ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਪੰਜਾਬ ਸਰਕਾਰ ਦੇ ਬਜਟ ਵਿੱਚ ਆਮ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਔਰਤਾਂ ਲਈ ਵਿਸ਼ੇਸ਼ ਧਿਆਨ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਖੇਤੀ ਆਧਾਰਿਤ ਸੂਬਾ ਹੋਣ ਕਰਕੇ ਇਸ ਵਧੇ ਹੋਏ ਖਰਚਿਆ ਦੇ ਹੇਠ ਆਈ ਹੋਈ ਕਿਸਾਨੀ ਨੂੰ ਸਬਸਿਡੀਆਂ ਦੇਣ ਲਈ ਬਜਟ ਰੱਖਿਆ ਜਾਵੇ।
ਪੰਧੇਰ ਨੇ ਕਿਹਾ ਕਿ ਐੱਮ ਐੱਸ ਪੀ ਗਰੰਟੀ ਕਨੂੰਨ ਦੇਣ ਦੀ ਕਵਾਇਦ ਉੱਤੇ ਚਰਚਾ ਹੋਵੇ। ਉਨ੍ਹਾਂ ਨੇ ਕਿਹਾ ਕਿ ਮਜ਼ਦੂਰ ਵਰਗ ਨੂੰ ਮਨਰੇਗਾ ਤਹਿਤ ਵੱਧ ਤੋਂ ਵੱਧ ਰੁਜਗਾਰ ਦੇਣ ਲਈ ਪੰਜਾਬ ਸਰਕਾਰ ਰਾਖਵਾਂ ਬਜਟ ਰੱਖੇ। ਸਰਕਾਰ ਨੂੰ ਚੋਣ ਪ੍ਰਚਾਰ ਦੌਰਾਨ ਕੀਤੇ ਗਏ ਵਾਅਦੇ ਪੂਰੇ ਕਰਨ ਲਈ ਵਿਸ਼ੇਸ਼ ਕਦਮ ਚੁੱਕਣੇ ਚਾਹੀਦੇ ਹਨ। ਪਿਛਲੇ ਸਮੇਂ ਵਿਚ ਕੁਦਰਤੀ ਮਾਰ ਕਾਰਨ ਮਰੀਆਂ ਫਸਲਾਂ ਦੇ ਮੁਆਵਜੇ ਦੇਣ, ਨਸ਼ੇ ਦੀ ਮਾਰ ਹੇਠ ਆਏ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਨ, ਰੁਜਗਾਰ ਉੱਤੇ ਵਿਸ਼ੇਸ਼ ਧਿਆਨ ਦੇਣ, ਚੋਣ ਵਾਅਦੇ ਅਨੁਸਾਰ ਬੁਢਾਪਾ ਪੈਨਸ਼ਨ ਡਬਲ ਅਤੇ 18 ਸਾਲ ਦੀ ਉਮਰ ਤੋਂ ਉਪਰ ਔਰਤਾਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਪ੍ਰਬੰਧ ਕੀਤੇ ਜਾਣ ਲਈ ਵੀ ਕਿਹਾ ਹੈ। ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਵਿਚ ਸਿੱਖਿਆ ਦਾ ਮਿਆਰ ਸੁਧਾਰਨ ਲਈ ਵਿਸ਼ੇਸ਼ ਪੈਕਜ ਰੱਖੇ ਜਾਣ।