Lok Sabha Election 2024 Punjab

ਕਿਸਾਨਾਂ ਦਾ ਵਿਰੋਧ ਜਾਰੀ, ਹੁਣ ਰਾਣਾ ਸੋਢੀ ਨੂੰ ਲੱਗਿਆ ਕਿਸਾਨਾਂ ਦਾ ਸੇਕ

ਲੋਕ ਸਭਾ ਚੋਣਾਂ (Lok Sabha Election) ਨੂੰ ਲੈ ਕੇ ਸਾਰਿਆਂ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਕਿਸਾਨਾਂ ਵੱਲ਼ੋਂ ਲਗਾਤਾਰ ਭਾਜਪਾ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਭਾਜਪਾ ਦੇ ਫਿਰੋਜਪੁਰ ਤੋਂ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਅਬੋਹਰ ਵਿੱਚ ਰੋਡ ਸ਼ੋਅ ਕਰ ਰਹੇ ਸਨ। ਇਸ ਮੌਕੇ ਅਬੋਹਰ ਤੋਂ ਵਿਧਾਇਕ ਸੰਦੀਪ ਜਾਖੜ ਵੀ ਉਨ੍ਹਾਂ ਦੇ ਨਾਲ ਸਨ। ਜਦੋਂ ਉਹ ਪਿੰਡ ਖੁੱਬਣ ਪਹੁੰਚੇ ਤਾਂ ਕਿਸਾਨਾਂ ਨੇ ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

ਇਸ ਦੌਰਾਨ ਵੱਡੀ ਗਿਣਤੀ ‘ਚ ਮੌਜੂਦ ਕਿਸਾਨਾਂ ਨੇ ਭਾਜਪਾ ਦਾ ਵਿਰੋਧ ਕਰਦਿਆਂ ਹੋਇਆਂ ਭਾਜਪਾ ਲੀਡਰਾਂ ਦੇ ਵਾਹਨਾਂ ਨੂੰ ਕਾਲੇ ਝੰਡੇ ਦਿਖਾਏ ਅਤੇ ‘ਭਾਜਪਾ ਦਾ ਵਿਰੋਧ ਕਰੋ’ ਦੇ ਨਾਅਰੇ ਲਾਏ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਸੀ। ਗੁਰਮੀਤ ਸੋਢੀ ਵੀ ਕਿਸਾਨਾਂ ਦੇ ਭਾਰੀ ਰੋਸ ਨੂੰ ਦੇਖਦਿਆਂ ਥੋੜ੍ਹੇ ਸਮੇਂ ਵਿੱਚ ਹੀ ਵਰਕਰਾਂ ਨੂੰ ਸੰਬੋਧਨ ਕਰ ਕੇ ਵਾਪਸ ਪਰਤ ਗਏ।

ਦੱਸ ਦੇਈਏ ਕਿ ਕਿਸਾਨਾਂ ਵੱਲੋਂ ਦੂਜੇ ਕਿਸਾਨ ਅੰਦੋਲਨ ਮੌਕੇ ਕਿਸਾਨਾਂ ਨੂੰ ਦਿੱਲੀ ਨਾ ਜਾਣ ਦੇ ਰੋਸ ਵਜੋਂ ਭਾਜਪਾ ਲੀਡਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਦੇਸ਼ ਦੀ ਰਾਜਧਾਨੀ ਵਿੱਚ ਜਾਣ ਤੋਂ ਰੋਕਿਆ ਗਿਆ ਸੀ, ਜਿਸ ਕਰਕੇ ਉਹ ਹੁਣ ਭਾਜਪਾ ਦੇ ਉਮੀਦਵਾਰਾਂ ਨੂੰ ਪਿੰਡਾਂ ਵਿੱਚ ਵੜਨ ਨਹੀਂ ਦੇਣਗੇ।

ਇਹ ਵੀ ਪੜ੍ਹੋ – ਜੇਲ੍ਹਾਂ ‘ਚ ਬੈਠੇ ਪੰਜਾਬ ਦੇ ਕਿਹੜੇ ਉਮੀਦਵਾਰ ਅੱਜ ਤੱਕ ਚੋਣ ਲੜੇ ਅਤੇ ਜਿੱਤੇ, ਖ਼ਾਸ ਰਿਪੋਰਟ