India Punjab

ਭਲਵਾਨਾਂ ਦੇ ਹੱਕ ‘ਚ ਆਈਆਂ ਕਿਸਾਨ ਜਥੇਬੰਦੀਆਂ,ਦਿੱਲੀ ਪਹੁੰਚ ਕਿਸਾਨ ਆਗੂਆਂ ਨੇ ਕਹੀਆਂ ਆਹ ਗੱਲਾਂ

ਦਿੱਲੀ : ਜੰਤਰ ਮੰਤਰ ਦਿੱਲੀ ਵਿੱਚ ਚੱਲ ਰਹੇ ਪਹਿਲਵਾਨਾਂ ਦੇ ਧਰਨੇ ਦੇ ਸਮਰੱਥਨ ਵਿੱਚ ਹੁਣ ਕਿਸਾਨ ਜਥੇਬੰਦੀਆਂ ਵੀ ਸਾਹਮਣੇ ਆ ਰਹੀਆਂ ਹਨ। ਭਾਰਤ ਦੇ ਪਹਿਲਵਾਨਾਂ ਦੇ ਧਰਨੇ ਨੂੰ ਸਮਰਥਨ ਦੇਣ ਲਈ ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਜਰਨਲ ਸਕੱਤਰ ਗੁਰਮੀਤ ਸਿੰਘ ਮਹਿਮਾ, ਅਵਤਾਰ ਮਹਿਮਾ , ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਹਰਜੀਤ ਰਵੀ ਅਤੇ ਸੁਖਦੇਵ ਸਿੰਘ ਅਰਾਈਂਆ ਵਾਲਾ ਪਹੁੰਚੇ ਸਨ।

ਆਪਣੇ ਸੰਬੋਧਨ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਜਰਨਲ ਸਕੱਤਰ ਗੁਰਮੀਤ ਸਿੰਘ ਮਹਿਮਾ ਨੇ ਕਿਹਾ ਹੈ ਕਿ ਦੇਸ਼ ਦਾ ਨਾਂ ਉੱਚਾ ਕਰਨ ਵਾਲੇ ਖਿਡਾਰੀ ਹੁਣ ਇਨਸਾਫ਼ ਲੈਣ ਲਈ ਸੜਕਾਂ ਤੇ ਬੈਠੇ ਹਨ। ਕ੍ਰਾਂਤੀਕਾਰੀ ਕਿਸਾਨ ਜਥੇਬੰਦੀ ਵੱਲੋਂ ਖਿਡਾਰੀਆਂ ਨੂੰ ਪੂਰਨ ਸਮਰਥਨ ਦਿੱਤਾ ਜਾਵੇਗਾ।ਉਹਨਾਂ ਬ੍ਰਿਜ ਭੂਸ਼ਣ ਦੇ ਅਸਤੀਫ਼ੇ ਦੀ ਮੰਗ ਵੀ ਸਰਕਾਰ ਕੋਲੋਂ ਕੀਤੀ ਹੈ ਤੇ ਕਿਹਾ ਹੈ ਕਿ ਦੁਨੀਆ ਦੇ ਛੋਟੇ-ਛੋਟੇ ਮੁਲਕ ਆਪਣੀਆਂ ਵਧੀਆ ਖੇਡ ਨੀਤੀਆਂ ਕਰ ਕੇ ਵਧੀਆ ਗਿਣਤੀ ਵਿੱਚ ਮੈਡਲ ਲੈ ਕੇ ਆਉਂਦੇ ਹਨ ਪਰ ਸਾਡੇ ਦੇਸ਼ ਵਿੱਚ ਇਸ ਤਰਾਂ ਦੇ ਭ੍ਰਿਸ਼ਟ ਲੋਕਾਂ ਨੂੰ ਖੇਡ ਸੰਸਥਾਵਾਂ ਦੀ ਵਾਗਡੋਰ ਸਾਂਭ ਦਿੱਤੀ ਜਾਂਦੀ ਹੈ ,ਜਿਸ ਕਾਰਨ 140 ਕਰੋੜ ਦੀ ਆਬਾਦੀ ਹੋਣ ਦੇ ਬਾਵਜੂਦ ਵੀ ਖਾਸ ਮੈਡਲ ਨਹੀਂ ਆਉਂਦੇ ਹਨ।

ਅੱਜ ਸੰਯੁਕਤ ਕਿਸਾਨ ਮੋਰਚੇ ਨੇ ਵੀ  ਜਿਨਸੀ ਸ਼ੋਸ਼ਣ ਦੇ ਵਿਰੋਧ ਵਿੱਚ ਧਰਨੇ ‘ਤੇ ਬੈਠੇ ਹਿਲਵਾਨਾਂ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ।ਮੋਰਚੇ ਦੀ ਅੱਜ ਮੀਟਿੰਗ ਹੋਈ ਹੈ ਤੇ ਹੁਣ ਹੋਰ ਕਿਸਾਨ ਆਗੂ ਵੀ ਅੱਜ  ਜੰਤਰ-ਮੰਤਰ ਜਾਣਗੇ।

ਇਸ ਤੋਂ ਪਹਿਲਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਵੀ ਧਰਨਾ ਦੇ ਰਹੇ ਖਿਡਾਰੀਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਸੀ ਤੇ ਉਹਨਾਂ ਨੂੰ ਸਮਰੱਥਨ ਦੇਣ ਦਾ ਐਲਾਨ ਕੀਤਾ ਸੀ ਤੇ ਕਿਸਾਨ ਆਗੂ ਨਰੇਸ਼ ਟਿਕੈਤ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਦੇ ਸਮਰਥਨ ‘ਚ ਆਏ ਸਨ।

ਇਸ ਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਵੀ ਪ੍ਰਧਾਨ ਬ੍ਰਿਜ ਭੂਸ਼ਣ ਨੂੰ ਗ੍ਰਿਫਤਾਰ ਕਰਨ ਦੀ ਮੰਗ ਜੋਰ ਨਾਲ ਉੱਠ ਰਹੀ ਹੈ। ਟਵਿੱਟਰ ਤੇ ਅੱਜ ਇਸ ਸੰਬੰਧ ਵਿੱਚ ਹੈਸ਼ਟੈਗ ਟ੍ਰੈਂਡ ਕਰ ਰਿਹਾ ਹੈ। ਪੱਤਰਕਾਰ ਮਨਦੀਪ ਪੂਨੀਆ ਨੇ ਇਸ ਜਾ ਜਾਣਕਾਰੀ ਦਿੱਤੀ ਹੈ।

ਜ਼ਿਕਰਯੋਗ ਹੈ ਸੁਪਰੀਮ ਕੋਰਟ ਵੱਲੋਂ ਪੁਲਿਸ ਨੂੰ ਐਫਆਈਆਰ ਦਰਜ ਕੀਤੇ ਜਾਣ ਦੇ ਦਿੱਤੇ ਨਿਰਦੇਸ਼ਾਂ ਤੋਂ ਬਾਅਦ ਵੀ ਧਰਨਾ ਜਾਰੀ ਹੈ ਤੇ ਇਹ ਮੰਗ ਰੱਖੀ ਗਈ ਹੈ ਕਿ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਦੀ ਗ੍ਰਿਫਤਾਰੀ ਹੋਣ ਤੱਕ ਇਹ ਧਰਨਾ ਜਾਰੀ ਰਹੇਗਾ।