ਬਿਉਰੋ ਰਿਪੋਰਟ : ਪੰਜਾਬ ਵਿੱਚ ਬੀਜੇਪੀ ਲਈ ਲੋਕਸਭਾ ਚੋਣਾਂ (Lok sabha Election 2024) ਵਿੱਚ ਪ੍ਰਚਾਰ ਕਰਨ ਅਸਾਨ ਨਹੀਂ ਹੋਣ ਵਾਲਾ ਹੈ । ਇੱਕ ਤੋਂ ਬਾਅਦ ਇੱਕ ਪਿੰਡ ਵਿੱਚ ਕਿਸਾਨਾਂ ਵੱਲੋਂ ਬਾਈਕਾਟ (Boycott) ਦੇ ਬੋਰਡ ਦੇ ਜ਼ਰੀਏ ਪਿੰਡ ਵਿੱਚ ਨਾ ਵੜਨ ਦੀ ਚਿਤਾਵਨੀ ਦਿੱਤੀ ਜਾ ਰਹੀ ਹੈ । ਤਾਜ਼ਾ ਤਸਵੀਰ ਗਿੱਦੜਬਾਹਾ ਦੇ ਪੰਡ ਮਧੀਰ ਤੋਂ ਸਾਹਮਣੇ ਆਈ ਹੈ । ਸ਼ਹੀਦ ਕਿਸਾਨ ਸ਼ੁੱਭਕਰਨ ਦੀ ਤਸਵੀਰ ਨਾਲ ਥਾਂ-ਥਾਂ ‘ਤੇ ਪੋਸਟ ਲੱਗਾ ਕੇ ਬੀਜੇਪੀ ਕੋਲੋ ਜਵਾਬ ਮੰਗਿਆ ਜਾ ਰਿਹਾ ਹੈ । ਫਤਿਹ ਪੰਜਾਬ ਯੂਨੀਅਨ ਦੇ ਜ਼ਿਲਾ ਪ੍ਰਧਾਨ ਹਰਜੀਤ ਸਿਘ ਅਤੇ ਦਾਰਾ ਸਿੰਘ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਸਾਡੇ ਪਿੰਡ ਵਿੱਚ ਬੀਜੇਪੀ (BJP) ਉਮੀਦਵਾਰ ਨਾ ਆਵੇ ਨਾ ਹੀ ਕੋਈ ਉਸ ਨੂੰ ਲਿਆਉਣ ਦੀ ਕੋਸ਼ਿਸ਼ ਕਰੇ । ਪਿੰਡ ਵਿੱਚ ਆਉਣ ‘ਤੇ ਉਨ੍ਹਾਂ ਨੂੰ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਏਗਾ ।
ਕਿਸਾਨ ਆਗੂਆਂ ਨੇ ਕਿਹਾ ਬੀਜੇਪੀ ਨੇ ਸਾਡੀ ਜਾਇਜ਼ ਮੰਗਾਂ ਨਹੀਂ ਮੰਨਿਆ,ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਪੰਜਾਬ ਦੇ ਨੌਜਵਾਨ ਕਿਸਾਨ ਸ਼ੁੱਭਕਰਨ ਨੂੰ ਸ਼ਹੀਦ ਕੀਤਾ । ਫਰੀਦਕੋਟ ਵਿੱਚ ਅਸੀਂ ਬੀਜੇਪੀ ਦੇ ਉਮੀਦਵਾਰ ਹੰਸਰਾਜ ਹੰਸ ਦਾ ਵਿਰੋਧ ਕੀਤਾ ਸੀ। ਹੁਣ ਜੇਕਰ ਪਿੰਡਾਂ ਵਿੱਚ ਵੜੇ ਤਾਂ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ । ਉਧਰ ਸੰਯੁਕਤ ਕਿਸਾਨ ਮੋਰਚਾ ਵੀ ਬੀਜੇਪੀ ਦੇ ਉਮੀਦਵਾਰਾਂ ਦੇ ਬਾਈਕਾਟ ਵਿੱਚ ਸ਼ਾਮਲ ਹੋ ਗਿਆ ਹੈ । ਕਿਸਾਨ ਆਗੂ ਬਲਬੀਰ ਸਿੰਘ ਸੀਚੇਵਾਲ ਨੇ 10 ਸਵਾਲਾਂ ਦੇ ਨਾਲ ਇੱਕ ਪੋਸਟ ਤਿਆਰ ਕੀਤਾ ਹੈ ਜੋ ਪਿੰਡਾਂ ਦੇ ਕੋਨੇ-ਕੋਨੇ ‘ਤੇ ਲਗਾਏ ਜਾਣਗੇ । ਰਾਜੇਵਾਲ ਨੇ ਕਿਸਾਨਾਂ ਨੂੰ ਜ਼ਾਬਤੇ ਵਿੱਚ ਰਹਿਕੇ ਆਗੂਆਂ ਕੋਲੋ ਸਵਾਲ ਪੁੱਛਣ ਦੀ ਹਦਾਇਤ ਵੀ ਕੀਤੀ ਹੈ । ਉਨ੍ਹਾਂ ਕਿਹਾ ਸਾਡੀ ਇੱਕ ਗਲਤੀ ਨਾਲ ਬੀਜੇਪੀ ਇਸ ਨੂੰ ਦੂਜੀ ਰੰਗਤ ਦੇ ਸਕਦੀ ਹੈ ।
ਸੰਯੁਕਤ ਕਿਸਾਨ ਮੋਰਚੇ ਨੇ ਪੁੱਛੇ 10 ਸਵਾਲ
1 ਅੰਦੋਲਨ ਸਮੇਂ ਕਿਸਾਨਾਂ ਸਾਹਮਣੇ ਕਿੱਲ ਕਿਉਂ ਗੱਡੇ,ਬੈਰੀਕੇਡ ਕਿਉਂ ਲਾਏ, ਅੱਥਰੂ ਗੈਸ ਤੋਂ ਛੱਡੀ, ਗੋਲੀਆਂ ਕਿਉਂ ਚਲਾਈਆਂ?
2 ਕੀ ਅਸੀਂ ਵਿਦੇਸ਼ੀ ਹਾਂ? ਕਿਸਾਨਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ? ਨੌਜਵਾਨ ਕਿਸਾਨ ਸ਼ੁਭਕਰਨ ਨੂੰ ਗੋਲੀ ਮਾਰ ਕੇ ਸ਼ਹੀਦ ਕਿਉਂ ਕੀਤਾ?
3 ਕਿਸਾਨਾਂ ਦੇ ਟਰੈਕਟਰ ਕਿਉਂ ਭੰਨੇ? 400 ਕਿਸਾਨ ਕਿਉਂ ਫੱਟੜ ਕੀਤੇ? ਐਮਐਸਪੀ ਦੀ ਕਾਨੂੰਨੀ ਗਰੰਟੀ ਦਾ ਵਾਅਦਾ ਕਰਕੇ ਕਿਉਂ ਮੁੱਕਰੇ?
4 ਸਵਾਮੀਨਾਥਨ ਰਿਪੋਰਟ ਕਿਉਂ ਲਾਗੂ ਨਹੀਂ ਕੀਤੀ? ਸੀ-2+50% ਫਾਰਮੂਲਾ ਲਾਗੂ ਕਰਨ ਵਿੱਚ ਕੀ ਅਕਲ ਹੈ?
5 ਲਖੀਮਪੁਰ ਖੀਰੀ ਦੇ ਕਤਲਾਂ ਵਿੱਚ ਇਨਸਾਫ ਲਈ ਰੋੜੇ ਕਿਉਂ ਅਟਕਾਏ ਗਏ? ਅਜੈ ਮਿਸ਼ਰਾ ਟੈਨੀ ਨੂੰ ਸਰਕਾਰੀ ਪਨਾਹ ਦੇਣ ਲਈ ਮੰਤਰੀ ਮੰਡਲ ਵਿੱਚ ਕਿਉਂ ਰੱਖਿਆ ਗਿਆ। ਦਿੱਲੀ ਅੰਦੋਲਨ ਸਮੇਂ ਕਿਸਾਨਾਂ ਉੱਤੇ ਦਰਜ ਕੀਤੇ ਸਾਰੇ ਕੇਸ ਵਾਪਸ ਕਿਉਂ ਨਹੀਂ ਲਏ
6 ਕਾਰਪੋਰੇਟਾਂ ਦਾ ਕਰਜ਼ਾ ਮਾਫ ਕਰਨ ਵਿੱਚ ਜੇ ਦਿੱਕਤ ਨਹੀਂ ਤਾਂ ਕਿਸਾਨਾਂ ਦੀ ਕਰਜ਼ਾ ਵਿੱਚ ਕੀ ਮੁਸ਼ਕਲ ਹੈ?
7 ਬਿਜਲੀ ਸੋਧ ਬਿੱਲ 2020 ਵਾਅਦਾ ਖਿਲਾਫੀ ਕਰਕੇ ਪਾਰਲੀਮੈਂਟ ਵਿੱਚ ਕਿਉਂ ਪੇਸ਼ ਕੀਤਾ
8 ਪ੍ਰਦੂਸ਼ਣ ਵਾਲੇ ਕਾਨੂੰਨ ਵਿੱਚੋਂ ਖੇਤੀ ਖੇਤਰ ਬਾਹਰ ਕਿਉਂ ਨਹੀਂ ਕੱਢਿਆ?
9 ਚੋਣ ਬਾਂਡਾਂ ਦੇ ਭਰਿਸ਼ਟਾਚਾਰ ਰਾਹੀਂ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਕੋਲ ਕਿਉਂ ਤਿਆ ਗਿਆ?
10 ਭਾਖੜਾ ਅਤੇ ਪੌਂਗ ਡੈਮਾਂ ਉੱਤੇ ਡੈਮ ਸੇਫਟੀ ਐਕਟ ਬਣਾ ਕੇ ਪੰਜਾਬ ਤੋਂ ਕਿਉਂ ਖੋਹੇ ਗਏ ਸਾਈਲੋਜ ਦੇ ਬਹਾਨੇ ਪੰਜਾਬ ਦੀਆਂ ਮੰਡੀਆਂ ਕਿਉਂ ਤੋੜ ਰਹੇ ਹੋ?