Punjab

ਫਰੀਦਕੋਟ: ਗਰੀਬ ਮਜ਼ਦੂਰ ਪਰਿਵਾਰ ਨੂੰ ਲੱਗੀ ਡੇਢ ਕਰੋੜ ਦੀ ਲਾਟਰੀ

ਫਰੀਦਕੋਟ ਜ਼ਿਲ੍ਹੇ ਦੇ ਕਸਬਾ ਸਾਦਿਕ ਨੇੜਲੇ ਪਿੰਡ ਸੈਦੇਕੇ ਦੇ ਬਹੁਤ ਹੀ ਗਰੀਬ ਪਰਿਵਾਰ ਨੂੰ ਅਚਾਨਕ ਕਿਸਮਤ ਚਮਕ ਗਈ। ਦਿਹਾੜੀਦਾਰ ਰਾਮ ਸਿੰਘ ਅਤੇ ਉਨ੍ਹਾਂ ਦੀ ਪਤਨੀ ਨਸੀਬ ਕੌਰ ਨੇ ਚੜਦੇ ਸਾਦਿਕ ਵਾਲੇ ਲਾਟਰੀ ਸਟਾਲ ਤੋਂ ਖਰੀਦੀ ਟਿਕਟ ’ਤੇ ਡੇਢ ਕਰੋੜ ਰੁਪਏ (1.5 ਕਰੋੜ) ਦਾ ਪਹਿਲਾ ਇਨਾਮ ਨਿਕਲਿਆ ਹੈ।

ਲਾਟਰੀ ਸਟਾਲ ਮਾਲਕ ਰਾਜੂ ਸਿੰਘ ਨੇ ਦੱਸਿਆ ਕਿ ਤਿੰਨ ਦਿਨ ਤੱਕ ਉਹ ਇਨਾਮ ਜੇਤੂ ਦੀ ਭਾਲ ਕਰਦੇ ਰਹੇ। ਅੰਤ ਰਾਮ ਸਿੰਘ ਤੇ ਨਸੀਬ ਕੌਰ ਖੁਦ ਚੰਡੀਗੜ੍ਹ ਤੋਂ ਵਾਪਸ ਆਉਂਦਿਆਂ ਰਾਜੂ ਦੇ ਘਰ ਪਹੀ ਪਹੁੰਚ ਗਏ ਅਤੇ ਮੂੰਹ ਮਿੱਠਾ ਕਰਵਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

ਰਾਮ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, “ਅਸੀਂ ਬਹੁਤ ਗਰੀਬ ਹਾਂ। ਸਾਡੇ ਤਿੰਨ ਧੀਆਂ ਤੇ ਇੱਕ ਪੁੱਤਰ ਹੈ। ਦੋ ਸਾਲ ਤੋਂ ਲਗਾਤਾਰ ਲਾਟਰੀ ਪਾ ਰਿਹਾ ਸੀ, ਪਰਮਾਤਮਾ ’ਤੇ ਪੂਰਾ ਭਰੋਸਾ ਸੀ। ਹੁਣ ਟੈਕਸ ਕੱਟਣ ਤੋਂ ਬਾਅਦ ਸਾਡੇ ਖਾਤੇ ’ਚ 1 ਕਰੋੜ 5 ਲੱਖ ਰੁਪਏ ਆਉਣਗੇ। ਸਭ ਤੋਂ ਪਹਿਲਾਂ ਪੁੱਤਰ ਲਈ ਜਾਇਦਾਦ ਬਣਾਵਾਂਗੇ।” ਉਨ੍ਹਾਂ ਦੱਸਿਆ ਕਿ ਵਧਾਈਆਂ ਦੇ ਫੋਨ ਲੱਗੇ ਪਏ ਨੇ, ਪਰ ਕੋਈ ਤੰਗ-ਪ੍ਰੇਸ਼ਾਨ ਕਰਨ ਵਾਲਾ ਨਹੀਂ ਆਇਆ।

ਚੰਡੀਗੜ੍ਹ ਲਾਟਰੀ ਹੈੱਡ ਆਫਿਸ ਨੇ ਵੀ ਭਰੋਸਾ ਦਿੱਤਾ ਕਿ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਨਸੀਬ ਕੌਰ ਨੇ ਅੱਖਾਂ ’ਚ ਹੰਝੂ ਭਰ ਕੇ ਕਿਹਾ, “ਮੇਰਾ ਪਤੀ ਸੀਰੀ ਲਾ ਕੇ ਮਜ਼ਦੂਰੀ ਕਰਦਾ ਸੀ। ਪਰਮਾਤਮਾ ਨੇ ਸੁਣ ਲਿਆ। ਹੁਣ ਸਾਡੇ ਪੁੱਤ ਦਾ ਘਰ ਚੰਗੀ ਤਰ੍ਹਾਂ ਚੱਲੇਗਾ।”ਲਾਟਰੀ ਸਟਾਲ ਮਾਲਕ ਰਾਜੂ ਸਿੰਘ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ, “ਸਾਦਿਕ ’ਚ ਪਹਿਲੀ ਵਾਰ ਡ ਢੇਢ ਕਰੋੜ ਦੀ ਲਾਟਰੀ ਨਿਕਲੀ।

ਲੋਕ ਉਲਾਂਭੇ ਦਿੰਦੇ ਸਨ ਕਿ ਸਾਡੇ ਇਲਾਕੇ ’ਚ ਵੱਡੀ ਲਾਟਰੀ ਨਹੀਂ ਨਿਕਲਦੀ, ਪਰ ਸਭ ਤੋਂ ਵੱਡੀ ਖੁਸ਼ੀ ਇਹ ਹੈ ਕਿ ਇਹ ਇਨਾਮ ਇੱਕ ਮਜ਼ਦੂਰ ਪਰਿਵਾਰ ਨੂੰ ਮਿਲਿਆ। ਪਰਮਾਤਮਾ ਨੇ ਮੇਰੇ ’ਤੇ ਵੀ ਕਿਰਪਾ ਕੀਤੀ।”ਇਸ ਖ਼ੁਸ਼ੀ ਦੀ ਖ਼ਬਰ ਨਾਲ ਪਿੰਡ ਤੇ ਇਲਾਕੇ ’ਚ ਖੁਸ਼ੀ ਦਾ ਮਾਹੌਲ ਹੈ।