‘ਦ ਖ਼ਾਲਸ ਬਿਊਰੋ :- ਕਾਂਗਰਸ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਫਿਰ ਤੋਂ ਕਿਸਾਨ ਲੀਡਰਾਂ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਕਿਸਾਨ ਲੀਡਰ ਅੰਦੋਲਨ ਦਾ ਹੱਲ ਨਹੀਂ ਕੱਢਣਾ ਚਾਹੁੰਦੇ। ਅੰਦੋਲਨ ਨੂੰ ਲੰਬਾ ਖਿੱਚ ਕੇ ਕਮਜ਼ੋਰ ਕਰਨਾ ਚਾਹੁੰਦੇ ਹਨ।
ਰਵਨੀਤ ਬਿੱਟੂ ਨੇ ਆਪਣੇ ਫੇਸਬੁੱਕ ਪੇਜ ‘ਤੇ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਦੀ ਸਿਆਸੀ ਲੀਡਰਾਂ ਨਾਲ ਤਸਵੀਰ ਸਾਂਝੀ ਕੀਤੀ ਹੈ। ਇਹ ਤਸਵੀਰ ਸਾਲ 2017 ਦੀ ਹੈ। ਬਿੱਟੂ ਨੇ ਇਲਜ਼ਾਮ ਲਗਾਇਆ ਕਿ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਦੀ ਭਾਰਤੀ ਕਿਸਾਨ ਯੂਨੀਅਨ ਨੇ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਸੀ। ਬਿੱਟੂ ਨੇ ਕਿਹਾ ਕਿ ਖੁਦ ਨੂੰ ਸਿਆਸਤ ਤੋਂ ਦੂਰ ਦੱਸਣ ਵਾਲੇ ਸ਼ੁਰੂ ਤੋਂ ਹੀ ਸਿਆਸਤ ਦੇ ਨਾਲ ਜੁੜੇ ਹੋਏ ਹਨ।
ਰਵਨੀਤ ਬਿੱਟੂ ਨੇ ਆਪਣੇ ਫੇਸਬੁੱਕ ਤੋਂ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਕਿਹਾ ਕਿ ‘ਅੱਜਕੱਲ੍ਹ ਸੱਚ ਕੈਮਰਿਆਂ ਵਿੱਚ ਕੈਦ ਰਹਿ ਜਾਂਦਾ ਹੈ ਅਤੇ ਲੋਕਾਂ ਨੂੰ ਸੱਚ ਦੱਸਣਾ ਸਾਡੀ ਜ਼ਿੰਮੇਵਾਰੀ ਹੈ। ਇਹ ਹਮੇਸ਼ਾ ਦਿੱਲੀ ਵਾਲਿਆਂ ਦਾ ਸਮਰਥਨ ਕਰਦੇ ਰਹੇ ਹਨ। ਸਾਲ 2017 ਵਿੱਚ ਵੀ ਇਹਨਾਂ ਇੱਕ ਬਾਹਰਲੀ ਪਾਰਟੀ ਆਮ ਆਦਮੀ ਪਾਰਟੀ ਦਾ ਸਮਰਥਨ ਕੀਤਾ, ਜਿਸ ਨੇ ਦਿੱਲੀ ਵਿੱਚ ਤਿੰਨ ਕਿਸਾਨ ਵਿਰੋਧੀ ਬਿੱਲਾਂ ਵਿੱਚੋਂ ਇੱਕ ਪਾਸ ਵੀ ਕਰ ਦਿੱਤਾ ਹੈ। ਜੇ ਇਹ ਪੰਜਾਬ ਬਾਰੇ ਚਿੰਤਤ ਹੁੰਦੇ ਤਾਂ ਕੇਂਦਰ ਸਰਕਾਰ ਨਾਲ ਹੋਈਆਂ 10-11 ਮੀਟਿੰਗਾਂ ਵਿੱਚ ਕਿਸਾਨੀ ਮੁੱਦੇ ਦਾ ਹੱਲ ਕੱਢ ਦਿੰਦੇ। ਇਹ ਉੱਥੇ ਸਿਰਫ ਖੇਡ ਤਮਾਸ਼ਾ ਕਰਦੇ ਰਹੇ ਹਨ ਤਾਂ ਕਿ ਅੰਦੋਲਨ ਲੰਬਾ ਖਿੱਚਦਾ ਰਹੇ ਅਤੇ ਕਮਜ਼ੋਰ ਹੁੰਦਾ ਰਹੇ। ਦਿੱਲੀ ਵਾਲਿਆਂ ਨਾਲ ਯਾਰੀਆਂ ਦੇ ਸ਼ੌਂਕ ਛੱਡੋ ਅਤੇ ਪੰਜਾਬ ਦੀ ਸੁੱਖ ਮੰਗੋ।’
ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਰਵਨੀਤ ਬਿੱਟੂ ਨੂੰ ਜਵਾਬ ਦਿੰਦਿਆਂ ਕਿਹਾ ਕਿ ‘ਰਵਨੀਤ ਬਿੱਟੂ ਆਪਣਾ ਦਿਮਾਗੀ ਸੰਤੁਲਨ ਖੋਹ ਚੁੱਕੇ ਹਨ। ਮੈਂ ਉਦੋਂ ਉੱਥੇ ਕਿਸੇ ਦੇ ਮਰਗ ਦੇ ਭੋਗ ‘ਤੇ ਗਿਆ ਸੀ ਅਤੇ ਉੱਥੇ ਉਨ੍ਹਾਂ ਨੂੰ ਪਹਿਲੀ ਵਾਰ ਮਿਲਿਆ ਸੀ। ਉੱਥੇ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ, ਸਾਰੀਆਂ ਕਿਸਾਨ ਜਥੇਬੰਦੀਆਂ ਹਾਜ਼ਿਰ ਸੀ। ਬਿੱਟੂ ਰਾਜਨੀਤਿਕ ਤੌਰ ‘ਤੇ ਪੂਰੀ ਤਰ੍ਹਾਂ ਉੱਖੜ ਚੁੱਕਾ ਹੈ, ਇਸ ਲਈ ਉਹ ਜੋ ਮਰਜ਼ੀ ਬੋਲ ਰਿਹਾ ਹੈ’।