Punjab

ਇਕ ਹੋਰ ਕਿਸਾਨ ਨੇ ਮੌਤ ਨੂੰ ਲਗਾਇਆ ਗਲੇ, ਲਗਾਤਾਰ ਕੀਤਾ ਜਾ ਰਿਹਾ ਸੀ ਤੰਗ

ਆਪਣੀ ਜ਼ਿੰਦਗੀ ਤੋਂ ਨਿਰਾਸ਼ ਹੋ ਕੇ ਕਿਸਾਨਾਂ ਵੱਲੋਂ ਮੌਤ ਨੂੰ ਗਲੇ ਲਗਾਇਆ ਜਾ ਰਿਹਾ ਹੈ, ਆਏ ਦਿਨ ਕੋਈ ਨਾ ਕੋਈ ਅਜਿਹੀ ਖ਼ਬਰ ਸਾਹਮਣੇ ਆਉਂਦੀ ਰਹਿੰਦੀ ਹੈ, ਅਜਿਹੀ ਹੀ ਇਕ ਖ਼ਬਰ ਡੇਰਾ ਬਾਬਾ ਨਾਨਕ (Dera Baba Nanak) ਤੋਂ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪਿੰਡ ਸ਼ਾਹਪੁਰ ਜਾਜਨ ‘ਚ ਕਰਜ਼ੇ ਤੋਂ ਤੰਗ ਆ ਕੇ ਨੌਜਵਾਨ ਕਿਸਾਨ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਕਿਸਾਨ ਨੇ ਜ਼ਹਿਰੀਲੀ ਚੀਜ਼ ਖਾ ਲਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮਰਨ ਤੋਂ ਪਹਿਲਾਂ ਕਿਸਾਨ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਪੋਸਟ ਕੀਤੀ ਅਤੇ ਇਕ ਕਮਿਸ਼ਨ ਏਜੰਟ ‘ਤੇ ਉਸ ਨੂੰ ਤੰਗ ਕਰਨ ਦਾ ਦੋਸ਼ ਲਗਾਇਆ। ਮ੍ਰਿਤਕ ਵਿਅਕਤੀ ਦੀ ਪਹਿਚਾਣ ਪਵਨਦੀਪ ਸਿੰਘ ਪਿੰਡ ਸ਼ਾਹਪੁਰ ਜਾਜਨ ਜ਼ਿਲ੍ਹਾਂ ਗੁਰਦਾਸਪੁਰ ਵਜੋਂ ਹੋਈ ਹੈ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਪੁੱਤਰਾਂ ਨੂੰ ਛੱਡ ਗਿਆ ਹੈ। ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਡੇਰਾ ਬਾਬਾ ਨਾਨਕ ਦੀ ਪੁਲਿਸ ਨੇ ਕਮਿਸ਼ਨ ਏਜੰਟ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਪਤਨੀ ਬਲਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਪਵਨਦੀਪ ਸਿੰਘ ਕਿਸਾਨ ਹੈ। ਕਰੀਬ ਦੋ ਸਾਲ ਪਹਿਲਾਂ ਆਪਣੇ ਲੜਕੇ ਦੀ ਬੀਮਾਰੀ ਅਤੇ ਘਰੇਲੂ ਲੋੜਾਂ ਕਾਰਨ ਉਸ ਨੇ ਇਕ ਏਜੰਟ ਬੰਟੀ ਭਾਟੀਆ ਵਾਸੀ ਫਤਿਹਗੜ੍ਹ ਚੂੜੀਆਂ ਤੋਂ 2 ਲੱਖ ਰੁਪਏ ਦਾ ਕਰਜ਼ਾ ਲਿਆ ਸੀ।

ਬਲਵਿੰਦਰ ਕੌਰ ਨੇ ਦੱਸਿਆ ਕਿ ਉਸ ਦੀ ਆਰਥਿਕ ਹਾਲਤ ਖਰਾਬ ਹੋਣ ਕਾਰਨ ਉਹ ਸਮੇਂ ਸਿਰ ਕਰਜ਼ਾ ਨਹੀਂ ਮੋੜ ਸਕਿਆ, ਜਿਸ ਦਾ ਫਾਇਦਾ ਉਠਾਉਂਦੇ ਹੋਏ ਮੁਲਜ਼ਮਾਂ ਨੇ ਵਿਆਜ ਜੋੜ ਕੇ ਰਕਮ ਵਧਾ ਦਿੱਤੀ ।

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪਵਨਦੀਪ ਨੂੰ ਕਮਿਸ਼ਨ ਏਜੰਟ ਲਗਾਤਾਰ ਤੰਗ ਕਰ ਰਹਿੰਦਾਸੀ। ਪਵਨਦੀਪ ਵੱਲੋਂ ਆਪਣੇ ਦਰੱਖਤ ਤੱਕ ਕੱਟ ਕੇ ਉਸ ਨੂੰ ਪੈਸੇ ਦਿੱਤੇ ਸਨ ਪਰ ਅਰੋਪੀ ਵੱਲੋਂ ਲਗਾਤਾਰ ਧਮਕਾਇਆ ਜਾ ਰਿਹਾ ਸੀ। ਕਮਿਸ਼ਨ ਏਜੰਟ ਤੋਂ ਤੰਗ ਆ ਕੇ ਪਵਨਦੀਪ ਨੇ ਮੌਤ ਨੂੰ ਗਲੇ ਲਗਾ ਲਿਆ।

ਇਹ ਵੀ ਪੜ੍ਹੋ –  ਸੀਨੀਅਰ ਕਾਂਗਰਸੀ ਲੀਡਰ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ, ਪੁਲਿਸ ਨੂੰ ਕੀਤੀ ਸ਼ਿਕਾਇਤ