‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੱਲ੍ਹ ਭਾਰਤ ਬੰਦ ਨੂੰ ਸਫਲ ਕਰਨ ਲਈ ਪੂਰੀ ਤਿਆਰੀ ਕਰ ਲਈ ਹੈ। ਜਥੇਬੰਦੀ ਦੇ ਸਾਰੇ ਵਰਕਰਾਂ ਦੀ ਜ਼ਿਲ੍ਹਾ ਪੱਧਰ ‘ਤੇ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 11 ਜ਼ਿਲ੍ਹਿਆਂ ਵਿੱਚ 151 ਥਾਂਵਾਂ ‘ਤੇ ਭਾਰਤ ਬੰਦ ਨੂੰ ਸਫਲ ਬਣਾਇਆ ਜਾਵੇਗਾ, ਉਸ ਵਿੱਚੋਂ 26 ਥਾਂਵਾਂ ‘ਤੇ ਰੇਲ ਮਾਰਗ ਜਾਮ ਕੀਤੇ ਜਾਣਗੇ ਅਤੇ ਸੜਕਾਂ ਜਾਮ ਕੀਤੀਆਂ ਜਾਣਗੀਆਂ। ਕੱਲ੍ਹ ਭਾਰਤ ਬੰਦ ਵਿੱਚ ਸਹਿਯੋਗ ਦੇਣ ਲਈ ਲੱਖਾਂ ਲੋਕਾਂ ਦੀ ਸ਼ਮੂਲੀਅਤ ਕਰਵਾਈ ਜਾਵੇਗੀ। ਪੰਧੇਰ ਨੇ ਦੁਕਾਨਦਾਰਾਂ, ਕਿਸਾਨਾਂ, ਮਜ਼ਦੂਰਾਂ, ਰੇਹੜੀ ਵਾਲਿਆਂ ਨੂੰ, ਸਾਰੇ ਕਾਰੋਬਾਰੀਆਂ, ਟਰਾਂਸਪੋਰਟਰਾਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਪੰਧੇਰ ਨੇ ਮੋਦੀ ਸਰਕਾਰ ਵੱਲੋਂ ਐੱਫਸੀਆਈ ਨੂੰ ਖਤਮ ਕਰਨ ਦੀ ਨਿੰਦਾ ਕੀਤੀ। ਕਰੋਨਾ ਦੀ ਆੜ ਵਿੱਚ ਜੋ ਕੁੱਝ ਵੀ ਕੀਤਾ ਜਾ ਰਿਹਾ ਹੈ, ਉਸਨੂੰ ਸਫਲ ਨਹੀਂ ਹੋਣ ਦਿਆਂਗੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੱਲ੍ਹ ਦੇ ਭਾਰਤ ਬੰਦ ਲਈ ਲੋਕਾਂ ਨੂੰ ਲਾਮਬੰਦ ਕਰਨ ਲਈ ਅੰਮ੍ਰਿਤਸਰ ਦੇ ਬਾਜ਼ਾਰਾਂ ਵਿੱਚ ਮਾਰਚ ਕੱਢਿਆ ਗਿਆ। ਜਥੇਬੰਦੀ ਨੇ ਸਾਰੇ ਕਾਰੋਬਾਰੀਆਂ ਅਤੇ ਹੋਰ ਲੋਕਾਂ ਨੂੰ ਦੁਕਾਨਾਂ ਅਤੇ ਬਾਕੀ ਅਦਾਰੇ 12 ਘੰਟੇ ਬੰਦ ਰੱਖਣ ਦੀ ਅਪੀਲ ਕੀਤੀ ਹੈ।