Punjab

ਸ਼ੰਭੂ ਬਾਰਡਰ ‘ਤੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ…

Farmer dies of heart attack at Shambhu border

ਸੰਭੂ : ਕਿਸਾਨ ਅੰਦੋਲਨ ਦੇ ਚੌਥੇ ਦਿਨ ਸ਼ੁੱਕਰਵਾਰ ਨੂੰ ਹਰਿਆਣਾ ਦੀਆਂ ਸਰਹੱਦਾਂ ‘ਤੇ ਸ਼ਾਂਤੀ ਹੈ। ਇੱਥੇ ਕਿਸਾਨ ਪੱਕੇ ਪੈਰੀਂ ਖੜ੍ਹੇ ਹਨ ਅਤੇ ਹੁਣ ਕਿਸਾਨ ਐਤਵਾਰ ਤੱਕ ਦਿੱਲੀ ਵੱਲ ਨਹੀਂ ਵਧਣਗੇ। ਇਸ ਦੇ ਨਾਲ ਹੀ ਹਰਿਆਣਾ ਦੇ ਅੰਬਾਲਾ ‘ਚ ਸ਼ੰਭੂ ਬਾਰਡਰ ‘ਤੇ ਇਕ ਕਿਸਾਨ ਦੀ ਮੌਤ ਹੋ ਗਈ ਹੈ। ਕਿਸਾਨ ਨੂੰ ਦਿਲ ਦਾ ਦੌਰਾ ਪਿਆ ਅਤੇ ਫਿਰ ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ 65 ਸਾਲਾ ਗਿਆਨ ਸਿੰਘ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਪੁੱਜੇ ਸਨ। ਇੱਥੇ ਉਹ ਅੰਬਾਲਾ ਦੇ ਸ਼ੰਭੂ ਬਾਰਡਰ ‘ਤੇ ਪ੍ਰਦਰਸ਼ਨ ਕਰ ਰਹੇ ਸਨ। ਉਹ ਗੁਰਦਾਸਪੁਰ ਜ਼ਿਲ੍ਹੇ ਦਾ ਵਸਨੀਕ ਸੀ। ਵੀਰਵਾਰ ਦੇਰ ਸ਼ਾਮ ਛਾਤੀ ‘ਚ ਤੇਜ਼ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਸ ਨੂੰ ਨੇੜਲੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਫ਼ਿਲਹਾਲ ਉਨ੍ਹਾਂ ਦੀ ਮ੍ਰਿਤਕ ਦੇਹ ਸ਼ੁੱਕਰਵਾਰ ਨੂੰ ਸ਼ੰਭੂ ਸਰਹੱਦ ‘ਤੇ ਲਿਆਂਦੀ ਜਾਵੇਗੀ ਅਤੇ ਕਿਸਾਨ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ।

ਇਸ ਸਬੰਧੀ ਟਵੀਟ ਕਰਦਿਆਂ ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਮੈਨੂੰ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਧਰਨੇ ਵਾਲੀ ਥਾਂ ‘ਤੇ ਇੱਕ ਕਿਸਾਨ ਗਿਆਨ ਸਿੰਘ ਪੁੱਤਰ ਗੁੱਜਰ ਸਿੰਘ ਉਮਰ 63 ਸਾਲ ਪਿੰਡ ਵੀ.ਚਾਚੋਕੇ ਜ਼ਿਲ੍ਹਾ ਗੁਰਦਾਸਪੁਰ ਦੀ ਮੌਤ ਹੋ ਜਾਣ ਦਾ ਪਹਿਲਾ ਹਾਦਸਾ ਵਾਪਰ ਗਿਆ ਹੈ, ਹਾਲਾਂਕਿ ਦਿਲ ਦਾ ਦੌਰਾ ਪੈਣ ਕਾਰਨ ਇਹ ਜ਼ੁਲਮ ਬਰਦਾਸ਼ਤ ਨਾ ਕਰ ਸਕਿਆ।

ਖਹਿਰਾ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਸਰਕਾਰ ਦੀਆਂ ਕਾਰਵਾਈਆਂ ਇਹ ਅਜੀਬ ਗੱਲ ਹੈ ਕਿ ਜਿੱਥੇ ਇੱਕ ਪਾਸੇ ਬੀਜੇਪੀ ਸਰਕਾਰ ਮੰਗਾਂ ਦੇ ਹੱਲ ਲਈ ਕਿਸਾਨ ਆਗੂਆਂ ਨਾਲ ਗੱਲ ਕਰ ਰਹੀ ਹੈ, ਉੱਥੇ ਹੀ ਦਿੱਲੀ ਪੁਲਿਸ ਨੂੰ ਕਿਸਾਨਾਂ ਦਾ ਮੁਕਾਬਲਾ ਕਰਨ ਲਈ 30 ਹਜ਼ਾਰ ਅੱਥਰੂ ਗੈਸ ਦੇ ਗੋਲੇ ਛੱਡਣ ਦਾ ਹੁਕਮ ਦੇ ਰਹੀ ਹੈ।

ਕਿਸਾਨ ਅੰਦੋਲਨ ਦੇ ਪਹਿਲੇ ਦੋ ਦਿਨਾਂ ਵਿੱਚ ਪੁਲਿਸ ਨਾਲ ਝੜਪਾਂ ਵਿੱਚ 100 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ। ਇਨ੍ਹਾਂ ਵਿੱਚ ਕਿਸਾਨ ਅਤੇ ਪੁਲਿਸ ਮੁਲਾਜ਼ਮ ਸ਼ਾਮਲ ਹਨ। ਅੰਬਾਲਾ ਪੁਲਿਸ ਦੀ ਏਐਸਪੀ ਪੂਜਾ ਡਾਬਲਾ ਨੇ ਦੱਸਿਆ ਕਿ ਕੁੱਲ 25 ਸੁਰੱਖਿਆ ਮੁਲਾਜ਼ਮ ਜ਼ਖ਼ਮੀ ਹੋਏ ਹਨ। ਇਨ੍ਹਾਂ ਵਿੱਚ ਹਰਿਆਣਾ ਪੁਲਿਸ ਦੇ 18 ਅਤੇ ਅਰਧ ਸੈਨਿਕ ਬਲਾਂ ਦੇ 7 ਜਵਾਨ ਜ਼ਖ਼ਮੀ ਹੋਏ ਹਨ। ਫ਼ਿਲਹਾਲ ਸਰਹੱਦ ‘ਤੇ ਸ਼ਾਂਤੀ ਬਰਕਰਾਰ ਹੈ।

ਵੀਰਵਾਰ ਦੇਰ ਸ਼ਾਮ ਚੰਡੀਗੜ੍ਹ ਵਿੱਚ ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਵਿਚਾਲੇ ਗੱਲਬਾਤ ਹੋਈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸਨ। ਇਸ ਸਕਾਰਾਤਮਕ ਗੱਲਬਾਤ ਤੋਂ ਬਾਅਦ ਐਤਵਾਰ ਨੂੰ ਫਿਰ ਦੋਵਾਂ ਧਿਰਾਂ ਵਿਚਾਲੇ ਗੱਲਬਾਤ ਹੋਵੇਗੀ।
ਮੀਟਿੰਗ ਤੋਂ ਬਾਅਦ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅਸੀਂ ਕਿਹਾ ਕਿ ਸਾਨੂੰ ਸਿਰਫ਼ ਮਸਲਿਆਂ ‘ਤੇ ਚਰਚਾ ਨਹੀਂ ਕਰਦੇ ਰਹਿਣਾ ਚਾਹੀਦਾ। ਕੋਈ ਹੱਲ ਵੀ ਲੱਭਿਆ ਜਾਵੇ। ਇਸ ‘ਤੇ ਕੇਂਦਰ ਸਰਕਾਰ ਨੇ ਕਿਹਾ ਕਿ ਉਨ੍ਹਾਂ ਨੂੰ ਸਮੇਂ ਦੀ ਲੋੜ ਹੈ। MSP ‘ਤੇ ਲੰਬੀ ਚਰਚਾ ਹੋਈ ਹੈ। ਇਸ ਦੇ ਨਾਲ ਹੀ ਹਰਿਆਣਾ ਦੇ ਸੱਤ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਪਾਬੰਦੀ ਨੂੰ 17 ਫਰਵਰੀ ਤੱਕ ਵਧਾ ਦਿੱਤਾ ਗਿਆ ਹੈ।