Punjab

ਕਿਸਾਨਾਂ ਦਾ ਧਰਨਾ ਖਤਮ ! ਸਾਰੇ ਆਗੂ ਰਿਹਾਅ ! 4 ਸਤੰਬਰ ਨੂੰ ਕੇਂਦਰ ਨਾਲ ਜੁੜੀ ਮੰਗਾ ਨੂੰ ਲੈਕ ਮੀਟਿੰਗ !

ਬਿਉਰੋ ਰਿਪੋਰਟ : 16 ਕਿਸਾਨ ਸੰਗਠਨਾਂ ਦੀ ਕੇਂਦਰ ਖਿਲਾਫ ਸ਼ੁਰੂ ਕੀਤੇ ਗਏ ਮਾਰਚ ਤੋਂ ਪਹਿਲਾਂ ਗ੍ਰਿਫਤਾਰ ਆਗੂਆਂ ਨੂੰ ਵੀਰਵਾਰ ਰਾਤ ਨੂੰ ਰਿਹਾਅ ਕਰ ਦਿੱਤਾ ਗਿਆ ਹੈ । 16 ਕਿਸਾਨ ਜਥੇਬੰਦੀਆਂ ਦੀ ਗੱਲਬਾਤ ਕਰਨ ਦੀ ਮੰਗ ਨੂੰ ਸਰਕਾਰ ਨੇ ਮਨਜ਼ੂਰ ਕਰ ਲਿਆ ਹੈ । ਜਿਸ ਤੋਂ ਬਾਅਦ ਰਾਤ ਤਕਰੀਬਨ 11 ਵਜੇ ਕਿਸਾਨਾਂ ਵੱਲੋਂ ਲਗਾਏ ਗਏ 17 ਥਾਵਾਂ ‘ਤੇ ਧਰਨੇ ਖਤਮ ਕਰ ਦਿੱਤੇ ਗਏ ਹਨ। ਹੁਣ ਕਿਸਾਨਾਂ ਆਗੂਆਂ ਦੀ 4 ਸਤੰਬਰ ਨੂੰ ਚੰਡੀਗੜ੍ਹ ਪ੍ਰਸ਼ਾਸਨ ਨਾਲ ਮੀਟਿੰਗ ਹੋਵੇਗੀ । ਉੱਧਰ ਮਾਰੇ ਗਏ ਕਿਸਾਨ ਪ੍ਰੀਤਮ ਸਿੰਘ ਦੇ ਮਾਮਲੇ ਵਿੱਚ SHO ‘ਤੇ ਗਾਜ ਡਿੱਗੀ ਹੈ । ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿਸਾਨਾਂ ਦੇ ਸੰਘਰਸ਼ ਦੇ ਸਾਹਮਣੇ ਸਰਕਾਰ ਨੂੰ ਝੁੱਕਣ ਨੂੰ ਮਜ਼ਬੂਰ ਹੋਣਾ ਪਿਆ ਹੈ ਇਸੇ ਲਈ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਖੇਤੀਬਾੜੀ ਮੰਤਰੀ ਨਾਲ ਮੁਲਾਕਾਤ ਦੇ ਲਈ ਕਿਹਾ ਹੈ ।

ਵੀਰਵਾਰ ਰਾਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਵੀ ਅੰਮ੍ਰਿਤਸਰ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ ਹੈ । ਉਨ੍ਹਾਂ ਨੇ ਜੇਲ੍ਹ ਤੋਂ ਬਾਹਰ ਨਿਕਲ ਦੇ ਹੀ ਮਾਨ ਸਰਕਾਰ ‘ਤੇ ਤਿੱਖੇ ਹਮਲੇ ਕਰਦੇ ਹੋ ਕਿਹਾ ਹੈ ਕਿ ਸਾਡਾ ਵਿਰੋਧ ਕੇਂਦਰ ਸਰਕਾਰ ਦੇ ਖਿਲਾਫ ਸੀ ਪਰ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਸਾਡੀ ਗ੍ਰਿਫਤਾਰੀ ਕੀਤੀ ਅਤੇ ਕਿਸਾਨਾਂ ‘ਤੇ ਤਸ਼ਦੱਦ ਢਾਈ ਹੈ ਉਸ ਦੇ ਖਿਲਾਫ ਅਸੀਂ ਪ੍ਰਦਰਸ਼ਨ ਹੋਰ ਤੇਜ਼ ਕਰਾਂਗੇ,ਇਹ ਹਾਲਾ ਸ਼ੁਰੂਆਤ ਹੈ। ਉਨ੍ਹਾਂ ਕਿਹਾ ਪਹਿਲਾਂ ਕਹਿੰਦੇ ਸਨ ਆਪ ਅਤੇ ਕਾਂਗਰਸ ਦਾ ਗਠਜੋੜ ਹੈ ਪਰ ਇਸ ਤੋਂ ਸਾਬਿਤ ਹੋ ਗਿਆ ਹੈ ਕਿ ਆਪ ਅਤੇ ਮੋਦੀ ਸਰਕਾਰ ਆਪਸ ਵਿੱਚ ਮਿਲੇ ਹੋਏ ਹਨ ਜਦੋਂ ਵੀ ਅਸੀਂ ਪ੍ਰਦਰਸ਼ਨ ਕਰਾਂਗੇ ਮਾਨ ਸਰਕਾਰ ਸਾਨੂੰ ਰੋਕੇਗੀ ।

ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ 10 ਲੱਖ ਦਾ ਚੈੱਕ

ਸਰਵਣ ਸਿੰਘ ਪੰਧੇਰ ਨੇ ਦੱਸਿਆ ਹੈ ਕਿ ਸੰਗਰੂਰ ਦੇ ਲੌਂਗੋਵਾਲ ਥਾਣੇ ਦੇ ਸਾਹਮਣੇ ਸ਼ਹੀਦ ਹੋਏ ਕਿਸਾਨ ਪ੍ਰੀਤਮ ਸਿੰਘ ਮੰਡੇਰ ਦੇ ਪਰਿਵਾਰ ਨੂੰ 10 ਲੱਖ ਦਾ ਚੈੱਕ ਦਿੱਤਾ ਗਿਆ ਹੈ । ਸਰਕਾਰ ਨੌਕਰੀ ਦਾ ਪੱਤਰ ਪਰਿਵਾਰ ਨੂੰ ਪ੍ਰੀਤਮ ਸਿੰਘ ਦੇ ਭੋਗ ‘ਤੇ ਦਿੱਤਾ ਜਾਵੇਗਾ ।
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਸ ਗੱਲ ‘ਤੇ ਵੀ ਸਹਿਮਤੀ ਬਣੀ ਹੈ ਕਿ ਮ੍ਰਿਤਕ ਕਿਸਾਨ ਦਾ ਪੂਰਾ ਕਰਜ਼ਾ ਮੁਆਫ ਕੀਤਾ ਜਾਵੇਗਾ । ਇਸ ਦੇ ਨਾਲ ਲਾਠੀਚਾਰਜ ਦੌਰਾਨ ਗੰਭੀਰ ਰੂਪ ਵਿੱਚ ਜਖ਼ਮੀ ਲੋਕਾਂ ਨੂੰ 2 ਲੱਖ ਅਤੇ ਘੱਟ ਗੰਭੀਰ ਨੂੰ 1 ਲੱਖ ਦਿੱਤੇ ਜਾਣਗੇ । ਟੁੱਟੇ ਹੋਏ ਉਜਾਰਾਂ ਦੀ ਪੂਰੀ ਕੀਮਤ ਸਰਕਾਰ ਦੇਵੇਗੀ।

SHO ਦਾ ਟਰਾਂਸਫਰ ਹੋਇਆ

ਸੰਗਠਨਾਂ ਦੇ ਸੰਘਰਸ਼ ਦੇ ਦੌਰਾਨ ਆਗੂ ਬਲਵਿੰਦਰ ਸਿੰਘ ਨੂੰ ਧਾਰਾ 307 ਦੇ ਤਹਿਤ ਜੇਲ੍ਹ ਭੇਜਿਆ ਗਿਆ ਸੀ । ਗ੍ਰਿਫਤਾਰੀ ਦੇ ਬਾਅਦ ਲੌਂਗੋਵਾਲ ਦੇ SHO ਗਗਨਦੀਪ ਸਿੰਘ ਸਿੱਧੂ ‘ਤੇ ਅਣਮਨੁੱਖੀ ਵਤੀਰੇ ਦਾ ਇਲਜ਼ਾਮ ਲੱਗਿਆ ਸੀ । ਜਿਸ ਤੋਂ ਬਾਅਦ SHO ਖਿਲਾਫ ਕਾਰਵਾਈ ਦੀ ਗੱਲ ਕਹੀ ਗਈ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ SHO ਦਾ ਟਰਾਂਸਫਰ ਕਰ ਦਿੱਤਾ ਗਿਆ ਹੈ । ਸਰਕਾਰ ਵੱਲੋਂ ਇਹ ਵੀ ਭਰੋਸਾ ਦਿੱਤਾ ਗਿਆ ਹੈ ਕਿ SHO ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ।

ਸਾਰੇ ਵੱਡੇ ਆਗੂਆਂ ਨੂੰ ਰਿਹਾਅ ਕੀਤਾ ਗਿਆ

ਪੁਲਿਸ ਪ੍ਰਸ਼ਾਸਨ ਵੱਲੋਂ ਗ੍ਰਿਫਤਾਰ ਕੀਤੇ ਗਏ ਸਾਰੇ ਵੱਡੇ ਕਿਸਾਨਾਂ ਨੂੰ ਰਿਹਾਅ ਕੀਤਾ ਗਿਆ ਹੈ । ਜਿਸ ਵਿੱਚ ਸਰਵਣ ਸਿੰਘ ਪੰਧੇਰ,ਸਵਿੰਦਰ ਸਿੰਘ ਚੌਟਾਲਾ,ਰਾਣਾ ਰਣਬੀਰ ਸਿੰਘ,ਹਰਵਿੰਦਰ ਸਿੰਘ ਮਸਾਨੀ ਸਮੇਤ ਸਾਰੇ ਕਿਸਾਨਾਂ ਨੂੰ ਬਿਨਾਂ ਜ਼ਮਾਨਤ ਦੇ ਰਿਹਾਅ ਕੀਤਾ ਗਿਆ ਹੈ । ਆਗੂਆਂ ਨੇ ਕਿਹਾ ਸੰਘਰਸ਼ ਜਾਰੀ ਰਹੇਗਾ ਅਤੇ ਅਗਾਮੀ ਬੈਠਕ ਵਿੱਚ ਚੰਗੇ ਨਤੀਜੇ ਨਹੀਂ ਨਿਕਲੇ ਤਾਂ 16 ਕਿਸਾਨ ਜਥੇਬੰਦੀਆਂ ਮੁੜ ਤੋਂ ਸੰਘਰਸ਼ ਦੀ ਰਣਨੀਤੀ ਬਣਾਉਣਗੀਆਂ।