‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਉੱਘੇ ਖੇਤੀਬਾੜੀ ਅਰਥਸ਼ਾਸਤਰੀ ਸਰਦਾਰਾ ਸਿੰਘ ਜੌਹਲ ਵੱਲੋਂ ਕਿਸਾਨਾਂ ਨੂੰ ਦਿੱਤੀ ਗਈ ਸਲਾਹ ਤੋਂ ਬਾਅਦ ਕਿਸਾਨ ਲੀਡਰ ਬੂਟਾ ਸਿੰਘ ਸ਼ਾਦੀਪੁਰ ਨੇ ਜਵਾਬ ਦਿੰਦਿਆਂ ਕਿਹਾ ਕਿ ‘ਸਾਨੂੰ ਦਿੱਲੀ ਵਿੱਚ ਬੈਠਿਆਂ ਸੱਤਵਾਂ ਮਹੀਨਾ ਵੀ ਪੂਰਾ ਹੋ ਚੱਲਿਆ ਹੈ। ਕਿਸਾਨ ਕੇਂਦਰ ਸਰਕਾਰ ਨੂੰ ਸਾਰਾ ਕੁੱਝ ਦੱਸ ਚੁੱਕੇ ਹਨ। ਜੌਹਲ ਨੂੰ ਸਾਨੂੰ ਸਲਾਹ ਦੇਣ ਦੀ ਬਜਾਏ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ਦੀ ਸਲਾਹ ਦੇਣੀ ਚਾਹੀਦੀ ਹੈ। 11 ਵਾਰ ਮੀਟਿੰਗਾਂ ਵਿੱਚ ਅਸੀਂ ਸਾਰਾ ਕੁੱਝ ਦੱਸਿਆ ਹੋਇਆ ਹੈ। ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਕੱਖਾਂ ਵਾਂਗ ਰੋਲ ਦਿੱਤਾ ਹੈ’।
ਉਨ੍ਹਾਂ ਕਿਹਾ ਕਿ ‘ਜੌਹਲ ਨੂੰ ਕੇਂਦਰ ਸਰਕਾਰ ਦੀ ਵਕਾਲਤ ਨਹੀਂ ਕਰਨੀ ਚਾਹੀਦੀ। ਕਾਨੂੰਨ ਤਾਂ ਦੁਬਾਰਾ ਵੀ ਬਣਾਏ ਜਾ ਸਕਦੇ ਹਨ ਅਤੇ ਕੇਂਦਰ ਸਰਕਾਰ ਉਸ ਵਿੱਚ ਸਰਦਾਰਾ ਸਿੰਘ ਜੌਹਲ ਦੀ ਵੀ ਸਲਾਹ ਲੈ ਲਵੇ ਪਰ ਇੱਕ ਵਾਰ ਖੇਤੀ ਕਾਨੂੰਨ ਰੱਦ ਕੀਤੇ ਜਾਣ। ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕਰ ਦੇਵੇ ਤਾਂ ਸਾਨੂੰ ਮੀਟਿੰਗਾਂ ਦੀ ਜ਼ਰੂਰਤ ਹੀ ਨਹੀਂ ਰਹੇਗੀ। ਜਦੋਂ ਹੀ ਖੇਤੀ ਕਾਨੂੰਨ ਰੱਦ ਹੋ ਗਏ, ਉੱਦੋਂ ਇੱਕ ਵੀ ਬੰਦਾ ਦਿੱਲੀ ਮੋਰਚੇ ਵਿੱਚ ਨਹੀਂ ਰਹੇਗਾ’।