‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਹਰਿਆਣਾ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ‘ਹਰਿਆਣਾ ਸਰਕਾਰ ਜਾਣ-ਬੁੱਝ ਕੇ ਕਿਸਾਨਾਂ ਦੇ ਨਾਲ ਛੇੜ-ਛਾੜ ਕਰ ਰਹੀ ਹੈ। ਦੋ ਦਿਨ ਪਹਿਲਾਂ ਬੀਜੇਪੀ ਨੇ ਝੱਜਰ ਵਿੱਚ ਆਪਣੇ ਦਫਤਰ ਦਾ ਉਦਘਾਟਨ ਕੀਤਾ ਸੀ ਅਤੇ ਕਿਸਾਨ ਉੱਥੇ ਵਿਰੋਧ ਕਰਨ ਲਈ ਗਏ ਸਨ ਪਰ ਉਸ ਤੋਂ ਪਹਿਲਾਂ ਬੀਜੇਪੀ ਲੀਡਰ ਓਪੀ ਧਨਖੜ ਉੱਥੋਂ ਜਾ ਚੁੱਕਾ ਸੀ। ਕਿਸਾਨਾਂ ਨੇ ਉੱਥੇ ਜਾ ਕੇ ਸਿਰਫ ਪ੍ਰਦਰਸ਼ਨ ਕੀਤਾ ਸੀ। ਲੋਕਾਂ ਵੱਲੋਂ ਦਫਤਰ ਦਾ ਨੀਂਹ ਪੱਥਰ ਉਖੇੜਿਆ ਗਿਆ ਸੀ। ਪਰ ਉਨ੍ਹਾਂ ਲੋਕਾਂ ‘ਤੇ ਪੁਲਿਸ ਨੇ ਪਰਚਾ ਦਰਜ ਕੀਤਾ ਹੈ ਅਤੇ ਪੁਲਿਸ ਨੇ ਕਈ ਲੋਕਾਂ ‘ਤੇ ਪਰਚਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਦੇ ਘਰਾਂ ਵਿੱਚ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਵੀ ਕੀਤੀ ਹੈ’।
ਚੜੂਨੀ ਨੇ ਕਿਹਾ ਕਿ ‘ਮੈਂ ਹਰਿਆਣਾ ਸਰਕਾਰ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਸ ਘਟਨਾ ‘ਤੇ ਕੋਈ ਮੁਕੱਦਮਾ ਬਣਦਾ ਹੀ ਨਹੀਂ ਹੈ ਕਿਉਂਕਿ ਲੋਕਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਧਨਖੜ ਜਾ ਚੁੱਕੇ ਸਨ ਅਤੇ ਕਿਸੇ ਦੇ ਨਾਲ ਕੁੱਟਮਾਰ ਨਹੀਂ ਕੀਤੀ ਗਈ ਸੀ। ਸਰਕਾਰ ਜਾਣ-ਬੁੱਝ ਕੇ ਇਸ ਤਰ੍ਹਾਂ ਦੀਆਂ ਛੇੜਖਾਨੀਆਂ ਕਰਕੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨਾ ਚਾਹੁੰਦੀ ਹੈ। ਚੜੂਨੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਰੇ ਲੋਕ ਬੀਜੇਪੀ ਦੀਆਂ ਇਨ੍ਹਾਂ ਚਾਲਾਂ ਤੋਂ ਚੌਕਸ ਰਹਿਣ’।
ਚੜੂਨੀ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ‘ਜੇ ਸਰਕਾਰ ਨੇ ਇਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫਿਰ ਇਹ ਨਾ ਸਮਝ ਲੈਣਾ ਕਿ ਇਹ ਦੋ ਲੋਕ ਹਨ, ਇਹ 10 ਲੋਕ ਹੋ ਜਾਣਗੇ। ਇਨ੍ਹਾਂ ਨਾਲ ਪੂਰਾ ਹਰਿਆਣਾ ਜੇਲ੍ਹ ਜਾਣ ਲਈ ਤਿਆਰ ਹੈ, ਫਿਰ ਤੁਸੀਂ ਆਪਣੀ ਜੇਲ੍ਹ ਤਿਆਰ ਰੱਖਣਾ। ਜੇਕਰ ਸਰਕਾਰ ਨੂੰ ਕਿਸਾਨ ਗ੍ਰਿਫਤਾਰ ਕਰਨੇ ਹੀ ਹਨ ਤਾਂ ਸਾਨੂੰ ਦੱਸ ਦੇਣ, ਅਸੀਂ ਸਾਰੇ ਹਰਿਆਣਾ ਦੇ ਕਿਸਾਨ ਗ੍ਰਿਫਤਾਰੀ ਦੇਣ ਲਈ ਪਹੁੰਚ ਜਾਵਾਂਗੇ। ਇਸ ਚਿਤਾਵਨੀ ਨੂੰ ਸਰਕਾਰ ਬਿਲਕੁਲ ਹਲਕੇ ਵਿੱਚ ਨਾ ਲਵੇ। ਚੜੂਨੀ ਨੇ ਸਾਰੇ ਕਿਸਾਨਾਂ ਨੂੰ ਗ੍ਰਿਫਤਾਰੀਆਂ ਦੇਣ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਹੈ’।