‘ਦ ਖ਼ਾਲਸ ਬਿਊਰੋ :- ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ ਕਰਦਿਆਂ 100 ਦਿਨਾਂ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਪਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ। ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਕਈ ਐਲਾਨ ਕੀਤੇ ਜਾ ਰਹੇ ਹਨ। ਕਿਸਾਨ ਲੀਡਰ ਸਰਕਾਰ ਨਾਲ ਗੱਲਬਾਤ ਕਰਨ ਲਈ ਤਿਆਰ ਹਨ ਪਰ ਸਰਕਾਰ ਵੱਲੋਂ ਕਿਸਾਨਾਂ ਨੂੰ ਕੋਈ ਹੁੰਗਾਰਾ ਨਹੀਂ ਦਿੱਤਾ ਦਾ ਰਿਹਾ।
ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਮੱਧ ਪ੍ਰਦੇਸ਼ ਵਿੱਚ ਹੋਈ ਕਿਸਾਨ ਰੈਲੀ ਦੌਰਾਨ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ‘ਜੇਕਰ ਜ਼ਰੂਰਤ ਪਈ ਤਾਂ ਅਸੀਂ ਤਿੰਨੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੱਖਾਂ ਦੀ ਗਿਣਤੀ ਵਿੱਚ ਟਰੈਕਟਰਾਂ ’ਤੇ ਸੰਸਦ ਪਹੁੰਚਾਂਗੇ। ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਗ੍ਰਹਿ ਮੰਤਰੀ ਨਰੇਂਦਰ ਸਿੰਘ ਤੋਮਰ ਨੂੰ ਬਿਨ੍ਹਾਂ ਅਧਿਕਾਰ ਦਾ ਕੇਂਦਰੀ ਖੇਤੀ ਮੰਤਰੀ ਦੱਸਿਆ। ਉਨ੍ਹਾਂ ਕਿਹਾ ਕਿ ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਟਰੈਕਟਰ ਪਰੇਡ ਦੌਰਾਨ 3,500 ਟਰੈਕਟਰ ਆਏ ਸਨ ਅਤੇ ਉਹ ਕੋਈ ਕਿਰਾਏ ਦੇ ਨਹੀਂ ਸਨ’।
ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਕਿਹਾ ਕਿ ‘ਤੁਸੀਂ ਜਿਸ ਨੇਤਾ ਨੂੰ ਚੁਣਿਆ ਹੈ, ਉਹ ਆਪਣੇ ਵੱਲੋਂ ਜਵਾਬ ਨਹੀਂ ਦੇ ਸਕਦੇ ਹਨ। ਉਹ ਫਾਈਲਾਂ ਨਾਲ ਵਾਪਸ ਜਾਂਦੇ ਸਨ ਅਤੇ ਜਵਾਬ ਨਾਲ ਵਾਪਸ ਆਉਂਦੇ ਸਨ। ਲੁੱਟਣ ਵਾਲੀ ਸਰਕਾਰ ਹੁਣ ਸੱਤਾ ਵਿੱਚ ਆ ਗਈ ਹੈ, ਜਿਸ ਕਾਰਨ ਸਾਨੂੰ ਇਸ ਤੋਂ ਸੁਚੇਤ ਰਹਿਣਾ ਪਵੇਗਾ। ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ ਸ਼ਯੋਪੁਰ ਤੋਂ ਹੀ ਬੈਰੀਕੇਡਿੰਗ ਤੋੜਨੀ ਸ਼ੁਰੂ ਕਰਨ ਦੀ ਹਦਾਇਤ ਦਿੱਤੀ। ਉਨ੍ਹਾਂ ਨੇ ਹਲ ਕ੍ਰਾਂਤੀ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ।
ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਅਨਿਲ ਯਾਦਵ ਨੇ ਕਿਹਾ ਕਿ ਕਿਸਾਨ ਲੀਡਰ ਰਾਕੇਸ਼ ਟਿਕੈਤ 14 ਅਤੇ 15 ਮਾਰਚ ਨੂੰ ਰੀਵਾ ਅਤੇ ਜਬਲਪੁਰ ਵਿੱਚ 2 ਹੋਰ ਕਿਸਾਨ ਰੈਲੀਆਂ ਨੂੰ ਸੰਬੋਧਿਤ ਕਰਨਗੇ। ਜਾਣਕਾਰੀ ਮੁਤਾਬਕ ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਅਤੇ ਕਿਸਾਨੀ ਅੰਦੋਲਨ ਦਾ ਸਮਰਥਨ ਹਾਸਿਲ ਕਰਨ ਲਈ 5 ਸੂਬਿਆਂ ਮੱਧ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ, ਕਰਨਾਟਕ ਅਤੇ ਤੇਲੰਗਾਨਾ ਦਾ ਦੌਰਾ ਕਰਨ ਦੀ ਯੋਜਨਾ ਬਣਾਈ ਹੈ।