ਅੰਮ੍ਰਿਤਸਰ : ਮੁੱਖ ਮੰਤਰੀ ਪੰਜਾਬ ਵਲੋਂ ਝੋਨੇ ਦੀ ਲਵਾਈ ਸੰਬੰਧੀ ਕੀਤੇ ਐਲਾਨਾਂ ‘ਤੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕੁੱਝ ਸ਼ੰਕੇ ਖੜੇ ਕੀਤੇ ਹਨ। ਉਹਨਾਂ ਕਿਹਾ ਹੈ ਕਿ ਸਰਹੱਦੀ ਇਲਾਕੇ ਵਾਲੇ ਕਿਸਾਨਾਂ ਨੂੰ ਸਰਕਾਰ ਨੇ 10 ਜੂਨ ਦੀ ਤਰੀਕ ਦਿੱਤੀ ਹੈ।ਇਸ ਵਿੱਚ ਤਰਨਤਾਰਨ ਤੇ ਗੁਰਦਾਸਪੁਰ ਨੂੰ 16 ਜੂਨ ਤੇ ਅੰਮ੍ਰਿਤਸਰ ਨੂੰ 19 ਜੂਨ ਦਿੱਤੀ ਗਈ ਹੈ। ਇਸ ਵਿੱਚ ਸ਼ੰਕਾ ਵਾਲੀ ਸਥਿਤੀ ਉਤਪੰਨ ਹੁੰਦੀ ਹੈ।
ਪੰਧੇਰ ਨੇ ਕਿਹਾ ਹੈ ਕਿ ਮਾਝਾ ਬੈਲਟ ਦੇ ਜ਼ਿਲ੍ਹਿਆਂ ਦਾ ਪੌਣ-ਪਾਣੀ ਜੰਮੂ-ਕਸ਼ਮੀਰ ਦੀਆਂ ਸਰਦ ਹਵਾਵਾਂ ਤੋਂ ਪ੍ਰਭਾਵਿਤ ਹੁੰਦਾ ਹੈ ਤੇ ਜੇਕਰ ਝੋਨਾ ਲੇਟ ਵੱਢਿਆ ਜਾਵੇਗਾ ਤਾਂ ਇਸ ਵਿੱਚ ਨਮੀ ਦੀ ਮਾਤਰਾ ਨਿਰਧਾਰਤ ਮਾਨਕਾਂ ਤੋਂ ਵੱਧ ਹੋਵੇਗੀ।ਜਿਸ ਕਾਰਨ ਇਸ ਨੂੰ ਵੇਚਣ ਵਿੱਚ ਮੁਸ਼ਕਿਲ ਆਵੇਗੀ।ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।
ਪੰਧੇਰ ਨੇ ਮੁੱਖ ਮੰਤਰੀ ਦੀ ਪਾਣੀ ਬਚਾਉਣ ਵਾਲੀ ਤਜਵੀਜ਼ ਦੀ ਸਿਫ਼ਤ ਕੀਤੀ ਹੈ ਪਰ ਨਾਲ ਇਹ ਵੀ ਕਿਹਾ ਹੈ ਕਿ ਝੋਨਾ ਲੇਟ ਕਰ ਕੇ ਪਾਣੀ ਨਹੀਂ ਬਚੇਗਾ।ਇਸ ਦੇ ਲਈ ਹੋਰ ਬਦਲਵੀਆਂ ਫ਼ਸਲਾਂ ਜਿਵੇਂ ਦਾਲਾਂ ਤੇ ਮੱਕੀ ਤੇ ਐਮਐਸਪੀ ਦੀ ਗਰੰਟੀ ਦਿੱਤੀ ਜਾਵੇ ਤੇ ਮੰਡੀਆਂ ਵਿੱਚ ਵਿਕਣ ਦਾ ਭਰੋਸਾ ਹੋਵੇ ਤਾਂ ਪਾਣੀ ਬਚ ਸਕਦਾ ਹੈ। ਮੁੱਖ ਮੰਤਰੀ ਨੂੰ ਇਸ ਪਾਸੇ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।
ਪੰਧੇਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਮਾਨ ਨੇ ਸਿੱਧੀ ਬਿਜਾਈ ਦੀ ਲਈ 1500 ਰੁਪਏ ਕਿਸਾਨਾਂ ਨੂੰ ਦੇਣ ਦੀ ਗੱਲ ਕੀਤੀ ਹੈ ਪਰ ਪਿਛਲੇ ਸਾਲ ਵਾਲੇ ਤਾਂ ਹਾਲੇ ਤੱਕ ਮਿਲੇ ਨਹੀਂ ਹਨ। ਉਹਨਾਂ ਕਿਹਾ ਕਿ ਜਥੇਬੰਦੀ ਦੀ ਆਉਣ ਵਾਲੇ ਦਿਨਾਂ ਵਿੱਚ ਮੀਟਿੰਗ ਸੱਦ ਕੇ ਇਹਨਾਂ ਸਮੱਸਿਆਵਾਂ ਨੂੰ ਵਿਚਾਰਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਪਿਛਲੀ ਵਾਰ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਝੋਨੇ ਦੀ ਲਵਾਈ ਦੇ ਲਈ 4 ਪੜਾਅ ਮਿੱਥੇ ਸਨ ਪਰ ਉਸ ਵੇਲੇ ਵੀ ਵਿਵਾਦ ਹੋ ਗਿਆ ਸੀ । ਸੰਨ 2022 ਵਿੱਚ ਸਰਕਾਰ ਨੇ 18 ਜੂਨ ਤੋਂ ਝੋਨੇ ਦੀ ਲਵਾਈ ਦਾ ਐਲਾਨ ਕੀਤਾ ਸੀ ਪਰ ਕਿਸਾਨਾਂ ਨੇ ਇਸ ਦਾ ਵਿਰੋਧ ਕੀਤਾ ਸੀ । ਫਿਰ ਮੁੱਖ ਮੰਤਰੀ ਭਗਵੰਤ ਮਾਨ ਨੇ ਤਰੀਕਾਂ ਵਿੱਚ ਬਦਲਾਅ ਕੀਤਾ ਸੀ ਅਤੇ ਫਿਰ 14 ਅਤੇ 17 ਜੂਨ ਝੋਨੇ ਦੀ ਲਵਾਈ ਦੇ ਲਈ 2 ਤਰੀਕਾਂ ਤੈਅ ਕੀਤੀਆਂ ਗਈਆਂ ਸਨ ।