‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਿਸਾਨਾਂ ਦੀਆਂ ਜ਼ਮੀਨਾਂ ਉੱਤੇ ਕਬਜ਼ਾ ਕਰਨ ਦੇ ਖਿਲਾਫ਼ ਹਰਿਆਣਾ ਸਰਕਾਰ ਅਤੇ ਬੈਂਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਸਰਕਾਰ ਅਤੇ ਬੈਂਕ ਕਬਜ਼ਾ ਲੈਣ ਲਈ ਸਮਾਂ ਤੈਅ ਕਰ ਲਵੇ, ਅਸੀਂ ਤਿਆਰ ਹਾਂ ਤੇ ਦੇਖਦੇ ਹਾਂ ਕਿ ਇਹ ਕਿਵੇਂ ਕਬਜ਼ਾ ਲੈਣਗੇ। ਗੁਰਨਾਮ ਸਿੰਘ ਚੜੂਨੀ ਨੇ ਕਰਨਾਲ ਜ਼ਿਲ੍ਹੇ ਦੇ ਪਿੰਡ ਜਲਾਲਾ ‘ਚ ਕਿਸਾਨਾਂ ਦੀ ਜ਼ਮੀਨ ‘ਤੇ ਕਬਜ਼ਾ ਨਾ ਹੋਣ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸਰਕਾਰ ਦੀ ਤਾਨਾਸ਼ਾਹੀ ਨਾ ਰੁਕਣ ਉੱਤੇ ਅੰਦੋਲਨ ਕਰਨ ਦੀ ਚਿਤਾਵਨੀ ਵੀ ਦਿੱਤੀ ਹੈ।
ਚੜੂਨੀ ਨੇ ਪਿੰਡ ਜਲਾਲਾ ਵੀਰਾਨ ‘ਚ ਪਹੁੰਚ ਕੇ ਸਬੰਧਿਤ ਕਿਸਾਨ ਪਰਿਵਾਰ ਤੋਂ ਮਾਮਲੇ ਦੀ ਜਾਣਕਾਰੀ ਲਈ ਤੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਸਾਰੇ ਕਿਸਾਨ ਤੇ ਉਨ੍ਹਾਂ ਦੀ ਭਾਰਤੀ ਕਿਸਾਨ ਯੂਨੀਅਨ ਉਸ ਦੇ ਨਾਲ ਹੈ। ਕਿਸੇ ਵੀ ਕੀਮਤ ‘ਤੇ ਉਸ ਦੀ ਜ਼ਮੀਨ ‘ਤੇ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ। ਦਰਅਸਲ, ਜਲਾਲਾ ਵੀਰਾਨ ਪਿੰਡ ਦੇ ਕਿਸਾਨ ਰਿਸ਼ੀਪਾਲ ਨੇ ਬੈਂਕ ਤੋਂ ਸਵਾ ਦੋ ਕਿਲ੍ਹੇ ਜ਼ਮੀਨ ‘ਤੇ ਡੇਅਰੀ ਖੋਲ੍ਹਣ ਲਈ 11 ਲੱਖ ਕਰਜ਼ਾ ਲਿਆ ਸੀ। ਕਰਜ਼ਾ ਨਹੀਂ ਚੁਕਾ ਸਕੇ ਤਾਂ ਰਿਸ਼ੀਪਾਲ ਦੀ ਜ਼ਮੀਨ ਦੀ ਸਾਲ 2016 ਵਿਚ ਬੈਂਕ ਨੇ ਮਿਲੀਭੁਗਤ ਕਰਦਿਆਂ 17 ਲੱਖ ਰੁਪਏ ‘ਚ ਨੀਲਾਮੀ ਕਰ ਦਿੱਤੀ।
ਚੜੂਨੀ ਨੇ ਦੱਸਿਆ ਕਿ ਇਸ ਬਾਰੇ ਕਿਸਾਨ ਨੂੰ ਪਤਾ ਵੀ ਨਹੀਂ ਲੱਗਾ। ਸਾਲ 2016 ‘ਚ ਡੀਸੀ ਰੇਟ 22 ਲੱਖ ਰੁਪਏ ਸੀ ਤੇ ਮਾਰਕੀਟ ਰੇਟ 30 ਤੋਂ 35 ਲੱਖ ਰੁਪਏ ਰਿਹਾ। ਅਜਿਹੇ ਵਿੱਚ ਕਿਸਾਨ ਦੇ ਸਵਾ ਦੋ ਕਿਲ੍ਹੇ ਜ਼ਮੀਨ ਦਾ ਰੇਟ ਲਗਭਗ 80 ਲੱਖ ਰੁਪਏ ਬਣਦਾ ਹੈ। ਬੈਂਕ, ਖਰੀਦਣ ਵਾਲੇ ਅਤੇ ਸਰਕਾਰੀ ਅਧਿਕਾਰੀ ਨੇ ਮਿਲ ਕੇ ਅਜਿਹਾ ਫਰਾਡ ਕੀਤਾ ਹੈ। ਚੜੂਨੀ ਨੇ ਦੱਸਿਆ ਕਿ ਉਨ੍ਹਾਂ ਦੇ ਸਾਹਮਣੇ ਪਹਿਲਾਂ ਵੀ ਅਜਿਹੇ ਕਈ ਫਰਾਡ ਆਏ ਹਨ। ਕੁੱਝ ਦਿਨ ਪਹਿਲਾਂ ਸਫੀਦਾਂ ਵਿੱਚ ਅਜਿਹਾ ਮਾਮਲਾ ਮਿਲਿਆ ਸੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਅਜਿਹੇ ਕਿਸੇ ਵੀ ਕਿਸਾਨ ਦੀ ਜ਼ਮੀਨ ਨੀਲਾਮ ਨਹੀਂ ਹੋਣ ਦਿੱਤੀ ਜਾਵੇਗੀ। ਇਸ ਲਈ ਕਿਸਾਨ ਟਕਰਾਅ ਨੂੰ ਤਿਆਰ ਹਨ।
ਇਸ ਤੋਂ ਪਹਿਲਾਂ 20 ਅਪ੍ਰੈਲ ਨੂੰ ਕਿਸਾਨ ਲੀਡਰ ਰਾਕੇਸ਼ ਟਿਕੈਤ ਵੀ ਕਰਨਾਲ ਦੇ ਜਲਾਲਾ ਵੀਰਾਨ ਪਹੁੰਚੇ ਸਨ। ਉਨ੍ਹਾਂ ਨੇ ਵੀ ਸਬੰਧਿਤ ਕਿਸਾਨ ਕੋਲੋਂ ਮਾਮਲੇ ਦੀ ਪੂਰੀ ਜਾਣਕਾਰੀ ਲਈ ਅਤੇ ਇਸ ਤੋਂ ਬਾਅਦ ਸਰਕਾਰ, ਬੈਂਕ ਤੇ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਲਈ ਕਿਹਾ ਸੀ। ਉਨ੍ਹਾਂ ਐਲਾਨ ਕੀਤਾ ਸੀ ਕਿ ਉਹ ਖੁਦ ਇੱਥੇ ਆ ਕੇ ਝੋਨਾ ਲਾਉਣਗੇ ਤੇ ਜੇ ਲੋੜ ਪਈ ਤਾਂ ਅੰਦੋਲਨ ਸ਼ੁਰੂ ਕਰਨਗੇ।