ਚੰਡੀਗੜ੍ਹ : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ( Farmer leader Dallewal ) ਨੇ ਸਰਕਾਰ ‘ਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ‘ਤੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਹੋਰ ਰਾਜਾਂ ਨੂੰ ਜਾਣ ਵਾਲੀਆਂ ਨਹਿਰਾਂ ਦਾ ਪਾਣੀ ਵੀ ਬੰਦ ਕੀਤਾ ਹੋਇਆ ਹੈ ਅਤੇ ਸੂਬੇ ਵਿੱਚ ਕਿਸਾਨਾਂ ਦੀ ਤਬਾਹੀ ਹੋ ਰਹੀ ਹੈ।
ਉਨ੍ਹਾਂ ਨੇ ਸਵਾਲ ਕਰਦਿਆਂ ਕਿਹਾ ਕਿ ਜਦੋਂ ਸਰਕਾਰਾਂ ਤੋਂ ਪੁੱਛਿਆ ਜਾਂਦਾ ਹੈ ਕਿ ਹੜ੍ਹਾਂ ਦੌਰਾਨ ਜਾਂ ਜ਼ਿਆਦਾ ਮੀਂਹ ਦੌਰਾਨ ਸੂਬੇ ਵਿੱਚ ਤਬਾਹੀ ਮਚਾ ਰਹੇ ਪਾਣੀ ਨੂੰ ਹੋਰ ਇਲਾਕਿਆਂ ਵਿੱਚ ਪਹੁੰਚਾ ਦਿੱਤਾ ਜਾਵੇ, ਜਿੱਥੇ ਪਾਣੀ ਦੀ ਖ਼ਾਸ ਲੋੜ ਹੈ ਤਾਂ ਸਰਕਾਰ ਕੋਲ ਇੱਕੋ ਹੀ ਜਵਾਬ ਹੁੰਦਾ ਹੈ ਕਿ ਮੀਂਹ ਅਤੇ ਹੜ੍ਹਾਂ ਦਾ ਪਾਣੀ ਛੱਡਣ ਨਾਲ ਨਹਿਰਾਂ ਬੰਦ ਹੋ ਜਾਣਗੀਆਂ।
ਡੱਲੇਵਾਲ ਨੇ ਕਿਹਾ ਕਿ ਇਨ੍ਹਾਂ ਗੱਲਾਂ ਨੂੰ ਲੈ ਕੇ ਨਹਿਰਾਂ ਬੰਦ ਕਰ ਦਿੱਤੀਆਂ ਜਾਂਦੀਆਂ ਹਨ ਜਿਸ ਕਾਰਨ ਸੂਬੇ ਵਿੱਚ ਲੋਕਾਂ ਦੀਆਂ ਫ਼ਸਲਾਂ ਤਬਾਹ ਹੋ ਗਈਆਂ , ਲੋਕਾਂ ਦਾ ਜਾਨਵਰ ਨਰ ਗਏ ਹਨ , ਕਈਆਂ ਦਾ ਘਰ ਬਰਬਾਦ ਹੋ ਗਏ ਹਨ।
ਉਨ੍ਹਾਂ ਨੇ ਸਰਕਾਰ ‘ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਸਰਕਾਰ ਵੱਲੋਂ ਲੱਖਾਂ ਆਮ ਲੋਕਾਂ ਦੀ ਜ਼ਿੰਦਗੀ ਨੂੰ ਮੌਤ ਦੇ ਮੂੰਹ ਵਿੱਚ ਧੱਕਣਾ ਅਤੇ ਲੱਖਾਂ ਏਕੜ ਫ਼ਸਲਾਂ ਦੀ ਬਰਬਾਦੀ ਤੋਂ ਸਿੱਧ ਹੁੰਦਾ ਕਿ ਸਰਕਾਰ ਲਈ ਲੋਕਾਂ ਦੀ ਜ਼ਿੰਦਗੀ ਅਤੇ ਫ਼ਸਲਾਂ ਦੀ ਬਰਬਾਦੀ ਕੋਈ ਅਹਿਮੀਅਤ ਨਹੀਂ ਰੱਖਦੀ ਕਿਉਂਕਿ ਸਰਕਾਰ ਲਈ ਹੜ੍ਹ ਕਾਰਨ ਨਹਿਰਾ ਵਿੱਚ ਮਿੱਟੀ (ਗਾਰ) ਨੂੰ ਆਉਣ ਤੋਂ ਰੋਕਣਾ ਅਹਿਮ ਹੈ। ਇਸ ਲਈ ਆਮ ਲੋਕਾਂ ਨੂੰ ਮੌਤ ਦੇ ਮੂੰਹ ਵਿੱਚ ਧੱਕ ਕੇ ਪੰਜਾਬ ਤੋਂ ਬਾਹਰ ਜਾ ਰਹੀਆਂ ਨਹਿਰਾ ਨੂੰ ਬੰਦ ਕਰਕੇ ਲੋਕਾਂ ਨੂੰ ਮੌਤ ਦੇ ਮੂੰਹ ਵਿੱਚ ਧੱਕਿਆ ਗਿਆ।
ਇਸ ਦੇ ਨਾਲ ਉਨ੍ਹਾਂ ਨੇ ਸਾਰੀਆਂ ਕਿਸਾਨ ਜਥੇਬੰਦੀਆਂ ਅਤੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਸ ਕੋਲ ਵੀ ਸੁੱਕੀ ਪਈ ਜ਼ਮੀਨ ਹੈ ਉਹ ਹੜ੍ਹਾਂ ਦੀ ਮਾਰ ਝੱਲ ਰਹੇ ਕਿਸਾਨਾਂ ਲਈ ਪਨੀਰੀ ਬੀਜਣ।
ਉਨ੍ਹਾਂ ਨੇ ਸੂਬੇ ਦੇ ਕਿਸਾਨ ਬੇਨਤੀ ਹੈ ਜਿਨ੍ਹਾਂ ਕੋਲ ਝੋਨੇ ਦੀ ਜਾਂ ਬਾਸਮਤੀ ਦੀ ਪਨੀਰੀ ਵਾਧੂ ਖੜੀ ਹੈ ਉਹ ਜਿਨ੍ਹਾਂ ਕਿਸਾਨ ਭਰਾਵਾਂ ਦਾ ਝੋਨਾ ਮਰ ਗਿਆ ਉਹਨਾਂ ਦੀ ਪਾਣੀ ਉੱਤਰਨ ਤੋਂ ਬਾਅਦ ਝੋਨਾ ਲਗਾਉਣ ਲਈ ਆਪਸ ਵਿੱਚ ਮਦਦ ਕਰੋ ਅਤੇ ਜਿਨ੍ਹਾਂ ਕਿਸਾਨਾਂ ਦੇ ਖੇਤ ਉੱਚੇ ਨੇ ਜਿੱਥੇ ਪਾਣੀ ਨਹੀਂ ਆਉਂਦਾ ਉਹ ਵੀਰ ਝੋਨੇ ਦੀ PR.126 ਅਤੇ ਬਾਸਮਤੀ ਦੀ ਪਨੀਰੀ ਬੀਜਣ ਤਾਂ ਜੋ ਉਹਨਾਂ ਵੀਰਾਂ ਦਾ ਵੀ ਝੋਨਾ ਲੱਗ ਸਕੇ, ਜਿਨ੍ਹਾਂ ਦਾ ਝੋਨਾ ਇਸ ਕਰੋਪੀ ਕਾਰਨ ਮਰ ਗਿਆ ਹੈ।