇਮ ਕਰ ਲਈ ਹੈ। ਉਨ੍ਹਾਂ ਦੇ ਖੇਤ ਸ਼ਹਿਰ ਤੋਂ ਕੁਝ ਹੀ ਦੂਰ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਉਹ ਵੀ ਕਣਕ ਤੇ ਝੋਨਾ ਬੀਜਦੇ ਸਨ, ਪਰ ਪਿਛਲੇ ਸਾਲ ਤੋਂ ਕੇਲਿਆਂ ਦੀ ਖੇਤੀ ਕਰ ਰਹੇ ਹਨ। ਹੁਣ ਉਨ੍ਹਾਂ ਦੀ ਫਸਲ ਨੇ ਫਲ ਦੇਣਾ ਸ਼ੁਰੂ ਕਰ ਦਿੱਤਾ ਹੈ।
ਦਰਅਸਲ ਸਤਨਾਮ ਸਿੰਘ ਪਹਿਲਾਂ ਇੱਕ ਨਰਸਰੀ ਚਲਾਉਂਦੇ ਸਨ। ਉਸ ਦੌਰਾਨ ਉਨ੍ਹਾਂ ਵੱਡੇ ਪੱਧਰ ’ਤੇ ਫੁੱਲਾਂ ਦੀ ਖੇਤੀ ਕੀਤੀ। ਕਰੀਬ 17 ਏਕੜ ਜ਼ਮੀਨ ਠੇਕੇ ’ਤੇ ਲਈ ਅਤੇ ਫੁੱਲਾਂ ਦੀ ਖੇਤੀ ਕਰਕੇ ਚੰਗਾ ਮੁਨਾਫ਼ਾ ਕਮਾਇਆ। ਪਰ ਸਮੇਂ ਦੇ ਨਾਲ-ਨਾਲ ਉਹ ਫੁੱਲਾਂ ਦੀ ਖੇਤੀ ਛੱਡ ਕੇ ਕਣਕ-ਝੋਨੇ ਦੇ ਚੱਕਰ ਵਿੱਚ ਫਸ ਗਏ। ਹੁਣ ਉਨ੍ਹਾਂ 3 ਕੁ ਸਾਲ ਪਹਿਲਾਂ ਉਸ ਨਰਸਰੀ ਵਾਲੀ ਥਾਂ ’ਤੇ ਪਹਿਲਾਂ ਕੇਲੇ ਦੇ 4 ਬੂਟੇ ਲਾਏ। ਉਨ੍ਹਾਂ ਦੇਖਿਆ ਕਿ ਇਹ ਬੂਟੇ ਬਹੁਤ ਵਧੀਆ ਝਾੜ ਦੇ ਰਹੇ ਹਨ, ਫਲ ਵੀ ਚੰਗਾ ਸੀ।
ਪਰਿਵਾਰ ਨੇ ਦਿੱਤਾ ਸਾਥ, ਪਰ ਲੋਕ ਕਰਦੇ ਸਨ ਮਖੌਲ
ਇਸ ਮਗਰੋਂ ਉਨ੍ਹਾਂ ਉਤਸੁਕਤਾ ਵਿੱਚ ਕੇਲੇ ਦੀ ਖੇਤੀ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਦਿੱਲੀ ਤੋਂ ਟਿਸ਼ੂ ਕਲਚਰ ਰਾਹੀਂ ਤਿਆਰ ਕੀਤੇ ਕੇਲੇ ਦੇ ਬੂਟੇ ਲਿਆ ਕੇ ਜੂਨ ਮਹੀਨੇ ਵਿੱਚ ਆਪਣੀ ਜ਼ਮੀਨ ਵਿੱਚ ਲਾਏ। ਜਦੋਂ ਉਨ੍ਹਾਂ ਏਨੇ ਵੱਡੇ ਪੱਧਰ ’ਤੇ ਖੇਤਾਂ ਵਿੱਚ ਕੇਲੇ ਲਾਏ ਤਾਂ ਪਰਿਵਾਰ ਨੇ ਤਾਂ ਉਨ੍ਹਾਂ ਦਾ ਪੂਰਾ ਸਾਥ ਦਿੱਤਾ ਪਰ ਲੋਕ ਉਨ੍ਹਾਂ ਦਾ ਕਾਫੀ ਮਖੌਲ ਉਡਾਉਂਦੇ ਸਨ। ਉਨ੍ਹਾਂ ਦੇ ਪੁੱਤਰ ਵਿਦੇਸ਼ ਵਿੱਚ ਰਹਿੰਦੇ ਹਨ, ਉਨ੍ਹਾਂ ਨੇ ਸਤਨਾਮ ਸਿੰਘ ਦਾ ਕਾਫੀ ਸਾਥ ਦਿੱਤਾ ਤੇ ਉਨ੍ਹਾਂ ਨੂੰ ਫਲਾਂ ਦੀ ਖੇਤੀ ਲਈ ਉਤਸ਼ਾਹਿਤ ਵੀ ਕੀਤਾ।
ਸਤਨਾਮ ਸਿੰਘ ਦੱਸਦੇ ਹਨ ਕਿ ਭਾਵੇਂ ਇਸ ਖੇਤੀ ਲਈ ਲੇਬਰ ਦੀ ਲੋੜ ਨਹੀਂ ਪੈਂਦੀ, ਪਰ ਤਕਨੀਕ ਦੀ ਬਹੁਤ ਲੋੜ ਹੁੰਦੀ ਹੈ। ਇਸ ਕਰਕੇ ਕੇਲਿਆਂ ਦੇ ਬੂਟਿਆਂ ਦੀ ਸਾਂਭ-ਸੰਭਾਲ ਦੀ ਬਹੁਤ ਲੋੜ ਹੁੰਦੀ ਹੈ। ਉਹ ਦੱਸਦੇ ਹਨ ਕਿ ਇੱਕ ਵਾਰ ਸਰਦੀਆਂ ਵਿੱਚ ਉਨ੍ਹਾਂ ਦਾ ਪੂਰਾ ਬਾਗ ਸੜ ਗਿਆ ਸੀ। ਇਹ ਦੇਖ ਕੇ ਉਹ ਤਾਂ ਬਹੁਤ ਚਿੰਤਤ ਹੋਏ ਪਰ ਲੋਕਾਂ ਬਹੁਤ ਮਜ਼ਾਕ ਉਡਾਇਆ।
ਪੂਰਾ ਬਾਗ ਸੜਨ ਮਗਰੋਂ ਉਨ੍ਹਾਂ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨਾਲ ਗੱਲਬਾਤ ਕੀਤੀ। ਯੂਨੀਵਰਸਿਟੀ ਦੇ ਮਾਹਰਾਂ ਦੀ ਟੀਮ ਨੇ ਉਨ੍ਹਾਂ ਨੂੰ ਕੁਝ ਸੁਝਾਅ ਦਿੱਤੇ ਜੋ ਉਨ੍ਹਾਂ ਨੇ ਆਪਣਾਏ। ਅੱਜ ਉਨ੍ਹਾਂ ਨੂੰ ਆਪਣੀ ਮਿਹਨਤ ਦਾ ਫਲ ਮਿਲ ਰਿਹਾ ਹੈ।
ਇੱਕ ਲੱਖ ਦੀ ਲਾਗਤ ਨਾਲ 6 ਲੱਖ ਦੀ ਆਮਦਨ!
ਕਿਸਾਨ ਸਤਨਾਮ ਸਿੰਘ ਮੁਤਾਬਕ ਇੱਕ ਏਕੜ ਦੇ ਰਕਬੇ ਵਿੱਚ ਕੇਲੇ ਦੀ ਖੇਤੀ ਕਰਨ ਨਾਲ ਕਰੀਬ ਇਕ ਲੱਖ ਰੁਪਏ ਦੀ ਕੁੱਲ ਲਾਗਤ ਆਉਂਦੀ ਹੈ ਅਤੇ ਉਨ੍ਹਾਂ ਨੂੰ ਇਸ ਤੋਂ ਕਰੀਬ 6 ਲੱਖ ਰੁਪਏ ਦੀ ਆਮਦਨ ਹੋਣ ਦੀ ਉਮੀਦ ਹੈ। ਇੱਕ ਵਾਰ ਲਾਇਆ ਬੂਟਾ ਚਾਹੇ ਇੱਕ ਸਾਲ ਹੀ ਫਲ ਦਿੰਦਾ ਹੈ ਪਰ ਅਗਲੇ ਸਾਲ ਲਈ ਉਸ ਦੇ ਨਾਲ ਹੀ ਛੋਟਾ ਬੂਟਾ ਵੀ ਤਿਆਰ ਹੋ ਜਾਂਦਾ ਹੈ ਅਤੇ ਇਸੇ ਤਰ੍ਹਾ ਤਿੰਨ ਸਾਲ ਤੱਕ ਫਲ ਮਿਲਦਾ ਰਹਿੰਦਾ ਹੈ। ਇੱਕ ਤਕਨੀਕ ਦੀ ਵਰਤੋਂ ਕਰਕੇ ਇੱਕ ਏਕੜ ਵਿੱਚ ਕਰੀਬ 1600 ਬੂਟੇ ਲਾਏ ਜਾ ਸਕਦੇ ਹਨ।