SKM ਦਾ ਬਿਆਨ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰਨ ਦਾ ਫੈਸਲਾ ਸਿਰਫ਼ ਕੁਝ ਕਿਸਾਨ ਯੂਨੀਅਨ ਨੇ ਲਿਆ
‘ਦ ਖ਼ਾਲਸ ਬਿਊਰੋ : ਕਿਸਾਨ ਜਥੇਬੰਦੀਆਂ ਦੇ ਦਿਤੇ ਗਏ ਸੱਦੇ ਤੇ ਅੱਜ ਜੰਤਰ-ਮੰਤਰ ਵਿਖੇ ਕਿਸਾਨਾਂ ਦਾ ਭਰਵਾਂ ਇੱਕਠ ਹੋਇਆ ਹੈ।ਭਾਵੇਂ ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਜੰਤਰ-ਮੰਤਰ ‘ਤੇ ਮਹਾਪੰਚਾਇਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ ਤੇ ਕਿਸਾਨਾਂ ਨੂੰ ਦਿੱਲੀ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਪ੍ਰਸ਼ਾਸਨ ਨੇ ਬਹੁਤ ਕੋਸ਼ਿਸ਼ਾਂ ਵੀ ਕੀਤੀਆਂ,ਬੈਰੀਕੇਡ ਲਗਾਏ ਗਏ ਤੇ ਨਵੀਂ ਦਿੱਲੀ ਦੀ ਸਰਹੱਦ ਨੂੰ ਵੀ ਸੀਲ ਸੀਲ ਕਰ ਦਿੱਤਾ ਗਿਆ ਸੀ ਪਰ ਫਿਰ ਵੀ ਇਸ ਧਰਨੇ ਵਿੱਚ ਇੱਕਠੇ ਹੋਏ ਕਿਸਾਨਾਂ ਦੀ ਗਿਣਤੀ ਹਜ਼ਾਰਾਂ ਤੱਕ ਪਹੁੰਚ ਗਈ ਹੈ।
ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ MSP ਗਰੰਟੀ ਕਾਨੂੰਨ ਨੂੰ ਲੈ ਕੇ ਦਿੱਲੀ ਦੇ ਜੰਤਰ-ਮੰਤਰ ‘ਤੇ ਮੋਰਚਾਬੰਦੀ ਕੀਤੀ ਗਈ ਹੈ। ਇਸ ਦੌਰਾਨ ਕਈ ਕਿਸਾਨਾਂ ਨੂੰ ਸਿੰਘੂ ਅਤੇ ਟਿੱਕਰੀ ਅਤੇ ਗਾਜ਼ੀਪੁਰ ਬਾਰਡਰ ‘ਤੇ ਬੈਰੀਕੇਟਿੰਗ ਲੱਗਾ ਕੇ ਰੋਕਿਆ ਗਿਆ ਹੈ। ਕਿਸਾਨ ਜਥੇਬੰਦੀਆਂ ਬੈਰੀਕੇਟ ਤੋੜ ਕੇ ਅੱਗੇ ਵਧ ਗਈਆਂ ਹਨ। ਇਸ ਦੌਰਾਨ ਖ਼ਬਰ ਹੈ ਜਿੰਨਾਂ ਕਿਸਾਨਾਂ ਨੇ ਬੈਰੀਕੇਟ ਤੋੜਿਆ ਹੈ ਉਨ੍ਹਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਜਦਕਿ ਗਾਜ਼ੀਪੁਰ ਬਾਰਡਰ ‘ਤੇ ਕਿਸਾਨ ਧਰਨੇ ‘ਤੇ ਬੈਠ ਗਏ ਹਨ। ਪੁਲਿਸ ਦੀ ਸਖ਼ਤੀ ਦੇ ਬਾਵਜੂਦ 5 ਹਜ਼ਾਰ ਕਿਸਾਨ ਜੰਤਰ-ਮੰਤਰ ਧਰਨੇ ਲਈ ਪਹੁੰਚ ਗਏ ਹਨ। ਉਧਰ SKM ਦਾ ਵੀ ਧਰਨੇ ਨੂੰ ਲੈ ਕੇ ਅਹਿਮ ਬਿਆਨ ਸਾਹਮਣੇ ਆਇਆ ਹੈ।
SKM ਦਾ ਧਰਨੇ ‘ਤੇ ਬਿਆਨ
ਸੰਯੁਕਤ ਕਿਸਾਨ ਮੋਰਚੇ ਨੇ ਸਾਫ਼ ਕਰ ਦਿੱਤਾ ਹੈ ਕਿ ਦਿੱਲੀ ਦੇ ਜੰਤਰ-ਮੰਤਰ ‘ਤੇ ਧਰਨੇ ਦਾ ਫੈਸਲਾ ਉਨ੍ਹਾਂ ਦਾ ਨਹੀਂ ਸੀ SKM ਵਿੱਚ ਸ਼ਾਮਲ ਕੁਝ ਕਿਸਾਨ ਜਥੇਬੰਦੀਆਂ ਨੇ ਇਹ ਫੈਸਲਾ ਲਿਆ ਸੀ । ਜਿਸ ਵਿੱਚ ਪੰਜਾਬ ਤੋਂ ਜਗਜੀਤ ਸਿੰਘ ਡੱਲੇਵਾਲ ਦੀ ਕਿਸਾਨ ਯੂਨੀਅਨ BKU ਏਕਤਾ ਸਿੱਧੂਪੁਰਾ ਸ਼ਾਮਲ ਹੈ। ਉਧਰ ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਰੋਕਣ ਦੇ ਲਈ ਧਾਰਾ 144 ਲਗਾਈ ਗਈ ਸੀ, ਸਵੇਰ ਤੋਂ ਹੀ ਵੱਡੀ ਗਿਣਤੀ ਵਿੱਚ ਪੰਜਾਬ,ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨ ਮਹਾਪੰਚਾਇਤ ਦੇ ਲਈ ਦਿੱਲੀ ਦੇ ਜੰਤਰ- ਮੰਤਰ ਪਹੁੰਚ ਰਹੇ ਸਨ।
ਦਿੱਲੀ ਦੇ ਟਿੱਕਰੀ ਅਤੇ ਸਿੰਘੂ ਬਾਰਡਰ ‘ਤੇ ਸੀਮਿੰਟ ਦੇ ਬੈਰੀਕੇਟ ਲਗਾਏ ਗਏ ਸਨ, ਦਿੱਲੀ ਦੇ ਐਂਟਰੀ ਪੁਆਇੰਟ ‘ਤੇ ਚੈਕਿੰਗ ਕੀਤੀ ਜਾ ਰਹੀ ਸੀ ਪਰ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਆਏ ਜ਼ਿਆਦਾਤਰ ਕਿਸਾਨ ਟ੍ਰੇਨਾਂ ਦੇ ਜ਼ਰੀਏ ਦਿੱਲੀ ਪਹੁੰਚੇ ਸਨ। ਇੱਕ ਦਿਨ ਪਹਿਲਾਂ ਕਿਸਾਨ ਸਿੱਧੇ ਬੰਗਲਾ ਸਾਹਿਬ ਗੁਰਦੁਆਰੇ ਪਹੁੰਚੇ,ਕਿਸਾਨਾਂ ਨੇ ਕਿਹਾ ਕਿ ਦਿੱਲੀ ਵਿੱਚ ਪੱਕੇ ਮੋਰਚੇ ਲਗਾਉਣ ਲਈ ਨਹੀਂ ਆਏ ਹਨ ਬਲਕਿ ਸਿਰਫ਼ ਇੱਕ ਦਿਨ ਦਾ ਪ੍ਰਦਰਸ਼ਨ ਕਰਨ ਪਹੁੰਚੇ ਹਨ ਅਤੇ ਪੀਐੱਮ ਮੋਦੀ ਨੂੰ MSP ‘ਤੇ ਆਪਣਾ ਵਾਅਦਾ ਯਾਦ ਕਰਵਾਉਣ ਲਈ ਪਹੁੰਚੇ ਹਨ।
ਪੁਲਿਸ ਵੱਲੋਂ ਪ੍ਰਦਰਸ਼ਨ ‘ਤੇ ਨਜ਼ਰ
ਪ੍ਰਦਰਸ਼ਨ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਗੜਬੜੀ ਨਾ ਹੋਵੇ ਇਸ ਦੇ ਲਈ ਦਿੱਲੀ ਪੁਲਿਸ ਪੂਰੀ ਤਰ੍ਹਾਂ ਨਾਲ ਅਲਰਟ ‘ਤੇ ਹੈ,ਡ੍ਰੋਨ ਕੈਮਰਿਆਂ ਦੇ ਨਾਲ ਨਜ਼ਰ ਰੱਖੀ ਜਾ ਰਹੀ ਹੈ, ਬਾਰਡਰਾਂ ‘ਤੇ ਲੱਗੇ ਸੀਸੀਟੀਵੀ ਦੇ ਜ਼ਰੀਏ ਹਾਲਾਤ ਬੇਕਾਬੂ ਨਾ ਹੋਣ ਇਸ ਦਾ ਧਿਆਨ ਰੱਖਿਆ ਜਾ ਰਿਹਾ ਹੈ, ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਹਾਲਾਤ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।