‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਮਈ ਮਹੀਨੇ ਦੇ ਪਹਿਲੇ ਹਫਤੇ ਸੰਸਦ ਕੂਚ ਦਾ ਪ੍ਰੋਗਰਾਮ ਦੌਰਾਨ ਪੂਰੇ ਦੇਸ਼ ਦੇ ਲੋਕ ਇਕੱਠੇ ਹੋ ਕੇ ਚੱਲਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਸੰਯੁਕਤ ਕਿਸਾਨ ਮੋਰਚਾ ਦੇ ਫੇਸਬੁੱਕ ਪੇਜ ਤੋਂ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਮਾਰਚ ਲਈ ਤਰੀਕ ਅਜੇ ਤੈਅ ਨਹੀਂ ਕੀਤੀ ਗਈ ਹੈ, ਤਰੀਕ ਨਿਰਧਾਰਤ ਹੋਣ ਤੋਂ ਇੱਕ-ਦੋ ਦਿਨ ਪਹਿਲਾਂ ਉਨ੍ਹਾਂ ਨੇ ਲੋਕਾਂ ਨੂੰ ਦਿੱਲੀ ਦੇ ਬਾਰਡਰਾਂ ‘ਤੇ ਇਕੱਠੇ ਹੋਣ ਦੀ ਅਪੀਲ ਕੀਤੀ ਹੈ। ਕਿਸਾਨ ਲੀਡਰ ਚੜੂਨੀ ਨੇ ਕਿਹਾ ਕਿ ਅੰਦੋਲਨਕਾਰੀ ਕਿਸਾਨ ਸਰਕਾਰ ਦਾ ਸਾਰਾ ਤਸ਼ੱਦਦ ਝੱਲ ਲੈਣਗੇ, ਸਰਕਾਰ ਬੇਸ਼ੱਕ ਸਾਡੇ ‘ਤੇ ਪਾਣੀ ਦੀਆਂ ਬੁਛਾੜਾਂ ਕਰੇ, ਲਾਠੀਚਾਰਜ ਕਰੇ, ਅਸੀਂ ਕਿਸੇ ‘ਤੇ ਹੱਥ ਨਹੀਂ ਉਠਾਵਾਂਗੇ, ਅਸੀਂ ਪਿੱਛੇ ਨਹੀਂ ਹਟਾਂਗੇ। ਉਨ੍ਹਾਂ ਨੇ ਸਾਰੇ ਲੋਕਾਂ ਨੂੰ ਇਸ ਮਾਰਚ ਦਾ ਜ਼ਿਆਦਾ ਤੋਂ ਜ਼ਿਆਦਾ ਪ੍ਰਚਾਰ ਕਰਨ ਦੀ ਅਪੀਲ ਕੀਤੀ।
5 ਅਪ੍ਰੈਲ ਨੂੰ ਦੇਸ਼ ਦੇ ਅੰਦਰ ਸਾਰੇ ਐੱਫਸੀਆਈ ਦਫਤਰਾਂ ਦਾ ਘਿਰਾਉ ਕੀਤਾ ਜਾਵੇਗਾ। 10 ਅਪ੍ਰੈਲ ਨੂੰ ਇੱਕ ਦਿਨ ਲਈ ਕੇਐੱਮਪੀ ਰੋਡ ਬੰਦ ਕੀਤਾ ਜਾਵੇਗਾ। 13 ਅਪ੍ਰੈਲ ਨੂੰ ਵਿਸਾਖੀ ਦਾ ਤਿਉਹਾਰ ਅਤੇ ਜਲ੍ਹਿਆਂਵਾਲਾ ਬਾਗ ਦਾ ਸਾਕਾ ਮਨਾਇਆ ਜਾਵੇਗਾ। 14 ਅਪ੍ਰੈਲ ਨੂੰ ਦਿੱਲੀ ਦੇ ਸਾਰੇ ਬਾਰਡਰਾਂ ‘ਤੇ ਡਾ.ਭੀਮ ਰਾਉ ਅੰਬੇਦਕਰ ਦੀ ਜੈਯੰਤੀ ਮਨਾਈ ਜਾਵੇਗੀ। 1 ਮਈ ਨੂੰ ਸਾਰੇ ਧਰਨਾ ਸਥਾਨਾਂ ‘ਤੇ ਮਜ਼ਦੂਰ ਦਿਵਸ ਮਨਾਇਆ ਜਾਵੇਗਾ। ਇਸ ਦਿਨ ਸਾਰੇ ਮਜ਼ਦੂਰ ਅੰਦੋਲਨ ਦਾ ਸਾਰਾ ਪ੍ਰਬੰਧ ਵੇਖਣਗੇ।
ਚੜੂਨੀ ਨੇ ਹਰੀਜਨ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਦਿਨ ਆਪਣੇ-ਆਪਣੇ ਘਰਾਂ ਵਿੱਚ ਸਰ ਛੋਟੂਰਾਮ ਦੀ ਤਸਵੀਰ ਲਗਾਉਣ ਅਤੇ ਸਵਰਨ ਭਾਈਚਾਰੇ ਨੂੰ ਅਪੀਲ ਕਰਦਿਆਂ ਆਪਣੇ-ਆਪਣੇ ਘਰਾਂ ਵਿੱਚ ਡਾ.ਅੰਬੇਦਕਰ ਦੀ ਤਸਵੀਰ ਲਾਉਣ ਦੀ ਅਪੀਲ ਕੀਤੀ। ਚੜੂਨੀ ਨੇ ਕਿਹਾ ਕਿ ਅਸੀਂ ਸਾਰੇ ਹੀ ਇਨ੍ਹਾਂ ਖੇਤੀ ਕਾਨੂੰਨਾਂ ਦੀ ਮਾਰ ਹੇਠ ਹਾਂ, ਇਸ ਲਈ ਸਾਨੂੰ ਸਾਰਿਆਂ ਨੂੰ ਇਕੱਠਾ ਹੋ ਕੇ ਅੱਗੇ ਚੱਲਣਾ ਹੋਵੇਗਾ।