ਬਿਊਰੋ ਰਿਪੋਰਟ : ਪਰਮਿੰਦਰ ਸਿੰਘ ਝੋਟਾ ਦੀ ਰਿਹਾਈ ਲਈ ਸ਼ੁੱਕਰਵਾਰ ਵੱਖ ਵੱਖ ਜਥੇਬੰਦੀਆਂ,ਆਮ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਸ਼ਾਸਨ ਦੇ ਨਾਲ ਹੋਈ ਮੀਟਿੰਗ ਤੋਂ ਬਾਅਦ ਇਸ ਪ੍ਰਦਰਸ਼ਨ ਨੂੰ ਫਿਲਹਾਲ ਚੁੱਕ ਦਿੱਤਾ ਗਿਆ ਹੈ ਅਤੇ 14 ਅਗਸਤ ਨੂੰ ਮੁੜ ਇਕੱਠ ਸੱਦਿਆ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਝੋਟਾ ਨੂੰ ਜਲਦ ਤੋਂ ਜਲਦ ਰਿਹਾਅ ਕਰਨ ਦੀ ਮੰਗ ਕੀਤੀ ਹੈ।
ਕਿਸਾਨਾਂ ਦੀ ਚਿਤਾਵਨੀ
ਇਸ ਪ੍ਰਦਰਸ਼ਨ ਵਿੱਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਸ਼ਮੂਲੀਅਤ ਕੀਤੀ ਗਈ ਹੈ। ਇਸ ਮੌਕੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਨਸ਼ਾ ਵਿਰੋਧੀ ਅੰਦੋਲਨ ਵਿੱਚ ਸਰਕਾਰ ਨੂੰ ਗੌਰ ਕਰਨੀ ਚਾਹੀਦੀ ਹੈ,ਜੇ ਸਰਕਾਰ ਪਰਵਿੰਦਰ ਸਿੰਘ ਨੂੰ ਰਿਹਾਅ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਵਿੱਚ ਵੱਡਾ ਇਕੱਠ ਕੀਤਾ ਜਾਵੇਗਾ। ਘੱਟੋ ਘੱਟ 65 ਮੈਂਬਰੀ ਕਮੇਟੀ ਬਣ ਗਈ ਹੈ,ਸੰਯੁਕਤ ਕਿਸਾਨ ਮੋਰਚਾ ਪੂਰੀ ਹਮਾਇਤ ਕਰੇਗਾ। ਮਾਨਸਾ ਜ਼ਿਲ੍ਹੇ ਤੋਂ ਅਸੀਂ ਨਸ਼ੇ ਖਿਲਾਫ਼ ਲੜਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਪਰਵਿੰਦਰ ਸਿੰਘ ਕੋਈ ਬਦਮਾਸ਼ ਤਾਂ ਹੈ ਨਹੀਂ, ਉਹ ਨਸ਼ਾ ਹੀ ਛੁਡਾ ਰਿਹਾ ਸੀ।
ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਦਿੱਲੀ ਅੰਦੋਲਨ ਦੌਰਾਨ ਵੀ ਸਰਕਾਰ ਸ਼ੁਰੂਆਤ ਵਿੱਚ ਕਹਿੰਦੀ ਰਹੀ ਕਿ ਇਹ ਮੁੱਠੀ ਭਰ ਲੋਕ ਹੀ ਹਨ। ਇਸ ਧਰਨੇ ਵਿੱਚ ਵੀ ਸਰਕਾਰ ਇਹੀ ਧਾਰਨਾ ਬਣਾ ਰਹੀ ਹੈ। ਸਰਕਾਰ ਡਰੀ ਹੋਈ ਹੈ। ਏਡੀਜੀਪੀ ਆਪਣੀ ਪ੍ਰੈਸ ਕਾਨਫਰੰਸ ਵਿੱਚ ਝੋਟੇ ਦੇ ਮੁੱਦੇ ਉੱਤੇ ਹੀ ਵਾਰ ਵਾਰ ਗੱਲ ਕਰ ਰਿਹਾ ਸੀ। ਵੱਧ ਜ਼ੋਰ ਲਾ ਕੇ ਬੋਲਣਾ ਡਰੇ ਹੋਣ ਦੀ ਨਿਸ਼ਾਨੀ ਹੈ। ਸਰਕਾਰ ਦੇ ਗੋਡੇ ਟੇਕਣ ਵਿੱਚ ਕੁਝ ਸਮਾਂ ਜ਼ਰੂਰ ਲੱਗ ਸਕਦਾ ਹੈ। ਪੰਜਾਬ ਸਰਕਾਰ ਦੀ ਪੁਸ਼ਤ ਪਨਾਹੀ ਵਿੱਚ ਇਹ ਸਭ ਕੁਝ ਹੋ ਰਿਹਾ ਹੈ।
ਡੱਲੇਵਾਲ ਨੇ ਕਿਹਾ ਕਿ ਹਰੇਕ ਪੇਨਕਿਲਰ ਵਿੱਚ ਮੋਰਫਿਨ ਹੈ, ਹੋ ਸਕਦਾ ਹੈ ਕਿ ਪ੍ਰਸ਼ਾਸਨ ਨੇ ਪਰਵਿੰਦਰ ਸਿੰਘ ਦੇ ਡੋਪ ਟੈਸਟ ਤੋਂ ਪਹਿਲਾਂ ਚਾਹ ਜਾਂ ਸਬਜ਼ੀ ਵਿੱਚ ਮੋਰਫਿਨ ਪਾ ਕੇ ਉਸਨੂੰ ਦੇ ਦਿੱਤੀ ਹੋਵੇ, ਕੀ ਤਸੱਲੀ ਕੀਤੀ ਜਾ ਸਕਦੀ ਹੈ। ਜਦੋਂ ਏਨੀ ਵੱਡੀ ਸਾਜਿਸ਼ ਰਚੀ ਜਾ ਰਹੀ ਹੈ, ਤਾਂ ਇਹ ਕਿਹੜੀ ਔਖੀ ਗੱਲ ਹੈ।
ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਕਿਹਾ ਕਿ ਪੰਜਾਬ ਵਿੱਚ ਨਸ਼ੇ ਦੇ ਖਿਲਾਫ਼ ਅੰਦੋਲਨ ਸ਼ੁਰੂ ਹੋਇਆ ਹੈ। ਨਸ਼ਿਆਂ ਦੇ ਖਿਲਾਫ਼ ਨੌਜਵਾਨ ਪੀੜੀ ਅੱਗੇ ਆਈ ਹੈ। ਇਸ ਮੁਹਿੰਮ ਵਿੱਚ ਫੜੇ ਗਏ ਸਾਡੇ ਬੱਚੇ ਜਦੋਂ ਤੱਕ ਜੇਲ੍ਹ ਵਿੱਚ ਬੰਦ ਰਹਿਣਗੇ, ਇਹ ਅੰਦੋਲਨ ਉਦੋਂ ਤੱਕ ਹੋਰ ਤੇਜ਼ ਹੁੰਦਾ ਜਾਵੇਗਾ। ਇਸ ਦੇਸ਼ ਦਾ ਨੌਜਵਾਨ ਨਸ਼ਾ ਮੁਕਤੀ ਚਾਹੁੰਦਾ ਹੈ।
ਮੂਸੇਵਾਲਾ ਦੇ ਪਿਤਾ ਵੀ ਪਹੁੰਚੇ
ਪ੍ਰਦਰਸ਼ਨ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਪਹੁੰਚੇ। ਉਨ੍ਹਾਂ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚਲੋ ਮੈਂ ਮੰਨਦਾ ਹਾਂ ਕਿ ਕਿਸੇ ਦੇ ਗਲ ਵਿੱਚ ਛਿੱਤਰਾਂ ਦਾ ਹਾਰ ਨਹੀਂ ਸੀ ਪਾਉਣਾ ਚਾਹੀਦਾ,ਕਾਨੂੰਨ ਵਿੱਚ ਇਹ ਨਹੀਂ ਹੈ ਪਰ ਕਾਨੂੰਨ ਤਾਂ ਬਹੁਤ ਕੁਝ ਨਹੀਂ ਕਹਿੰਦਾ। ਕਾਨੂੰਨ ਦਾ ਇਹ ਵੀ ਨਹੀਂ ਕਹਿੰਦਾ ਕਿ ਡਾਕਟਰ ਦੀ ਪਰਚੀ ਤੋਂ ਬਿਨਾਂ ਦਵਾਈ ਦਿੱਤੀ ਜਾਵੇ। ਕਾਨੂੰਨ ਤਾਂ ਇਹ ਵੀ ਨਹੀਂ ਕਹਿੰਦਾ ਕਿ ਗੈਂਗਸਟਰਾਂ ਦੀ ਹਮਾਇਤ ਕੀਤੀ ਜਾਵੇ। ਕਾਨੂੰਨ ਤਾਂ ਇਹ ਵੀ ਨਹੀਂ ਕਹਿੰਦਾ ਕਿ ਜੇਲ੍ਹ ਵਿੱਚ ਕਿਸੇ ਦੀ ਇੰਟਰਵਿਊ ਕਰਵਾਈ ਜਾਵੇ ਪਰ ਸਾਰਾ ਕੁਝ ਹੋ ਰਿਹਾ ਹੈ। ਸਰਕਾਰ ਗੈਂਗਸਟਰਾਂ ਦੇ ਨਾਲ ਰਲੀ ਹੋਈ ਹੈ। ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰ ਖੁੱਲ੍ਹੇਆਮ ਕਾਨੂੰਨ ਦੀਆਂ ਧੱਜੀਆਂ ਉਡਾ ਰਿਹਾ ਹੈ। ਇਹੀ ਕਾਨੂੰਨ ਮੇਰੇ ਖੁਸ਼ਹਾਲ ਪਰਿਵਾਰ ਨੂੰ ਜਿੰਦਾ ਲਾ ਚੁੱਕਾ ਹੈ। ਅੱਜ ਚਾਰ ਮਹੀਨੇ ਹੋ ਗਏ ਹਨ, ਪਰ ਸੀਐੱਮ ਮਾਨ ਕੁਝ ਨਹੀਂ ਕਰ ਸਕੇ। ਸਾਰੇ ਬਦਮਾਸ਼ ਕਾਨੂੰਨ ਤੋਂ ਉੱਪਰ ਹੋ ਚੁੱਕੇ ਹਨ।
ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਇਸ ਸਮੇਂ ਸਾਨੂੰ ਹੜ੍ਹ ਨਾਲ ਲੜ ਰਹੇ ਪੰਜਾਬ ਦੇ ਨਾਲ ਹੋਣਾ ਚਾਹੀਦਾ ਸੀ ਪਰ ਸਾਡੀ ਮਜ਼ਬੂਰੀ ਹੈ ਕਿ ਸਾਨੂੰ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਕਈ ਲੋਕ ਝੋਟਾ ਨੂੰ ਨਿੰਦਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਸਨੂੰ ਛਿੱਤਰਾਂ ਦਾ ਹਾਰ ਨਹੀਂ ਸੀ ਪਾਉਣਾ ਚਾਹੀਦਾ।
ਨੌਜਵਾਨਾਂ ਦੀ ਚਿਤਾਵਨੀ
ਮਾਨਸਾ ਦੇ ਨੌਜਵਾਨਾਂ ਨੇ ਪੁਲਿਸ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਮੌਕਾ ਸਾਂਭ ਲਓ ਨਹੀਂ ਤਾਂ ਤੁਹਾਡੇ ਘਰਾਂ ਵਿੱਚ ਵੀ ਚੁੱਲ੍ਹੇ ਬੁੱਝ ਜਾਣਗੇ। ਇਨ੍ਹਾਂ ਨੂੰ ਉਦੋਂ ਹੀ ਪਤਾ ਲੱਗੇਗਾ। ਨੌਜਵਾਨਾਂ ਨੇ ਕਿਹਾ ਕਿ ਪ੍ਰਸ਼ਾਸਨ ਤੋਂ ਜਰਿਆ ਨਹੀਂ ਜਾ ਰਿਹਾ ਕਿ ਨੌਜਵਾਨ ਨਸ਼ਿਆਂ ਤੋਂ ਦੂਰ ਹੋ ਜਾਣ। ਸਰਕਾਰ ਨੂੰ ਇਉਂ ਲੱਗਦਾ ਹੈ ਕਿ ਨੌਜਵਾਨ ਉਨ੍ਹਾਂ ਦੇ ਖਿਲਾਫ਼ ਨਾ ਹੋ ਜਾਣ। ਪ੍ਰਸ਼ਾਸਨ ਕਿਤੇ ਨਾ ਕਿਤੇ ਕੁਰੱਪਟ ਹੋ ਚੁੱਕਿਆ ਹੈ। ਅੱਜ ਇਸ ਪ੍ਰਦਰਸ਼ਨ ਵਿੱਚ ਮੌਜੂਦ ਹਰੇਕ ਨੌਜਵਾਨ ਨਸ਼ਿਆਂ ਦੇ ਖਿਲਾਫ਼ ਹੈ। ਨਸ਼ਿਆਂ ਦੇ ਕਰਕੇ ਸਾਡੇ ਕਈ ਨੌਜਵਾਨ ਮਰ ਗਏ ਹਨ। ਇਨ੍ਹਾਂ ਨੂੰ ਸਿਰਫ਼ ਉਹੀ ਦਿਸਦਾ ਹੈ ਜੋ ਨਸ਼ੇ ਦੇ ਖਿਲਾਫ਼ ਬੋਲਦਾ ਹੈ।
ਝੋਟੇ ਦੀ ਦਲੇਰ ਮਾਂ ਦਾ ਬਿਆਨ
ਪਰਵਿੰਦਰ ਸਿੰਘ ਝੋਟਾ ਦੇ ਮਾਤਾ ਅਮਰਜੀਤ ਕੌਰ ਨੇ ਕਿਹਾ ਕਿ ਪੁਲਿਸ ਵਾਲੇ ਤੜਕਸਾਰ ਕੰਧਾਂ ਟੱਪ ਕੇ ਸਾਡੇ ਘਰ ਵੜ ਗਏ। ਮੇਰੇ ਪੁੱਤ ਦੀ ਦਸਤਾਰ ਨੂੰ ਲਾਹ ਕੇ ਉਤਾਰ ਦਿੱਤਾ, ਮੇਰੇ ਪੁੱਤ ਨੂੰ ਧੱਕੇ ਨਾਲ ਲੈ ਗਏ। ਸਾਡੀ ਮੰਗ ਹੈ ਕਿ ਇਹ ਚਿੱਟੇ ਵਾਲਿਆਂ ਨੂੰ ਫੜਨ, ਉਨ੍ਹਾਂ ਦੇ ਪੁੱਤ ਉੱਤੇ ਪਾਇਆ ਝੂਠਾ ਪਰਚਾ ਰੱਦ ਕੀਤਾ ਜਾਵੇ। ਮਾਤਾ ਨੇ ਕਿਹਾ ਕਿ ਮੈਨੂੰ ਜੇਲ੍ਹ ਦੀ ਕੋਈ ਪਰਵਾਹ ਨਹੀਂ ਹੈ ਜੇ ਲੋਕਾਂ ਦੀਆਂ ਜਵਾਨੀਆਂ ਬਚ ਜਾਂਦੀਆਂ ਹਨ। ਅਸੀਂ ਸੀਐੱਮ ਮਾਨ ਨੂੰ ਵੋਟਾਂ ਪਾ ਕੇ ਜਿਤਾਇਆ ਸੀ ਕਿ ਸਾਡੇ ਕੰਮ ਸਵਾਰੇਗਾ ਪਰ ਉਹ ਸਾਡਾ ਹੀ ਦੁਸ਼ਮਣ ਬਣ ਕੇ ਬਹਿ ਗਿਆ ਹੈ। ਉਹ ਕ੍ਰਿਕਟ ਦਾ ਖਿਡਾਰੀ ਸੀ। ਵਿਆਹ ਤੋਂ ਪਹਿਲਾਂ ਉਹ ਭੁਟਾਨ ਤੋਂ ਨੌਕਰੀ ਕਰਕੇ ਆਇਆ ਸੀ।
ਝੋਟੇ ਦੇ ਵਕੀਲ ਦਾ ਖੁਲਾਸਾ
ਪਰਵਿੰਦਰ ਸਿੰਘ ਝੋਟਾ ਦੇ ਵਕੀਲ ਨੇ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਕਿ ਝੋਟਾ ਅੱਜ ਤੋਂ ਸਾਲ ਕੁ ਪਹਿਲਾਂ ਨਸ਼ੇ ਦਾ ਆਦੀ ਸੀ। ਬਾਅਦ ਵਿੱਚ ਮੁੰਡੇ ਵਿੱਚ ਚੰਗਾ ਕੰਮ ਕਰਨ ਦੀ ਉਮੀਦ ਜਾਗੀ। ਅਪ੍ਰੈਲ ਮਹੀਨੇ ਵਿੱਚ ਮੇਰੇ ਕੋਲ ਆਇਆ ਅਤੇ ਕਹਿਣ ਲੱਗਾ ਕਿ ਅਸੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਛੁਡਾਉਣਾ ਹੈ। ਨਸ਼ਿਆਂ ਖਿਲਾਫ਼ ਕੰਮ ਕਰਦੇ ਝੋਟਾ ਖਿਲਾਫ਼ ਪਹਿਲੀ ਐੱਫਆਈਆਰ 27 ਅਪ੍ਰੈਲ 2023 ਨੂੰ ਦਰਜ ਕੀਤੀ ਗਈ। ਕਿਸੇ ਨਾ ਕਿਸੇ ਰੂਪ ਵਿੱਚ ਹਰੇਕ ਪਰਿਵਾਰ ਨਸ਼ੇ ਦਾ ਆਦੀ ਹੈ। ਇਸ ਤੋਂ ਬਾਅਦ ਪੁਲਿਸ ਨੇ 2 ਜੂਨ 2023 ਨੂੰ ਦੂਜੀ ਐੱਫਆਈਆਰ ਦਰਜ ਕੀਤੀ। ਉਸ ਐੱਫਆਈਆਰ ਤੋਂ ਬਾਅਦ ਵੀ ਜਦੋਂ ਪੁਲਿਸ ਝੋਟਾ ਨੂੰ ਗ੍ਰਿਫਤਾਰ ਕਰਨ ਗਈ ਤਾਂ ਉਦੋਂ ਵੀ ਉਸਦੇ ਘਰ 50 ਕੁ ਬੰਦੇ ਗਏ ਸਨ। ਜਿਸ ਬੰਦੇ ਨੂੰ ਆਧਾਰ ਬਣਾ ਕੇ ਇਹ ਐੱਫਆਈਆਰ ਦਰਜ ਕੀਤੀ ਗਈ ਸੀ, ਉਹ ਖੁਦ ਬਾਅਦ ਵਿੱਚ ਮੰਨ ਗਿਆ ਸੀ ਕਿ ਉਹ ਨਸ਼ੇ ਦੀ ਓਵਰਡੋਜ਼ ਕਰਕੇ ਡਿੱਗਿਆ ਪਿਆ ਸੀ। ਝੋਟੇ ਦੀ ਜ਼ਮਾਨਤ ਨਾਲ ਦੀ ਨਾਲ ਹੋ ਜਾਂਦੀ ਰਹੀ ਹੈ। ਉਸ ਤੋਂ ਬਾਅਦ ਹੁਣ ਮਾਨਸਾ ਵਿੱਚ 142 ਨੰਬਰ ਐੱਫਆਈਆਰ ਦਰਜ ਕੀਤੀ ਗਈ ਹੈ। ਇਹ ਧਾਰਾ Bailable ਹੈ, ਇਸ ਕਰਕੇ ਪੁਲਿਸ ਉਸਨੂੰ ਛੱਡਣਾ ਨਹੀਂ ਚਾਹੁੰਦੀ ਜਿਸ ਕਰਕੇ ਪੁਲਿਸ ਨੇ ਝੋਟਾ ਨੂੰ ਹੁਣ 27 ਅਪ੍ਰੈਲ 2023 ਵਾਲੀ ਐੱਫਆਈਆਰ ਤਹਿਤ ਗ੍ਰਿਫਤਾਰੀ ਪਾ ਕੇ ਜੇਲ੍ਹ ਵਿੱਚ ਬੰਦ ਕੀਤਾ ਹੈ। ਝੋਟਾ ਖਿਲਾਫ਼ ਧਾਰਾ 384 ਜੋੜੀ ਗਈ ਹੈ। ਧਾਰਾ 384 ਦਾ ਮਤਲਬ ਕਿਸੇ ਨੂੰ ਡਰਾ ਧਮਕਾ ਕੇ ਪੈਸੇ ਵਸੂਲਣਾ ਹੈ। ਹੁਣ ਇਸ ਧਾਰਾ ਨੂੰ 382 ਵਿੱਚ ਤਬਦੀਲ ਕਰ ਦਿੱਤਾ ਹੈ। ਧਾਰਾ 382 ਦਾ ਮਤਲਬ ਵੀ ਉਹੀ ਹੈ। ਧਾਰਾ 382 ਤਹਿਤ ਸਜ਼ਾ ਸੱਤ ਸਾਲ ਤੋਂ ਵੱਧ ਦਿੱਤੀ ਜਾਂਦੀ ਹੈ ਪਰ ਧਾਰਾ 384 ਵਿੱਚ ਸਜ਼ਾ ਥੋੜੀ ਘੱਟ ਹੈ, ਇਸ ਕਰਕੇ ਝੋਟਾ ਦੀ ਧਾਰਾ ਨੂੰ ਵੱਡੀ ਸਜ਼ਾ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਵਕੀਲ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਅਸੀਂ ਅਦਾਲਤ ਤੋਂ ਜ਼ਮਾਨਤ ਲੈ ਸਕਦੇ ਹਾਂ ਪਰ ਝੋਟਾ ਨੇ ਸਾਨੂੰ ਮਨ੍ਹਾ ਕੀਤਾ ਹੈ ਕਿ ਮੈਂ ਜ਼ਮਾਨਤ ਨਹੀਂ ਕਰਵਾਉਣੀ ਕਿਉਂਕਿ ਲੋਕਾਂ ਨੂੰ ਵੀ ਪਤਾ ਲੱਗੇ ਕਿ ਮੈਂ ਕਿਵੇਂ ਝੂਠੇ ਪਰਚੇ ਭੁਗਤ ਰਿਹਾ ਹਾਂ।
ਝੋਟਾ ਖਿਲਾਫ਼ ਮੌੜ ਵਿੱਚ ਦਰਜ ਹੋਏ ਤਾਜ਼ਾ ਕੇਸ ਬਾਰੇ ਜਾਣਕਾਰੀ ਦਿੰਦਿਆਂ ਵਕੀਲ ਨੇ ਦੱਸਿਆ ਕਿ 16 ਜੁਲਾਈ 2023 ਨੂੰ ਝੋਟਾ ਖਿਲਾਫ਼ ਐੱਫਆਈਆਰ ਨੰਬਰ 70 ਦਰਜ ਕੀਤੀ ਗਈ ਹੈ। ਸ਼ਿਕਾਇਤਕਰਤਾ ਬੇਅੰਤ ਕੌਰ ਨੇ ਇਲਜ਼ਾਮ ਲਗਾਏ ਹਨ ਕਿ ਝੋਟਾ ਉਸਦੇ ਘਰ ਧੱਕੇ ਨਾਲ ਵੜਿਆ, ਉਸਦੇ ਨਾਲ ਛੇੜਖਾਨੀ ਕੀਤੀ ਹੈ। ਵਕੀਲ ਨੇ ਦੱਸਿਆ ਕਿ ਕੱਲ੍ਹ ਸਾਨੂੰ ਫੋਨ ਆਇਆ ਕਿ ਉਕਤ ਕੁੜੀ (ਬੇਅੰਤ ਕੌਰ) ਸਾਨੂੰ ਮਿਲਣਾ ਚਾਹੁੰਦੀ ਹੈ। ਜਦੋਂ ਅਸੀਂ ਉਸਨੂੰ ਮਿਲੇ ਤਾਂ ਉਸਨੇ ਖੁਲਾਸਾ ਕੀਤਾ ਕਿ ਉਸਨੇ ਜੋ ਐੱਫਆਈਆਰ ਨੰਬਰ 70 ਦਰਜ ਕਰਵਾਈ ਹੈ, ਉਸ ਨਾਲ ਉਸਦਾ ਕੋਈ ਤਾਲੁਕ ਨਹੀਂ ਹੈ, ਉਸ ਤੋਂ ਧੱਕੇ ਨਾਲ ਬਿਆਨ ਦਰਜ ਕਰਵਾਇਆ ਗਿਆ। ਐੱਫਆਈਆਰ ਦਰਜ ਕਰਵਾਉਣ ਵਾਲੀ ਕੁੜੀ ਹੀ ਹੁਣ ਮੁੱਕਰ ਗਈ ਹੈ, ਇਸ ਲਈ ਇਸ ਐੱਫਆਈਆਰ ਦਾ ਕੋਈ ਆਧਾਰ ਨਹੀਂ ਰਹਿ ਜਾਂਦਾ।
ਝੋਟਾ ਦੇ ਡੋਪ ਟੈਸਟ ਬਾਰੇ ਬੋਲਦਿਆਂ ਵਕੀਲ ਨੇ ਕਿਹਾ ਕਿ ਉਸਦੇ ਡੋਪ ਟੈਸਟ ਨੂੰ ਜਨਤਕ ਕਿਉਂ ਕੀਤਾ ਗਿਆ। ਝੋਟਾ ਦੇ ਕਿਰਦਾਰ ਨੂੰ ਖਰਾਬ ਕਰਨ ਲਈ ਉਸਦਾ ਡੋਪ ਟੈਸਟ ਕੀਤਾ ਗਿਆ ਤੇ ਫਿਰ ਬਾਅਦ ਵਿੱਚ ਉਸਨੂੰ ਜਨਤਕ ਵੀ ਕੀਤਾ ਗਿਆ। ਉਹ ਕਿਹੜਾ ਕੋਈ ਬਦਮਾਸ਼ ਸੀ, ਉਹ ਤਾਂ ਸਿਰਫ਼ ਇੱਕ ਕੁਰੀਤੀ ਦੇ ਖਿਲਾਫ਼ ਲੜ ਰਿਹਾ ਸੀ।