Punjab

ਇਹ ਖ਼ਬਰ ਹਰ ਪੰਜਾਬੀ ਲਈ ਜ਼ਰੂਰੀ ਹੈ !

ਬਿਉਰੋ ਰਿਪੋਰਟ : ਫਰੀਦਕੋਟ ਦੇ ਪਿੰਡ ਢਿੱਲਵਾਂ ਖੁਰਦ ਵਿੱਚ ਨਸ਼ੇ ਦੇ ਖਿਲਾਫ ਆਵਾਜ਼ ਚੁੱਕਣ ਵਾਲੇ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ ਹੈ । ਗੋਲੀ ਮਾਰਨ ਵਾਲਾ ਮੁਲਜ਼ਮ ਕੁਝ ਦਿਨ ਪਹਿਲਾਂ ਹੀ ਆਰਮ ਐਕਟ ਕੇਸ ਵਿੱਚ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ । ਪਿੰਡ ਢਿਲਵਾਂ ਖੁਰਦ ਵਿੱਚ ਨਸ਼ੇ ਛਡਾਉਣ ਦੇ ਲਈ ਇੱਕ ਕਮੇਟੀ ਬਣਾਈ ਗਈ ਸੀ । ਕਮੇਟੀ ਦੇ ਮੈਂਬਰੀ ਹੈਰੀ ਨੇ ਦੱਸਿਆ ਕਿ ਪੰਚਾਇਤ ਦੀ ਸਹਿਮਤੀ ਨਾਲ ਨੌਜਵਾਨਾਂ ਦੀ ਜਾਨ ਬਚਾਉਣ ਦੇ ਲਈ ਕਮੇਟੀ ਬਣਾਉਣ ਦਾ ਫੈਸਲਾ ਲਿਆ ਗਿਆ ਸੀ ।

ਨਸ਼ਾ ਛਡਾਉ ਕਮੇਟੀ ਦਾ ਹਿੱਸਾ 30 ਸਾਲ ਦੇ ਹਰਭਗਵਾਨ ਸਿੰਘ ਵੀ ਸਨ । ਉਹ ਬਿਜਲੀ ਮਿਸਤਰੀ ਸੀ । ਵੀਰਵਾਰ ਨੂੰ ਕਮੇਟੀ ਨੇ ਨਸ਼ਾ ਵੇਚਣ ਵਾਲਿਆਂ ਕੋਲ ਜਾਕੇ ਅਜਿਹਾ ਨਾ ਕਰਨ ਦੀ ਅਪੀਲ ਕੀਤੀ । ਪਿੰਡ ਦੇ ਦੂਜੇ ਨਸ਼ਾ ਸਮੱਗਲਰ ਤਾਂ ਮੰਨ ਗਏ ਪਰ ਤਾਰਾ ਸਿੰਘ ਨੇ ਉਨ੍ਹਾਂ ਦੀ ਗੱਲ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ । ਉਸ ਨੇ ਕਿਹਾ ਉਹ ਵੇਚਣ ਤੋਂ ਪਿੱਛੇ ਨਹੀਂ ਹਟੇਗਾ । ਸ਼ੁੱਕਰਵਾਰ ਨੂੰ ਨਸ਼ਾ ਲੈਕੇ ਆਏ ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਨੇ ਤਾਰਾ ਸਿੰਘ ਤੋਂ ਨਸ਼ਾ ਖਰੀਦਿਆ।

ਤਾਰਾ ਸਿੰਘ ਨੂੰ ਫੋਨ ਆਇਆ ਕਿ ਕਮੇਟੀ ਦੇ ਮੈਂਬਰਾਂ ਨੇ ਉਸ ਦੇ ਨਸ਼ੇ ਦੇ ਗਾਹਕਾਂ ਨੂੰ ਫੜ ਲਿਆ ਹੈ । ਜਿਸ ਤੋਂ ਬਾਅਦ ਤਾਰਾ ਸਿੰਘ ਪਿੰਡ ਦੇ ਲੋਕਾਂ ਨੂੰ ਧਮਕੀ ਦੇਣ ਲੱਗਿਆ । ਉਹ ਆਪਣੇ ਨਾਲ ਔਰਤਾਂ ਨੂੰ ਲੈਕੇ ਪਹੁੰਚਿਆ ਅਤੇ ਹਰਭਗਵਾਨ ਸਿੰਘ ਨੂੰ ਗੋਲੀ ਮਾਰ ਦਿੱਤੀ । ਇਹ ਖ਼ਬਰ ਹੈਰਾਨ ਅਤੇ ਪਰੇਸ਼ਾਨ ਕਰਨ ਵਾਲੀ ਹੈ । ਯਾਨੀ ਜੇਕਰ ਤੁਸੀਂ ਨਸ਼ੇ ਨਾਲ ਨਹੀਂ ਮਰੋਗੇ ਤਾਂ ਤੁਹਾਨੂੰ ਨਸ਼ਾ ਵੇਚਣ ਵਾਲਾ ਮਾਰ ਦੇਵੇਗਾ । ਕੁੱਲ ਮਿਲਾਕੇ ਡਰੱਗ ਸਮੱਗਲਰ ਹੁਣ ਗੈਂਗਸਟਰ ਵੀ ਬਣ ਗਏ ਹਨ । ਫਰੀਦਕੋਟ ਦੀ ਇਹ ਵਾਰਦਾਤ ਹੋਸ਼ ਉਡਾਉਣ ਵਾਲੀ ਹੈ ਹਰ ਆਮੋ-ਖਾਸ ਸੀ । ਪਤਾ ਨਹੀਂ ਸਰਕਾਰ ਤੱਕ ਇਹ ਖ਼ਬਰ ਪਹੁੰਚੀ ਹੈ ਜਾਂ ਨਹੀਂ ਪਰ ਜੇਕਰ ਨਹੀਂ ਪਹੁੰਚੀ ਤਾਂ ਅਸੀਂ ਪਹੁੰਚਾ ਦਿੰਦੇ ਹਾਂ । ਸਾਨੂੰ ਪਤਾ ਹੈ ਨਸ਼ੇ ‘ਤੇ ਇੱਕ ਦਮ ਨਕੇਲ ਨਹੀਂ ਪਾਈ ਜਾ ਸਦਕੀ ਹੈ। ਇਸ ਦੇ ਲਈ ਸਾਰਿਆਂ ਦਾ ਸਾਥ ਜ਼ਰੂਰੀ ਹੈ ਪਰ ਜੇਕਰ ਸਾਥ ਦੇਣ ਵਾਲੇ ਇਸੇ ਤਰ੍ਹਾਂ ਬੇਖੌਫ ਡਰੱਗ ਸਮੱਗਲਰਾਂ ਦਾ ਨਿਸ਼ਾਨਾ ਬਣ ਦੇ ਰਹਿਣਗੇ ਤਾਂ ਕੌਣ ਅੱਗੇ ਆਵੇਗਾ ।