Punjab

ਕਿਸਾਨ ਆਗੂ ਪੰਧੇਰ ਦੀ ਸੁਨੀਲ ਜਾਖੜ ਨੂੰ ਨਸੀਹਤ, ਕਿਹਾ ਲੋਕਾਂ ਨੂੰ ਗੁੰਮਰਾਹ ਕਰਨ ਕਰੋ ਬੰਦ…

Farmer leader Pandher's advice to Sunil Jakhar, said to stop responding to people...

ਚੰਡੀਗੜ੍ਹ : ਪੰਜਾਬ-ਹਰਿਆਣਾ ਦੇ ਸ਼ੰਭੂ-ਖਨੌਰੀ ਸਰਹੱਦ ‘ਤੇ ਅੰਦੋਲਨ ਕਰ ਰਹੇ ਕਿਸਾਨ 6 ਮਾਰਚ ਨੂੰ ਦਿੱਲੀ ਵੱਲ ਮਾਰਚ ਕਰਨਗੇ। 10 ਮਾਰਚ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਦੇਸ਼ ਭਰ ਵਿੱਚ ਟਰੇਨਾਂ ਵੀ ਬੰਦ ਰਹਿਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਰਕਾਰ ਕਹਿ ਰਹੀ ਹੈ ਕਿ ਬੱਸ ਜਾਂ ਫਿਰ ਟ੍ਰੇਨ ‘ਤੇ ਕਿਸਾਨ ਦਿੱਲੀ ਆ ਜਾਣ। ਪੰਧੇਰ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਉਦੋਂ ਦਿੱਲੀ ਜਾਣਗੇ ਜਦੋਂ ਰਾਜ ਸਰਕਾਰ ਕਿਸਾਨਾਂ ਨੂੰ ਜਾਣ ਲਈ ਰਾਹ ਦੇਵੇਗੀ।

ਪੰਧੇਰ ਨੇ ਇਹ ਵੀ ਕਿਹਾ ਕਿ 6 ਮਾਰਚ ਨੂੰ ਹਰਿਆਣਾ-ਪੰਜਾਬ ਨੂੰ ਛੱਡ ਕੇ ਬਾਕੀ ਸੂਬਿਆਂ ਦੇ ਕਿਸਾਨ ਆਪੋ-ਆਪਣੇ ਢੰਗ ਨਾਲ ਦਿੱਲੀ ਪੁੱਜੇ। ਉਹ ਰੇਲਗੱਡੀ ਰਾਹੀਂ ਆਉਣ ਜਾਂ ਬੱਸ ਰਾਹੀਂ ਦਿੱਲੀ ਪਹੁੰਚ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਕੁਝ ਮੀਡੀਆ ਅਦਾਰੇ ਅੰਦੋਲਨ ਬਾਰੇ ਲਏ ਗਏ ਫੈਸਲਿਆਂ ਨੂੰ ਗਲਤ ਢੰਗ ਨਾਲ ਚਲਾ ਰਹੇ ਹਨ।

ਪੰਧੇਰ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਹੋਰ ਰਾਜਾਂ ਦੇ ਕਿਸਾਨਾਂ ਨੂੰ ਦਿੱਲੀ ਜੰਤਰ ਮੰਤਰ ‘ਤੇ ਅੰਦੋਲਨ ਲਈ ਥਾਂ ਦੇ ਦਿੰਦੀ ਹੈ ਤਾਂ ਇੱਕ ਮੋਰਚਾ ਦਿੱਲੀ ਲੱਗ ਜਾਵੇਗਾ ਅਤੇ ਦੂਜਾ ਮੋਰਚਾ ਹਰਿਆਣਾ ਬਾਰਡਰ ‘ਤੇ ਲੱਗਿਆ ਹੋਇਆ ਹੈ। ਪੰਧੇਰ ਨੇ ਕਿਹਾ ਉਹ ਡੱਬਵਾਲੀ ਵਿਖੇ ਕਿਸਾਨਾਂ ਦਾ ਤੀਜਾ ਮੋਰਚਾ ਲਗਾਉਣ ਜਾ ਰਹੇ ਹਨ। ਕੇਂਦਰ ਸਰਕਾਰ ‘ਤੇ ਵਰ੍ਹਦਿਆਂ ਪੰਧੇਰ ਨੇ ਕਿ ਮੋਦੀ ਸਰਕਾਰ ਕਿਸਾਨਾਂ ਨਾਲ ਕੀਤੇ ਗਏ ਵਾਅਦਿਆਂ ਤੋਂ ਭੱਜ ਰਹੀ ਹੈ ਅਤੇ ਕਿਸਾਨੀ ਅੰਦੋਲਨ ਨੂੰ ਗੋਦੀ ਮੀਡੀਆ ਰਾਹੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਝੂਠਾ ਪ੍ਰਾਪੇਗੰਡਾ ਫੈਲਾ ਰਹੀ ਹੈ, ਅਸੀਂ ਡਟੇ ਹੋਏ ਹਾਂ ਤੇ ਡਟੇ ਰਹਾਂਗੇ, ਮੋਰਚਾ ਚੜ੍ਹਦੀ ਕਲਾ ਚ ਰਹੇਗਾ ਭਾਵੇਂ ਚੋਣ ਜ਼ਾਬਤਾ ਲੱਗ ਜਾਵੇ । ਪੰਧੇਰਨੇ ਕਿਹਾ ਕਿ ਮੋਦੀ ਸਰਕਾਰ ਸਾਡਾ ਸੰਘਰਸ਼ ਡੀਰੇਲ ਕਰਨਾ ਚਾਹੁੰਦੀ ਹੈ, ਪਰ ਸਰਕਾਰ ਦੇ ਮਨਸੂਬੇ ਕਾਮਯਾਬ ਨਹੀਂ ਹੋਣਗੇ, ਸਾਡਾ ਰੇਲ ਰੋਕੋ ਸਰਕਾਰ ਨੂੰ ਕਿਸਾਨਾਂ ਦੀ ਤਾਕਤ ਦਿਖਾਵੇਗਾ।

ਪੰਧੇਰ ਨੇ ਕਿਹਾ ਕਿ ਅੰਦੋਲਨ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਹੈ ਕਿ ਇਹ ਅੰਦੋਲਨ ਪੰਧੇਰ ਤੇ ਡੱਲੇਵਾਲ ਦੀਆਂ ਜੱਥੇਬੰਦੀਆਂ ਦਾ ਹੈ ਪਰ ਇਹ 200+ ਯੂਨੀਅਨਾਂ ਦਾ ਅੰਦੋਲਨ ਹੈ।

ਪੰਜਾਬ ਭਾਬਪਾ ਪ੍ਰਧਾਨ ਸੁਨੀਲ ਜਾਖੜ ਦੇ ਕਿਸਾਨ ਆਗੂਆਂ ਬਾਰੇ ਦਿੱਤੇ ਗਏ ਬਿਆਨ ਦੀ ਜਵਾਬ ਦਿੰਦਿਆਂ ਪੰਧੇਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਰਾਹ ਬੰਦ ਕੀਤੇ, 70 ਹਜ਼ਾਰ ਅਰਧ ਸੈਨਿਕ ਫੋਰਸ ਤੈਨਾਤ ਕੀਤੀ, ਪੰਜਾਬ ਦੀ ਹੱਦ ਅੰਦਰ ਆ ਕੇ ਕਿਸਾਨਾਂ ‘ਤੇ ਤਸ਼ੱਦਦ ਕੀਤਾ ਗਿਆ ਅਤੇ ਕਿਸਾਨ ਸ਼ੁਭਕਰਨ ਦੀ ਮੌਤ ‘ਤੇ ਸੁਨੀਲ ਜਾਖੜ ਦਾ ਇੱਕ ਵੀ ਬਿਆਨ ਸਾਹਮਣੇ ਨਹੀਂ ਆਇਆ।

  • ਨੌਜਵਾਨਾਂ ਨੂੰ ਭੜਕਾਉਣ ਵਾਲੇ ਬਿਆਨ ‘ਤੇ ਪੰਧੇਰ ਨੇ ਜਾਖੜ ਨੂੰ ਸਵਾਲ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੇ ਹੱਕ ਲੈ ਕੇ ਦੇਣਾ ਕੀ ਭੜਕਾਉਣਾ ਹੈ?
  • ਕੀ MSP ਕਾਨੂੰਨ ਲਾਗੂ ਕਰਵਾਉਣਾ ਭੜਕਾਉਣਾ ਹੈ?
  • ਕੀ ਕਿਸਾਨਾਂ ਦਾ ਕਰਜ਼ਾ ਮੁਆਫ ਕਰਵਾਉਣਾ ਭੜਕਾਉਣਾ ਹੈ?

ਪੰਧੇਰ ਨੇ ਸੁਨੀਲ ਜਾਖੜ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਉਹ ਭਾਜਪਾ ਦੀਆਂ ਗੱਲਾਂ ਵਿੱਚ ਆ ਕੇ ਲੋਕਾਂ ਨੂੰ ਗੁੰਮਰਾਹ ਨਾ ਕਰਨ।