ਜਥੇਬੰਦੀਆਂ ਨੇ ਕਿਹਾ ਕਿ ਭਾਜਪਾ ਪੂਰੀ ਤਰ੍ਹਾਂ ਬੌਖਲਾ ਚੁੱਕੀ ਹੈ। ਇਸ ਕਰਕੇ ਉਹ ਆਪਣੀ ਹੋਂਦ ਬਚਾਉਣ ਲਈ ਪੰਜਾਬ ‘ਚ ਦਲਿਤ ਪੱਤਾ ਖੇਡ ਰਹੀ ਹੈ। ਭਾਜਪਾ ਨੇ ਸੰਵਿਧਾਨ ਨਾਲ ਖਿਲਵਾੜ ਕਰਦਿਆਂ ਖੇਤੀ ਵਿਰੋਧੀ ਕਾਨੂੰਨ ਬਣਾਏ ਹਨ। ਜਿਹੜਾ ਕਿ ਸੂਬਾ ਸਰਕਾਰਾਂ ਦੇ ਅਧਿਕਾਰ ਖੇਤਰ ਵਿੱਚ ਸੀ, ਭਾਜਪਾ ਦੇ ਰਾਜ ਵਾਲੇ ਯੂਪੀ ਵਰਗੇ ਸੂਬਿਆਂ ਵਿੱਚ ਦਲਿਤਾਂ ਤੇ ਲਗਾਤਾਰ ਜੁਰਮ ਹੋ ਰਹੇ ਹਨ। ਪਰ ਪੰਜਾਬ ਵਿੱਚ ਭਾਜਪਾ ਆਪਣੀ ਹੋਂਦ ਬਚਾਉਣ ਲਈ ਆਪਣੇ ਆਪ ਨੂੰ ਦਲਿਤ ਪੱਖੀ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਕਿਸਾਨ ਜਥੇਬੰਦੀਆਂ ਪੂਰੀ ਤਰ੍ਹਾਂ ਚੌਕਸ ਹਨ ਤੇ ਭਾਜਪਾ ਦੇ ਰਾਜ ‘ਚ ਤਣਾਅ ਪੈਦਾ ਕਰਨ ਦੇ ਇਸ ਕਦਮ ਦਾ ਪੂਰੀ ਸੂਝ-ਬੂਝ ਨਾਲ ਜਵਾਬ ਦੇਣਗੀਆਂ | ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ਾਂ ‘ਚ ਦਲਿਤ ਵੀ ਸ਼ਾਮਿਲ ਹਨ ਤੇ ਅਸੀਂ ਦਲਿਤਾਂ ਦੇ ਹਰ ਤਰ੍ਹਾਂ ਦੇ ਸੰਘਰਸ਼ ‘ਚ ਉਨ੍ਹਾਂ ਦੇ ਨਾਲ ਖੜ੍ਹਾਂਗੇ । ਉਨ੍ਹਾਂ ਪੇਂਡੂ ਮਜ਼ਦੂਰ ਤੇ ਖੇਤ ਮਜ਼ਦੂਰ ਸਭਾਵਾਂ, ਦਲਿਤ ਜਥੇਬੰਦੀਆਂ ਤੇ ਖਾਸਕਰ ਬਹੁਜਨ ਸਮਾਜ ਪਾਰਟੀ ਨੂੰ ਵੀ ਅਪੀਲ ਕੀਤੀ ਹੈ ਕਿ ਪੰਜਾਬ ਦੇ ਲੋਕਾਂ ‘ਚ ਫੁੱਟ ਪਾਉਣ ਦੀ ਭਾਜਪਾ ਦੀ ਸਾਜਿਸ਼ ਨੂੰ ਨਾਕਾਮ ਕਰਨ ਲਈ ਅੱਗੇ ਆਉਣ ਤੇ ਦਲਿਤ ਭਾਈਚਾਰੇ ਨੂੰ ਇਸ ਫਿਰਕੂ ਤੇ ਜਾਤਪਾਤੀ ਖੇਡ ਬਾਰੇ ਚੌਕਸ ਕਰਨ। ਉਨ੍ਹਾਂ ਕਿਹਾ ਕਿ ਕਿਸਾਨ ਮਜ਼ਦੂਰ ਏਕਾ ਹੀ ਪੰਜਾਬ ਦੇ ਵਿਕਾਸ ਦਾ ਜਾਮਨ ਬਣੇਗਾ। ਕਿਸਾਨ-ਆਗੂ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ 26 ਅਤੇ 27 ਅਕਤੂਬਰ ਨੂੰ ਦਿੱਲੀ ਵਿਖੇ ਦੇਸ਼-ਭਰ ਦੀਆਂ ਕਿਸਾਨ-ਜਥੇਬੰਦੀਆਂ ਮੀਟਿੰਗ ਕਰਕੇ ਕੌਮੀ-ਪੱਧਰ ਦਾ ਤਿੱਖਾ-ਸੰਘਰਸ਼ ਉਲੀਕਣਗੀਆਂ।