‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਯੋਗੇਂਦਰ ਯਾਦਵ ਨੇ ਭਾਜਪਾ ਲੀਡਰ ਹਰਜੀਤ ਸਿੰਘ ਗਰੇਵਾਲ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਬੀਜੇਪੀ ਵਾਲੇ ਯੋਗੇਂਦਰ ਯਾਦਵ ਤੋਂ ਕਿਉਂ ਡਰ ਰਹੇ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ, ਹਰਜੀਤ ਗਰੇਵਾਲ ਮੇਰੇ ਤੋਂ ਇੰਨਾ ਪਰੇਸ਼ਾਨ ਕਿਉਂ ਹਨ। ਉਨ੍ਹਾਂ ਕਿਹਾ ਕਿ ਇਹ ਸਰਕਾਰ ਬਾਜ਼ੀਗਰੀ ਵਾਲੀ ਸਰਕਾਰ ਹੈ, ਜਿਸਨੂੰ ਲਾਠੀ ਮਾਰਨ ਜਾਂ ਲਾਠੀ ਖਾਣ ਵਾਲੇ ਬੰਦੇ ਤੋਂ ਡਰ ਨਹੀਂ ਲੱਗਦਾ, ਉਸਨੂੰ ਕੋਨੇ ‘ਤੇ ਖੜ੍ਹੇ ਉਸ ਇੱਕ ਬੰਦੇ ਤੋਂ ਡਰ ਲੱਗਦਾ ਹੈ, ਜੋ ਉਨ੍ਹਾਂ ਦੇ ਹੱਥਾਂ ਦੀ ਸਫਾਈ ਨੂੰ ਫੜ੍ਹ ਲੈਂਦਾ ਹੈ, ਇਨ੍ਹਾਂ ਦਾ ਝੂਠ ਫੜ੍ਹ ਲੈਂਦਾ ਹੈ, ਜੋ ਖੇਤੀ ਕਾਨੂੰਨ ਦੀਆਂ ਬਰੀਕੀਆਂ ਨੂੰ ਫੜ੍ਹੇ, ਜੋ ਕਿਸਾਨਾਂ ਨੂੰ ਐੱਮਐੱਸਪੀ ਦੀਆਂ ਬਾਰੀਕੀਆਂ ਤੋਂ ਸਮਝਾਏ। ਸਿਰਫ ਬੀਜੇਪੀ ਹੀ ਨਹੀਂ, ਕਾਂਗਰਸ ਵੀ ਮੇਰੇ ਤੋਂ ਪਰੇਸ਼ਾਨ ਹੈ। ਜੇ ਇਹ ਦੋਵੇਂ ਪਾਰਟੀਆਂ ਮੇਰੇ ਖਿਲਾਫ ਹਨ ਤਾਂ ਜ਼ਰੂਰ ਮੈਂ ਠੀਕ ਰਸਤੇ ‘ਤੇ ਚੱਲ ਰਿਹਾ ਹਾਂ।
ਗਰੇਵਾਲ ਨੇ ਖੱਟਰ ਨੂੰ ਕਿਸਾਨਾਂ ਪ੍ਰਤੀ ਸਖਤੀ ਨਾਲ ਕਾਰਵਾਈ ਕਰਨ ਦਾ ਦਿੱਤਾ ਸੁਝਾਅ
ਪੰਜਾਬ ਭਾਜਪਾ ਲੀਡਰ ਹਰਜੀਤ ਗਰੇਵਾਲ ਨੇ ਕਿਸਾਨਾਂ ਦੇ ਖਿਲਾਫ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਕਿਸਾਨਾਂ ਦੇ ਪ੍ਰਤੀ ਸਖਤੀ ਤੋਂ ਕੰਮ ਲੈਣ ਦੀ ਅਪੀਲ ਕੀਤੀ। ਗਰੇਵਾਲ ਨੇ ਕਿਸਾਨਾਂ ਨੂੰ ਕਿਹਾ ਕਿ ਅਸਲੀ ਕਿਸਾਨ ਤਾਂ ਆਪਣੇ ਖੇਤਾਂ ਵਿੱਚ ਕੰਮ ਕਰ ਰਹੇ ਹਨ, ਜੋ ਵਿਰੋਧ ਕਰ ਰਹੇ ਹਨ, ਉਹ ਗੁੰਡੇ ਹਨ। ਗਰੇਵਾਲ ਨੇ ਕਿਹਾ ਕਿ ਕੁੱਝ ਕਿਸਾਨਾਂ ਨੇ ਆਪਣੇ ਪੱਧਰ ਉੱਤੇ ਸਰਕਾਰ ਨੂੰ ਗੱਲਬਾਤ ਲਈ ਪ੍ਰੋਪੋਜਲ ਭੇਜਿਆ ਹੈ, ਜਿਸ ਵਿੱਚ ਪੁਰਾਣੀਆਂ ਹੀ ਮੰਗਾਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਹਰ ਵੇਲੇ ਗੱਲਬਾਤ ਲਈ ਤਿਆਰ ਹੈ। ਅਸੀਂ ਕਈ ਲੀਡਰਾਂ ਨਾਲ ਗੱਲ ਕਰ ਰਹੇ ਹਾਂ ਤਾਂ ਜੋ ਮਸਲੇ ਦਾ ਹੱਲ ਨਿਕਲੇ।