ਬਿਉਰੋ ਰਿਪੋਰਟ : ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਗੋਲੀ ਨਾਲ ਜਖਮੀ ਹੋਏ ਕਿਸਾਨਾਂ ਨੂੰ ਇਨਸਾਫ ਦਿਵਾਉਣ ਦੇ ਲਈ ਹਰਿਆਣਾ ਪੁਲਿਸ ਖਿਲਾਫ ਮਾਮਲਾ ਦਰਜ ਕਰਵਾਉਣ ਨੂੰ ਲੈਕੇ ਪੰਜਾਬ ਸਰਕਾਰ ਚੁੱਪ ਹੈ । ਹੁਣ ਇਹ ਮਾਮਲਾ ਪੰਜਾਬ ਹਰਿਆਣਾ ਹਾਈਕੋਰਟ ਪਹੁੰਚ ਗਿਆ ਹੈ । ਤਿੰਨ ਜਖਮੀ ਕਿਸਾਨਾਂ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਉਹ ਇੱਕ ਜਾਂਚ ਕਮਿਸ਼ਨ ਦਾ ਗਠਨ ਕਰਕੇ ਫੌਰਨ ਮੌਕੇ ਤੋਂ ਸਬੂਤ ਇਕੱਠੇ ਕਰਨ ਦੇ ਨਿਰਦੇਸ਼ ਦੇਣ। ਪਟੀਸ਼ਨਕਰਤਾ ਜਸਕਰਨ,ਅੰਮ੍ਰਿਤਪਾਲ ਅਤੇ ਪੁਸ਼ਪਿੰਦਰ ਤਿੰਨੋ ਹਰਿਆਣਾ ਪੁਲਿਸ ਦੀ ਗੋਲੀ ਦੇ ਨਾਲ ਜਖਮੀ ਹੋਏ ਸਨ । ਉਨ੍ਹਾਂ ਇਸ ਮਾਮਲੇ ਵਿੱਚ ਹਰਿਆਣਾ ਪੁਲਿਸ ਦੇ ਖਿਲਾਫ ਅਪਰਾਧਕ ਪਟੀਸ਼ਨ ਦਾਇਰ ਕੀਤੀ ਸੀ । ਜਿਸ ‘ਤੇ ਅਦਾਲਤ ਵਿੱਚ ਸੁਣਵਾਈ ਦੌਰਾਨ ਜੱਜ ਨੇ ਪਟੀਸ਼ਨਕਰਤਾ ਖਿਲਾਫ ਹੀ ਤਿੱਖੀ ਟਿਪਣੀ ਕੀਤੀ ਹੈ ।
ਅਦਾਲਤ ਨੇ ਤਿੰਨੋ ਪਟੀਸ਼ਨਕਰਤਾ ਦੇ ਵਕੀਲ ਗੁਰਮੋਹਨ ਪ੍ਰੀਤ ਸਿੰਘ ਨੂੰ ਸਵਾਲ ਕੀਤਾ ਕਿ ਆਮ ਲੋਕਾ ਦੇ ਵੀ ਮੂਲ ਹੱਕ ਹਨ ਅਤੇ ਮੁਜ਼ਾਹਰੇ ਕਾਰਨ ਆਮ ਲੋਕ ਪਰੇਸ਼ਾਨ ਹੋ ਰਹੇ ਹਨ ਅਤੇ ਕਿਸਨਾਂ ਨੂੰ ਮੂਲ ਹੱਕਾਂ ਦੇ ਨਾਲ ਆਪਣੀ ਮੂਲ ਡਿਊਟੀ ਵੀ ਸਮਝਣੀ ਚਾਹੀਦੀ ਹੈ ਅਤੇ ਤੈਅ ਥਾਂ ‘ਤੇ ਮੁਜ਼ਾਹਰਾ ਕਰਨਾ ਚਾਹੀਦੀ ਹੈ । ਅਦਾਲਤ ਨੇ ਵਕੀਲ ਨੂੰ ਇਹ ਵੀ ਸਾਬਤ ਕਰਨ ਲਈ ਕਿਹਾ ਹੈ ਕਿ ਤੁਸੀਂ ਦਸੋਂ ਇਸ ਕੇਸ ਦੀ ਸੁਣਵਾਈ ਅਪਰਾਧਕ ਕੇਸ ਅਧੀਨ ਕਿਵੇਂ ਕੀਤੀ ਜਾ ਸਕਦੀ ਹੈ ਅਤੇ ਹੁਣ ਸੁਣਵਾਈ ਨੂੰ ਅੱਗੇ ਪਾ ਦਿੱਤਾ ਹੈ। ਪਟੀਸ਼ਨਕਰਤਾ ਜਸਕਰਨ ਸਿੰਘ ਪੁਸ਼ਪਿੰਦਰ ਨੂੰ ਪੁਲਿਸ ਦੀ ਗੋਲੀ ਲੱਗੀ ਜਿਸ ਦੀ ਵਜ੍ਹਾ ਕਰਕੇ ਉਹ ਜਖਮੀ ਹੋਇਆ ਸੀ ਜਦਕਿ ਅੰਮ੍ਰਿਤਪਾਲ ਦੇ ਸਿਰ ਤੇ ਗੋਲਾ ਲੱਗਣ ਨਾਲ ਸੱਟ ਵੱਜੀ ਸੀ ।