Punjab

ਘੱਗਰ ’ਚ ਪਾਣੀ ਵਧਣ ਕਾਰਨ ਸਹਿਮੇ ਕਿਸਾਨ ਦੀ ਮੌਤ, ਜ਼ਮੀਨ ਠੇਕੇ ’ਤੇ ਲੈ ਕੇ ਲਾਇਆ ਸੀ ਝੋਨਾ

ਬਿਊਰੋ ਰਿਪੋਰਟ (6 ਸਤੰਬਰ 2025): ਪੰਜਾਬ ਇਸ ਸਮੇਂ ਹੜ੍ਹਾਂ ਦੀ ਚਪੇਟ ਵਿੱਚ ਹੈ। ਹੜ੍ਹਾਂ ਕਰਕੇ ਹੁਣ ਤੱਕ 40 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਘੱਗਰ ਨਦੀ ਵਿੱਚ ਪਾਣੀ ਵਧਣ ਕਰਕੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਇਸੇ ਲੜੀ ਵਿੱਚ ਇੱਕ ਕਿਸਾਨ ਦੀ ਸਦਮੇ ਵਿੱਚ ਆਉਣ ਕਰਕੇ ਮੌਤ ਹੋ ਗਈ। ਕਿਸਾਨ ਦੀ ਪਛਾਣ ਮੋਹਨ ਲਾਲ (45) ਪੁੱਤਰ ਲਾਲ ਸਿੰਘ ਵਜੋਂ ਹੋਈ ਹੈ ਜੋ ਕਿ ਇੱਕ ਛੋਟਾ ਕਿਸਾਨ ਦੱਸਿਆ ਜਾ ਰਿਹਾ ਹੈ।

ਹਾਸਲ ਜਾਣਕਾਰੀ ਮੁਤਾਬਕ ਪਿੰਡ ਸ਼ੁਤਰਾਣਾ ਦੇ ਘੱਗਰ ਕਿਨਾਰੇ ਰਹਿੰਦੇ ਇਕ ਕਿਸਾਨ ਨੇ ਜਦੋਂ ਘੱਗਰ ਦਰਿਆ ਵਿੱਚ ਪਾਣੀ ਵਧਣ ਨਾਲ ਕਿਨਾਰੇ ਨੂੰ ਖੋਰਾ ਲੱਗਿਆ ਵੇਖਿਆ ਤਾਂ ਅਚਾਨਕ ਦਹਿਲ ਜਾਣ ਕਰਨ ਉਸ ਦੀ ਮੌਤ ਹੋ ਗਈ।

ਰਣਜੀਤ ਸਿੰਘ ਅਤੇ ਰਾਜੂ ਰਾਮ ਨੇ ਦੱਸਿਆ ਕਿ ਉਨ੍ਹਾਂ ਦਾ ਰਿਸ਼ਤੇਦਾਰ ਮੋਹਨ ਲਾਲ (45) ਪੁੱਤਰ ਲਾਲ ਸਿੰਘ ਇਕ ਛੋਟਾ ਕਿਸਾਨ ਸੀ। ਉਸ ਨੇ ਘੱਗਰ ਕਿਨਾਰੇ ਲਗਦੀ ਜ਼ਮੀਨ ਨਾਲ ਹੋਰ ਸੱਤ ਅੱਠ ਏਕੜ ਜ਼ਮੀਨ ਠੇਕੇ ’ਤੇ ਲੈ ਕੇ ਝੋਨਾ ਲਾਇਆ ਸੀ। ਪਿਛਲੇ ਕਈ ਦਿਨਾਂ ਤੋਂ ਘੱਗਰ ਦਰਿਆ ਵਿਚ ਪਾਣੀ ਵਧਦੇ ਰਹਿਣ ਕਾਰਨ ਉਹ ਕਿਨਾਰਿਆਂ ਦੀ ਰਾਖੀ ਲਈ ਸਾਰੀ-ਸਾਰੀ ਰਾਤ ਜਾਗ ਰਿਹਾ ਸੀ ਜਦੋਂ ਉਸ ਨੇ ਅੱਜ ਸਵੇਰੇ ਖੇਤ ਦਾ ਕਿਨਾਰਾ ਰੁੜਦਾ ਵੇਖਿਆ ਤਾਂ ਉਹ ਦਹਿਲ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ।

ਮੋਹਨ ਲਾਲ ਆਪਣੇ ਪਿਛੇ ਪਤਨੀ ਤੇ ਚਾਰ ਬੱਚੇ ਛੱਡ ਗਿਆ ਹੈ। ਸਮਾਜ ਸੇਵੀ ਸੁਖਦੇਵ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਗਰੀਬ ਕਿਸਾਨ ਦੇ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ, ਕਿਉਂਕਿ ਇਹ ਕੁਦਰਤੀ ਮੌਤ ਨਹੀਂ ਸਗੋਂ ਘੱਗਰ ਦਰਿਆ ਦੇ ਸੰਭਾਵੀ ਹੜ੍ਹ ਦੇ ਡਰ ਕਾਰਨ ਹੋਈ ਹੈ।