‘ਦ ਖ਼ਾਲਸ ਬਿਊਰੋ:- ਕੋਰੋਨਾ ਸੰਕਟ ਦੌਰਾਨ ਕੱਲ੍ਹ ਤੋਂ ਨੈਸ਼ਨਲ ਏਜੰਸੀ ਵੱਲੋਂ ਦੇਸ਼ ਭਰ ਵਿੱਚ JEE ਦੀ ਪ੍ਰੀਖਿਆ ਦੀ ਸ਼ੁਰੂਆਤ ਕੀਤੀ ਗਈ ਹੈ ਜੋ 6 ਸਤੰਬਰ ਤੱਕ ਜਾਰੀ ਰਹੇਗੀ। ਇਸ ਦੌਰਾਨ ਇੱਕ ਕਿਸਾਨ ਪਿਤਾ ਨੇ ਆਪਣੀ ਧੀ ਨੂੰ JEE ਦੀ ਪ੍ਰੀਖਿਆ ਦਿਵਾਉਣ ਲਈ 300 ਕਿਲੋਮੀਟਰ ਮੋਟਰਸਾਈਕਲ ਚਲਾ ਕੇ ਨਾਲੰਦਾ ਤੋਂ ਰਾਂਚੀ ਤੱਕ ਦਾ ਸਫ਼ਰ ਕੀਤਾ। ਧਨੰਜੈ ਕੁਮਾਰ ਬਿਹਾਰ ਦੇ ਨਾਲੰਦਾ ਜ਼ਿਲ੍ਹੇ ਵਿੱਚ ਰਹਿੰਦਾ ਹੈ ਅਤੇ ਉਸਨੇ 12 ਘੰਟਿਆਂ ਵਿੱਚ 300 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਤਾਂ ਕਿ ਉਸਦੀ ਧੀ JEE ਦੀ ਪ੍ਰੀਖਿਆ ਦੇ ਸਕੇ।
JEE ਦਾ ਸੈਂਟਰ ਰਾਂਚੀ, ਝਾਰਖੰਡ ਦੇ ਤੁਪੁਦਾਣਾ ਵਿੱਚ ਬਣਿਆ ਹੋਇਆ ਸੀ। ਕੋਵਿਡ ਕਾਰਨ ਬਿਹਾਰ ਤੇ ਝਾਰਖੰਡ ਵਿਚਾਲੇ ਬੱਸ ਸੇਵਾਵਾਂ ਬੰਦ ਹਨ ਜਿਸ ਕਰਕੇ ਉਨ੍ਹਾਂ ਨੇ ਨਾਲੰਦਾ ਜ਼ਿਲ੍ਹੇ ਤੋਂ ਆਪਣੀ ਯਾਤਰਾ 31 ਅਗਸਤ ਨੂੰ ਸ਼ੁਰੂ ਕੀਤੀ ਸੀ।
ਪੱਛਮੀ ਬੰਗਾਲ ’ਚ ਵੀ ਭਾਰੀ ਮੀਂਹ ਤੇ ਟਰਾਂਸਪੋਰਟ ਦੀ ਘਾਟ ਕਾਰਨ ਉਮੀਦਵਾਰਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, ਦਿੱਲੀ ਤੇ NCR ’ਚ ਉਮੀਦਵਾਰਾਂ ਨੇ ਕਿਸੇ ਕਿਸਮ ਦੀ ਸਮੱਸਿਆ ਦੀ ਸ਼ਿਕਾਇਤ ਨਹੀਂ ਕੀਤੀ। ਇਸ ਦੌਰਾਨ ਬੰਬੇ ਹਾਈ ਕੋਰਟ ਦੇ ਨਾਗਪੁਰ ਬੈਂਚ ਨੇ JEE – ਮੁੱਖ ਪ੍ਰੀਖਿਆ ’ਤੇ ਰੋਕ ਲਾਉਣ ਤੋਂ ਮਨ੍ਹਾ ਕਰਦਿਆਂ ਕਿਹਾ ਕਿ ਮਹਾਰਾਸ਼ਟਰ ਦੇ ਹੜ੍ਹ ਪ੍ਰਭਾਵਿਤ ਇਲਾਕੇ ਵਿਦਰਭ ਵਿੱਚ ਰਹਿਣ ਵਾਲਾ ਕੋਈ ਵੀ ਵਿਦਿਆਰਥੀ, ਜੋ ਆਪਣੇ ਪ੍ਰੀਖਿਆ ਕੇਂਦਰ ਨਹੀਂ ਪੁੱਜ ਸਕਿਆ ਜਾਂ ਦੇਰੀ ਨਾਲ ਪੁੱਜਿਆ, ਉਹ NTA ਨੂੰ ਮੁੜ ਪ੍ਰੀਖਿਆ ਲੈਣ ਲਈ ਅਰਜ਼ੀ ਦੇ ਸਕਦਾ ਹੈ।