Khetibadi Lok Sabha Election 2024 Punjab

ਵੋਟਾਂ ਤੋਂ ਪਹਿਲਾਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦੀ ਪੰਜਾਬ ਵਾਸੀਆਂ ਨੂੰ ਭਾਵੁਕ ਅਪੀਲ! 2 ਜੂਨ ਲਈ ਕੀਤਾ ਵੱਡਾ ਐਲਾਨ

ਬਿਉਰੋ ਰਿਪੋਰਟ (ਗੁਰਪ੍ਰੀਤ ਕੌਰ) – 1 ਜੂਨ ਨੂੰ ਪੰਜਾਬ ਵਿੱਚ 13 ਲੋਕ ਸਭਾ ਸੀਟਾਂ ’ਤੇ ਵੋਟਿੰਗ ਹੋਣੀ ਹੈ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਪੰਜਾਬ ਨੂੰ ਵੋਟ ਕਰਨ ਦੀ ਅਪੀਲ ਤਾਂ ਕੀਤੀ ਪਰ ਨਾਲ ਹੀ ਕੁਝ ਅਹਿਮ ਗੱਲਾਂ ਵੀ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਨੇ ਅਪੀਲ ਕੀਤੀ ਹੈ ਵੋਟਾਂ ਪਾਉਣ ਵੇਲੇ ਹਿੰਦੂਆਂ ਤੇ ਸਿੱਖਾਂ ਦੀ ਭਾਈਚਾਰਕ ਸਾਂਝ ਵਿੱਚ ਪਾੜਾ ਪਾਉਣ ਵਾਲਿਆਂ ਤੋਂ ਅਲਰਟ ਰਹੋ, ਇਸ ਤੋਂ ਇਲਾਵਾ ਦਲਿਤਾਂ ਤੇ ਸਵਰਨਾਂ ਨੂੰ ਆਪਸ ਵਿੱਚ ਲੜਵਾ ਰਹੇ ਲੋਕਾਂ ਖਿਲਾਫ ਵੀ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨ। ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਹੈ ਕਿ ਵੋਟਾਂ ਤੋਂ ਅਗਲੇ ਦਿਨ 2 ਜੂਨ ਨੂੰ ਉੱਤਰ ਭਾਰਤ ਦੇ ਸੂਬਿਆਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਸ਼ੰਭੂ, ਖਨੌਰੀ ਤੇ ਹੋਰਨਾਂ ਸਰਹੱਦਾਂ ’ਤੇ ਆਪਣੇ ਟਰੈਕਟਰ-ਟਰਾਲੀਆਂ ਲੈ ਕੇ ਪੁੱਜ ਰਹੇ ਹਨ। ਇਸ ਦੇ ਲਈ ਉਨ੍ਹਾਂ ਪੰਜਾਬ ਵਾਸੀਆਂ ਨੂੰ ਵਧ-ਚੜ੍ਹ ਕੇ ਸਹਿਯੋਗ ਦੀ ਮੰਗ ਕੀਤੀ ਹੈ।

ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜੋ ਨਫ਼ਰਤ ਦੀ ਸਿਆਸਤ ਕਰ ਰਹੇ ਹਨ ਤੇ ਪੰਜਾਬ ਵਿੱਚ ਆ ਕੇ ਸਾਨੂੰ ਧਮਕੀਆਂ ਦੇ ਰਹੇ ਹਨ ਕਿ 1 ਜੂਨ ਲੰਘ ਲੈਣ ਦਿਓ ਤੁਹਾਨੂੰ ਵੇਖਾਂਗੇ, ਇਨ੍ਹਾਂ ਨੂੰ ਪੰਜਾਬ ਦੇ ਲੋਕ ਵੋਟ ਪਾਉਣ ਵੇਲੇ ਯਾਦ ਰੱਖਣ। ਪੰਧੇਰ ਨੇ ਪੰਜਾਬ ਦੇ ਵਪਾਰੀ ਵਰਗ ਨੂੰ ਵੀ ਯਾਦ ਦਿਵਾਇਆ ਹੈ ਕਿ ਕਿਸ ਤਰ੍ਹਾਂ ਜਦੋਂ ਕੋਰੋਨਾ ਕਾਲ ਵਿੱਚ ਵਪਾਰ ਖ਼ਤਮ ਕਰ ਦਿੱਤਾ ਗਿਆ ਤਾਂ ਉਸ ਦਾ ਅਜੇ ਤਕ ਸਰਕਾਰ ਵੱਲੋਂ ਧੇਲਾ ਨਹੀਂ ਦਿੱਤਾ ਗਿਆ। ਉਨ੍ਹਾਂ ਪਰਵਾਸੀ ਮਜ਼ਦੂਰਾਂ ਨੂੰ ਯਾਦ ਦਿਵਾਇਆ ਕਿ ਕਿਸ ਤਰ੍ਹਾਂ ਜਦੋਂ ਉਹ ਪੰਜਾਬ ਛੱਡ ਤੇ ਆਪਣੇ ਘਰਾਂ ਨੂੰ ਜਾ ਰਹੇ ਸੀ ਤਾਂ ਹਰਿਆਣਾ ਦੇ ਬਾਰਡਰਾਂ ’ਤੇ ਉਨ੍ਹਾਂ ਨੂੰ ਡਾਂਗਾਂ ਵਰ੍ਹਾਈਆਂ ਗਈਆਂ। ਉਹ ਇਹ ਸਾਰਾ ਬਿਰਤਾਂਤ ਕਦੇ ਵੀ ਨਾ ਭੁੱਲ੍ਹਣ।

ਕਿਸਾਨੀ ਅੰਦੋਲਨ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਹਰਿਆਣਾ ਦੇ ਬਾਰਡਰਾਂ ’ਤੇ ਕਿਸਾਨ ਅੰਦੋਲਨ ਚੱਲਦਿਆਂ ਨੂੰ 110 ਦਿਨ ਹੋ ਗਏ ਹਨ। ਕਿਸਾਨ-ਮਜ਼ਦੂਰਾਂ ਨੂੰ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਦਾ ਹੱਕ ਨਹੀਂ ਦਿੱਤਾ। ਬਲਕਿ ਉਨ੍ਹਾਂ ਨੂੰ ਰਾਜਧਾਨੀ ਜਾਣ ਤੋਂ ਰੋਕਣ ਲਈ ਪੰਜਾਬ ਦੇ 3-4 ਕੌਮੀ ਹਾਈਵੇਅਜ਼ ’ਤੇ ਦੀਵਾਰਾਂ ਕੱਢੀਆਂ ਹੋਈਆਂ ਹਨ। ਏਨਾ ਹੀ ਨਹੀਂ, ਸਰਕਾਰ ਵੱਲੋਂ ਕਿਸਾਨਾਂ ਦੇ ਸੁਆਗਤ ਲਈ ਨੁਕੀਲੇ ਕਿੱਲਾਂ ਦੀ ਖੇਤੀ ਕੀਤੀ ਗਈ ਤੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਅਰਧ ਸੈਨਿਕ ਬਲ ਤਾਇਨਾਤ ਕੀਤੇ ਗਏ।

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨਾਂ ’ਤੇ ਮੋਦੀ ਵੱਲੋਂ ਜਿਸ ਤਰ੍ਹਾਂ ਉਨ੍ਹਾਂ ਦੇ ਨਾਲ ਕੀਤਾ ਗਿਆ ਹੈ ਉਹ ਕਦੀ ਭੁਲਾਇਆ ਨਹੀਂ ਜਾ ਸਕਦਾ। ਲੋਕ ਇਹ ਯਾਦ ਰੱਖਣ ਕਿ ਸਰਕਾਰ ਵੱਲੋਂ ਕਿਸਾਨਾਂ ’ਤੇ 12 ਬੋਰ ਦੀਆਂ ਗੋਲ਼ੀਆਂ ਚਲਾਈਆਂ ਗਈਆਂ,ਰਬੜ ਦੀਆਂ ਗੋਲ਼ੀਆਂ ਚਲਾਈਆਂ ਗਈਆਂ, ਹੰਝੂ ਗੈਸ ਦੇ ਨਾਲ-ਨਾਸ ਜ਼ਹਿਰੀਲੀਆਂ ਗੈਲਾਂ ਕਿਸਾਨਾਂ ’ਤੇ ਸੁੱਟੀਆਂ ਗਈਆਂ। ਕਿਸਾਨਾਂ ਉੱਤੇ ਦੂਰ ਤੱਕ ਮਾਰ ਕਰਨ ਲਈ ਪੁਲਿਸ ਨੇ ਡਰੋਨ ਦੀ ਵੀ ਮਦਦ ਲਈ।

ਉਨ੍ਹਾਂ ਇਲਜ਼ਾਮ ਲਾਇਆ ਕਿ ਅਰਧ ਸੈਨਿਕ ਬਲਾਂ ਨੇ ਬਾਰਡਰਾਂ ਦੇ ਅੰਦਰ ਆ ਕੇ ਕਿਸਾਨਾਂ ਦੇ ਟਰੈਕਟਰ ’ਤੇ ਮਹਿੰਗੀ ਮਸ਼ੀਨਰੀ ਦਾ ਨੁਕਸਾਨ ਕੀਤਾ। 22 ਸਾਲ ਦੇ ਨੌਜਵਾਨ ਕਿਸਾਨ ਸ਼ਹੀਦ ਸ਼ੁਭਕਰਨ ਸਿੰਘ ਨੂੰ ਗੋਲ਼ੀ ਨਾਲ ਸ਼ਹੀਦ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਮੋਰਚੇ ’ਤੇ 450 ਦੇ ਕਰੀਬ ਕਿਸਾਨ ਜ਼ਖ਼ਮੀ ਹੋਏ ਹਨ। ਬਹੁਤ ਸਾਰੇ ਕਿਸਾਨਾਂ ਦੀਆਂ ਅੱਖਾਂ, ਲੱਤਾਂ ਤੇ ਬਾਹਵਾਂ ਦਾ ਨੁਕਸਾਨ ਹੋਇਆ ਹੈ। ਪੰਜਾਬ ਦੇ ਲੋਕ ਵੋਟ ਪਾਉਣ ਵੇਲੇ ਉਨ੍ਹਾਂ ਕਿਸਾਨਾਂ ਨੂੰ ਯਾਦ ਰੱਖਣ।

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿਸਾਨ ਸਿਰਫ਼ ਆਪਣੀ ਫ਼ਸਲ ਲਈ MSP ਦੀ ਗਰੰਟੀ ਦੀ ਮੰਗ ਕਰ ਰਹੇ ਸੀ। ਸਰਕਾਰ ਨੇ ਕਾਰਪੋਰੇਟ ਦਾ 14,57,000 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਹੈ ਪਰ ਕਿਸਾਨਾਂ ਲਈ ਕੁਝ ਨਹੀਂ। ਲਖੀਮਪੁਰ ਖੀਰੀ ਹਾਦਸੇ ਦੇ ਮੁਲਜ਼ਮਾਂ ਨੂੰ ਸਜ਼ਾ ਦੀ ਮੰਗ ਕੀਤੀ ਗਈ ਪਰ ਉਸ ਨੂੰ ਸਰਕਾਰ ਨੇ ਟਿਕਟ ਨਾਲ ਨਵਾਜਿਆ। ਉਨ੍ਹਾਂ ਪੰਜਾਬ ਦੇ ਵੋਟਰਾਂ ਨੂੰ ਕਿਹਾ ਕਿ ਇਸ ਕਰਕੇ ਉਹ ਅਪੀਲ ਕਰਦੇ ਹਨ ਕਿ ਵੋਟ ਭਾਵੇਂ ਜਿਸ ਨੂੰ ਮਰਜ਼ੀ ਪਾਇਓ, ਪਰ ਨਫ਼ਰਤ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ।