Lok Sabha Election 2024 Punjab

ਹੰਸ ਰਾਜ ਹੰਸ ਦਾ ਹੋਇਆ ਵਿਰੋਧ, 50 ਦੇ ਕਰੀਬ ਕਿਸਾਨ ਗ੍ਰਿਫ਼ਤਾਰ

ਲੋਕ ਸਭਾ ਚੋਣਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਲਗਾਤਾਰ ਭਾਜਪਾ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਹੰਸ ਰਾਜ ਹੰਸ ਨੂੰ ਕਿਸਾਨਾਂ ਦੇ ਵਿਰੋਧ ਕਾਰਨ ਤਿੰਨਾਂ ਪਿੰਡਾ ਦਾ ਦੌਰਾ ਰੱਦ ਕਰਨਾ ਪਿਆ ਹੈ। ਪਿੰਡ ਬੀਹਲੇ ਵਾਲਾ ਵਿੱਚ 50 ਕਿਸਾਨਾਂ ਨੂੰ ਵਿਰੋਧ ਕਰਨ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਕਿਸਾਨ ਯੂਨੀਅਨ ਦੀ ਗੱਡੀ ‘ਤੇ ਲੱਗੇ ਸਪੀਕਰ ਨੂੰ ਵੀ ਪੁਲਿਸ ਨੇ ਡਾਂਗਾਂ ਨਾਲ ਭੰਨ ਦਿੱਤਾ। ਦੱਸ ਦੇਈਏ ਕਿ ਹੰਸ ਰਾਜ ਹੰਸ ਵੱਲੋਂ ਸਾਦਿਕ ਬਲਾਕ ਦੇ ਪੰਜ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ ਜਾਣਾ ਸੀ ਕਿਰਤੀ ਕਿਸਾਨ ਯੂਨੀਅਨ ਨੌਜਵਾਨ ਭਾਰਤ ਸਭਾ ਅਤੇ ਸੰਯੁਕਤ ਕਿਸਾਨ ਮੋਰਚੇ ਦੀਆਂ ਹੋਰ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਜਿਸ ਕਾਰਨ ਹੰਸ ਰਾਜ ਹੰਸ ਨੇ ਆਪਣਾ ਤਿੰਨ ਪਿੰਡਾ ਦਾ ਦੌਰਾ ਰੱਦ ਕਰ ਦਿੱਤਾ।

ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਅਤੇ ਨੌਜਵਾਨ ਭਾਰਤ ਸਭਾ ਦੇ ਸੂਬਾ ਜਨਰਲ ਸਕੱਤਰ ਮੰਗਾ ਸਿੰਘ ਆਜ਼ਾਦ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਜਪਾ ਹਰਾਉ ਅਤੇ ਭਾਜਪਾ ਭਜਾਓ ਦੇ ਨਾਅਰੇ ਤਹਿਤ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਜੋਰਦਾਰ ਵਿਰੋਧਤਾ ਕਰਕੇ ਹੰਸ ਰਾਜ ਹੰਸ ਨੂੰ ਅੱਜ ਕਈ ਪਿੰਡਾਂ ਵਿੱਚ ਆਪਣਾ ਚੁਣਾਵੀ ਦੌਰਾ ਰੱਦ ਕਰਨਾ ਪਿਆ। ਜਿਸ ਤੋਂ ਬੁਖਲਾਈ ਹੋਈ ਭਾਜਪਾ ਨੇ ਪੁਲਿਸ ਦੇ ਜੋਰ ‘ਤੇ ਗੁੰਡਾਗਰਦੀ ਕਰਦਿਆਂ ਗੱਡੀਆਂ ਭੰਨੀਆਂ ਹਨ ਅਤੇ 50 ਦੇ ਕਰੀਬ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਕਿਸਾਨ ਆਗੂਆਂ ਨੇ ਕਿਹਾ ਭਾਜਪਾ ਦੇ ਉਮੀਦਵਾਰਾਂ ਨੂੰ ਪਿੰਡਾਂ ਵਿੱਚ ਕੋਈ ਨਹੀਂ ਬੁਲਾ ਰੁਹਾ ਪਰ ਉਹ ਫਿਰ ਵੀ ਪੁਲਿਸ ਨੂੰ ਨਾਲ ਲੈ ਕੇ ਪਿੰਡਾਂ ਵਿੱਚ ਗੇੜਾ ਕੱਢ ਰਹੇ ਹਨ। ਉਨ੍ਹਾਂ ਕਿਹਾ ਕਿ ਚਾਰ ਦਿਨ ਪਹਿਲਾਂ ਹੀ ਭਾਜਪਾ ਦੇ ਆਗੂਆਂ ਨੂੰ ਪਿੰਡ ਬੀਹਲੇਵਾਲੇ ਵਿੱਚ ਨਹੀਂ ਵੜਨ ਦਿੱਤਾ ਗਿਆ ਅਤੇ ਸਮੁੱਚੇ ਨਗਰ ਨੇ ਹੀ ਇਕੱਠ ਕਰਕੇ ਭਾਜਪਾ ਦੇ ਆਗੂਆਂ ਨੂੰ ਬੇਰੰਗ ਵਾਪਸ ਮੋੜਿਆ ਸੀ।ਇਸ ਦੇ ਬਾਵਜੂਦ ਹੰਸ ਰਾਜ ਨੇ ਸ਼ਰਾਰਤ ਵਜੋਂ ਬੀਹਲੇ ਵਾਲੇ ਵਿੱਚ ਜੋਰ ਅਜਮਾਇਸ਼ ਨਾਲ ਦਰਜਨਾਂ ਲੋਕਾਂ ਦੀਆਂ ਗ੍ਰਿਫਤਾਰੀਆਂ ਕਰਕੇ ਪਿੰਡ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਹੈ।

ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਭਾਜਪਾ ਮੁੜ ਸੱਤਾ ਵਿੱਚ ਆਉਂਦੀ ਹੈ ਤਾਂ ਦੇਸ਼ ਵਿੱਚ ਤਾਨਾਸ਼ਾਹੀ ਸਥਾਪਿਤ ਹੋਵੇਗੀ। ਜਿਸ ਦੀ ਝਲਕ ਭਾਜਪਾ ਪੰਜਾਬ ਵਿੱਚ ਬਿਨਾਂ ਸਰਕਾਰ ਹੁੰਦਿਆਂ ਹੀ ਦੇ ਰਹੀ।

ਕਿਸਾਨ ਆਗੂਆਂ ਨੇ ਸੂਬਾ ਸਰਕਾਰ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਵਿਰੋਧ ਭਾਜਪਾ ਦਾ ਹੋ ਰਿਹਾ ਹੈ ਪਰ ਭਗਵੰਤ ਮਾਨ ਦੀ ਸਰਕਾਰ ਕਿਸਾਨਾਂ ਤੇ ਜਬਰ ਕਿਉਂ ਢਾਹ ਰਹੀ ਹੈ? ਕਿਸਾਨ ਆਗੂਆਂ ਨੇ ਕਿਹਾ ਕਿ ਗ੍ਰਿਫਤਾਰ ਕਿਸਾਨਾ ਦੀ ਤਰੁੰਤ ਰਿਹਾਈ ਕੀਤੀ ਜਾਵੇ ਨਹੀਂ ਤਾਂ ਵੱਡਾ ਸੰਘਰਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ – ਜਾਣੋ ਤੁਹਾਡਾ ਹਲਕਾ ਕਿਹੜੀ ਲੋਕ ਸਭਾ ਸੀਟ ਵਿੱਚ ਪੈਂਦਾ ਹੈ, 117 ਹਲਕਿਆਂ ਦੀ ਜਾਣਕਾਰੀ, ਖ਼ਾਸ ਰਿਪੋਰਟ