ਬਿਉਰੋ ਰਿਪੋਰਟ: 13 ਫਰਵਰੀ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੀ ਆਗਾਮੀ ਰਣਨੀਤੀ ਦੇ ਹਿੱਸੇ ਵੱਜੋਂ ਅੰਦੋਲਨ ਨੂੰ ਹੋਰ ਤੇਜ਼ ਕਰਦੇ ਹੋਏ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਵੱਲੋਂ ਭਲਕੇ 26 ਨਵੰਬਰ ਤੋਂ ਖਨੌਰੀ ਬਾਰਡਰ ਵਿਖੇ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਦੇਸ਼ ਭਰ ਤੋਂ ਕਿਸਾਨ ਆਗੂ ਖਨੌਰੀ ਸਰਹੱਦ ’ਤੇ ਹਾਜ਼ਰ ਹੋਣਗੇ। ਕਿਸਾਨਾਂ ਦੇ ਵੱਡੇ ਜੱਥੇ ਖਨੌਰੀ ਬਾਰਡਰ ਉੱਪਰ ਲਗਾਤਾਰ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਕਿਸਾਨ ਆਗੂ ਸੁਖਜੀਤ ਸਿੰਘ ਹਰਦੋਝੰਡੇ ਮਰਨ ਵਰਤ ਉਪਰ ਬੈਠਣਗੇ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਜਾਂ ਤਾਂ ਉਹ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਵਾ ਕੇ ਆਪਣੇ ਪਿੰਡ ਪਰਤਣਗੇ ਜਾਂ ਫਿਰ ਉਨ੍ਹਾਂ ਦੀ ਮ੍ਰਿਤਕ ਦੇਹ ਵਾਪਿਸ ਪਿੰਡ ਜਾਵੇਗੀ। ਉਹਨਾਂ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੀ ਮ੍ਰਿਤਕ ਦੇਹ ਉਸ ਸਮੇਂ ਤੱਕ ਬਾਰਡਰ ਤੇ ਹੀ ਰੱਖੀ ਜਾਵੇ ਗੀ ਜਦੋਂ ਤੱਕ ਸਰਕਾਰ ਵੱਲੋਂ ਲਿਖਤ ਵਿੱਚ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾਂਦਾ ਤੇ ਸਰਕਾਰ ਕੀਤੇ ਗਏ ਵਾਅਦਿਆਂ ਨੂੰ ਲਾਗੂ ਨਹੀਂ ਕੀਤਾ ਜਾਂਦਾ।
ਖਨੌਰੀ ਬਾਰਡਰ ਪਹੁੰਚਣ ਤੋਂ ਪਹਿਲਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋ ਅੱਜ ਫਰੀਦਕੋਟ ਪਹੁੰਚ ਕੇ ਆਪਣੀ ਸਾਰੀ ਜ਼ਮੀਨ ਅਤੇ ਜਾਇਦਾਦ ਆਪਣੇ ਪਰਿਵਾਰਕ ਮੈਂਬਰਾਂ (ਪੁੱਤਰ, ਨੂੰਹ, ਪੋਤਰੇ) ਦੇ ਨਾਂ ’ਤੇ ਕਰਵਾ ਦਿੱਤੀ ਗਈ। ਇਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਉਹ ਰਸਮਾਂ ਪੂਰੀਆਂ ਕਰਨ ਲਈ ਮਰਨ ਵਰਤ ਨਹੀਂ ਰੱਖ ਰਹੇ ਸਗੋਂ ਕਿਸਾਨਾਂ ਦੀਆਂ ਮੰਗਾਂ ਦੀ ਪੂਰਤੀ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਹਨ ਅਤੇ ਇਹ ਲੜਾਈ ਆਪਣੇ ਆਖਰੀ ਸਾਹ ਤੱਕ ਜਾਰੀ ਰੱਖਣਗੇ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਕੱਲ੍ਹ ਦੁਪਹਿਰ 12 ਵਜੇ ਤੋਂ ਖਨੌਰੀ ਸਰਹੱਦ ਵਿਖੇ ਮਰਨ ਵਰਤ ਸ਼ੁਰੂ ਕਰਨਗੇ ਜਿਸ ਸਬੰਧੀ ਉਹਨਾਂ ਸਾਰੇ ਮੀਡੀਆ ਸਾਥੀਆਂ ਨੂੰ ਵੀ ਨਿਮਰਤਾ ਸਹਿਤ ਬੇਨਤੀ ਕਰਦੇ ਹੋਏ ਕਿਹਾ ਕਿ ਉਹ ਭਲਕੇ 26 ਨਵੰਬਰ ਖਨੌਰੀ ਬਾਰਡਰ ਉੱਪਰ ਪਹੁੰਚ ਕੇ ਇਸ ਅੰਦੋਲਨ ਨੂੰ ਕਵਰ ਕਰਨ ਦੀ ਕਿਰਪਾਲਤਾ ਕਰਨ ਅਤੇ ਹਰ ਇੱਕ ਇਨਸਾਨ ਦੇ ਹੱਕਾਂ ਲਈ ਲੜੇ ਜਾ ਰਹੇ ਅੰਦੋਲਨ ਦੀ ਗੱਲ ਨੂੰ ਕਵਰ ਕਰਕੇ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚਾਉਣ।