India Punjab

ਕਿਸਾਨ ਆਗੂ ਦੀ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਚੇਤਾਵਨੀ, ਜਾਣੋ ਕੀ ਹੈ ਸਾਰਾ ਮਾਮਲਾ

ਪੰਜਾਬ ਵਿੱਚ ਕਣਕ ਦੀ ਖਰੀਦ ਇੱਕ ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ। ਅਜਿਹੇ ਵਿੱਚ ਕਣਕ ਦੇ ਖਰੀਦ ਸੀਜ਼ਨ ‘ਚ ਕੇਂਦਰ ਸਰਕਾਰ ਨੇ ਗਲੋਬਲ ਅਤੇ ਘਰੇਲੂ ਵਪਾਰੀਆਂ ਨੂੰ ਇੱਕ ਸਲਾਹ ਦਿੱਤੀ ਹੈ। ਕੇਂਦਰ ਸਰਕਾਰ ਨੇ ਇਹਨਾਂ ਵਪਾਰੀਆਂ ਨੇ ਕਿਸਾਨਾਂ ਤੋਂ ਨਵੇਂ ਸੀਜ਼ਨ ਦੀ ਨਮੀ ਵਾਲੀ ਕਣਕ ਨਾ ਖਰੀਦਣ ਲਈ ਕਿਹਾ ਹੈ।

ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਭਾਰਤ ਸਰਕਾਰ ਜਾਂ ਐੱਫਸੀਆਈ ਵੱਲੋਂ ਜਿਸ ਤਰ੍ਹਾਂ ਕਣਕ ਦੀ ਖਰੀਦ ਦੇ ਮਾਮਲੇ ’ਚ ਸਖ਼ਤੀ ਨਾਲ ਸਪੈਸੀਫਿਕੇਸ਼ਨ ਨੂੰ ਲਾਗੂ ਕੀਤਾ ਜਾ ਰਿਹਾ ਹੈ ਪਰ ਮੌਸਮ ਦੇ ਵਿਗੜਦੇ ਮਿਜ਼ਾਜ ਨੂੰ ਮੱਦੇਨਜ਼ਰ ਰੱਖਦਿਆਂ ਇਸ ਨੂੰ ਮੁੜ ਵਿਚਾਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨਿੱਤ ਦਿਨ ਬੱਦਲਵਾਈ ਰਹਿੰਦੀ ਹੈ ਅਤੇ ਕਿਤੇ ਨਾ ਕਿਤੇ ਮੀਂਹ ਪੈ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਖਰੀਦ ਲਈ ਨਿਯਮ ਬਣਾਏ ਹਨ ਕਿ ਨਮੀ ਦੀ ਮਾਤਰਾ 12 ਤੱਕ ਦੀ ਫਸਲ ਹੀ ਖਰੀਦ ਕੀਤੀ ਜਾਵੇਗੀ ਅਤੇ ਜੇ 12 ਤੋਂ 14 ਤੱਕ ਨਮੀ ਦੀ ਮਾਤਰਾ ਆਉਂਦੀ ਹੈ ਤਾਂ ਦੋ ਰੁਪਏ ਕੁਇੰਟਲ ਦੇ ਹਿਸਾਬ ਨਾਲ ਕੱਟ ਲੱਗੇਗਾ। ਜੇ ਨਮੀ ਦੀ ਮਾਤਰਾ 14 ਤੋਂ ਉਪਰ ਆਉਂਦੀ ਹੈ ਤਾਂ ਫਸਲ ਨਹੀਂ ਖਰੀਦ ਕੀਤੀ ਜਾਵੇਗੀ

ਇਸਦੇ ਨਾਲ ਉਨ੍ਹਾਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਅਜਿਹਾ ਹੀ ਕਰਦੀ ਰਹੇਗੀ ਤਾਂ ਮਜ਼ਬੂਰਨ ਕਿਸਾਨਾਂ ਨੂੰ ਸੜਕਾਂ ‘ਤੇ ਆਉਣਾ ਪਵੇਗਾ। ਪੰਜਾਬ ਸਰਕਾਰ ‘ਤੇ ਵਰ੍ਹਦਿਆਂ ਡੱਲੇਵਾਲ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਕਿਸਾਨਾਂ ਦੀ ਬਾਂਹ ਨਹੀਂ ਫੜਦੀ ਤਾਂ ਪੰਜਾਬ ਸਰਕਾਰ ਨੂੰ ਕਿਸਾਨਾਂ ਨਾਲ ਖੜਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਕਿਸਾਨਾਂ ਦੀ ਫਸਲ ਖਰੀਦਣੀ ਚਾਹੀਦੀ ਹੈ ਅਤੇ ਇਸਦੀ ਜਿੰਮੇਵਾਰੀ ਵੀ ਪੰਜਾਬ ਸਰਕਾਰ ਨੂੰ ਲੈਣੀ ਚਾਹੀਦੀ ਹੈ।

ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਜੇਕਰ ਅਡਾਨੀ ਅਤੇ ਅੰਬਾਨੀਆਂ ਦੀ ਫਸਲ ਵਿਦੇਸ਼ਾਂ ਵਿੱਚ ਜਾ ਸਕਦੀ ਹੈ ਤਾਂ ਕਿਸਾਨਾਂ ਦੀ ਕਿਉਂ ਨਹੀਂ। ਕਿਸਾਨ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇੱਕ ਕੰਪਨੀ ਬਣਾ ਕੇ ਇਸ ਬਾਰੇ ਸੋਚਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਕਣਕ ਦੀ ਖਰੀਦ ਨੂੰ ਕੱਟ ਲਾਉਣ ਨੂੰ ਲੈ ਕੇ ਪੰਜਾਬ ਸਰਕਾਰ ਕੇਂਦਰ ਸਰਕਾਰ ਨਾਲ ਗੱਲ ਕਰੇ।ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸਾਨਾਂ ਦੀ ਫਸਲ ਦੀ ਭਰਾਈ ਦਾ ਕੰਮ ਤਰੁੰਤ ਨਾ ਹੋਇਆ ਤਾਂ ਲੋਕ ਅੰਦੋਲਨ ਦੇ ਰਾਹ ‘ਤੇ ਤੁਰਨਗੇ।