ਬਿਊਰੋ ਰਿਪੋਰਟ : ਫਰੀਦਕੋਟ ਤੋਂ ਆਪ ਦੇ ਵਿਧਾਇਕ ਗੁਰਦਿੱਤ ਸਿੰਘ ਸੋਖੋਂ ਦੀ ਪਾਇਲਟ ਗੱਡੀ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ 2 ਲੋਕਾਂ ਦੀ ਮੌਤ ਹੋ ਗਈ ਹੈ । ਸ਼ਹਿਰ ਦੇ ਸਾਦਿਕ ਰੋਡ ਦੇ ਮਚਾਕੀ ਪਿੰਡ ਕੋਲ ਇਹ ਹਾਦਸਾ ਹੋਇਆ ਹੈ,ਦੋਵੇ ਮ੍ਰਿਤਕ ਫਰੀਦਕੋਟ ਦੇ ਪਿੰਡ ਝੋਟੀਵਾਲ ਦੇ ਰਹਿਣ ਵਾਲੇ ਸਨ । ਹਾਦਸਾ ਕਿਸ ਦੀ ਗਲਤੀ ਦੀ ਵਜ੍ਹਾ ਕਰਕੇ ਹੋਇਆ ? ਇਸ ਦੀ ਜਾਂਚ ਪੁਲਿਸ ਸਾਹਮਣੇ ਆਈ ਹੈ, ਪਰ ਪੀੜਤ ਪਰਿਵਾਰ ਨੇ ਵਿਧਾਇਕ ਸੇਖੋਂ ‘ਤੇ ਗੰਭੀਰ ਇਲਜ਼ਾਮ ਲਗਾਏ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਪਰਿਵਾਰ ਦੇ ਮੈਂਬਰ ਝੋਨੇ ਦਾ ਬੀਜ ਲੈਣ ਜਾ ਰਹੇ ਸਨ,ਮੋੜ ਵੇਲੇ ਵਿਧਾਇਕ ਦੀ ਗੱਡੀ ਆਈ ਅਤੇ ਪਹਿਲਾਂ ਉਸ ਨੇ ਟੱਕਰ ਮਾਰੀ ਫਿਰ ਪਾਇਲਟ ਜੀਪ ਨੇ ਪਿੱਛੋ ਟੱਕਰ ਮਾਰੀ। ਪਰਿਵਾਰ ਦਾ ਇਲਜ਼ਾਮ ਹੈ ਕਿ ਵਿਧਾਇਕ ਉੱਥੇ ਨਹੀਂ ਰੁੱਕੇ ਅਤੇ ਆਪ ਵੀ ਫਰਾਰ ਹੋ ਗਏ ਅਤੇ ਪਾਇਲਟ ਜੀਪ ਵੀ ਨਾਲ ਲੈ ਗਏ । ਉਨ੍ਹਾਂ ਨੇ ਮੰਗ ਕੀਤੀ ਹੈ ਕਿ ਵਿਧਾਇਕ ਸੇਖੋਂ ਦੇ ਖਿਲਾਫ ਪਰਚਾ ਹੋਣਾ ਚਾਹੀਦਾ ਹੈ । ਪਰਿਵਾਰ ਦਾ ਕਹਿਣਾ ਹੈ ਦੁਰਘਟਨਾ ਦੇ ਤਿੰਨ ਘੰਟੇ ਬਾਅਦ ਇੱਕ ਦੇ ਸਾਹ ਚੱਲ ਰਹੇ ਸਨ ਪਰ ਕਿਸੇ ਨੇ ਮਦਦ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਹੁਣ ਜਦੋਂ ਅਸੀਂ ਵਿਧਾਇਕ ਦੇ ਖਿਲਾਫ਼ ਸ਼ਿਕਾਇਤ ਦਰਜ ਕਰਨ ਆਏ ਤਾਂ ਸਾਡੇ ਲਈ ਪੁਲਿਸ ਸਟੇਸ਼ਨ ਦੇ ਦਰਵਾਜ਼ੇ ਬੰਦ ਕਰ ਦਿੱਤੇ ਹਨ ।
ਵਿਧਾਇਕ ਦਲਬੀਰ ਸਿੰਘ ਦੀ ਗੱਡੀ ਦੁਰਘਟਨਾ ਦਾ ਸ਼ਿਕਾਰ
5 ਜੂਨ ਨੂੰ ਚੰਡੀਗੜ੍ਹ- ਜਲੰਧਰ ਕੌਮੀ ਸ਼ਾਹਰਾਹ ਨਵਾਂ ਸ਼ਹਿਰ ਦੇ ਲੰਗੜੋਆ ਬਾਈਪਾਸ ਦੇ ਕੋਲ ਆਪ ਦੇ ਵਿਧਾਇਕ ਦਲਬੀਰ ਸਿੰਘ ਟੌੰਗ ਦੀ ਕਾਰ ਜ਼ਬਰਦਸਤ ਹਾਦਸੇ ਦਾ ਸ਼ਿਕਾਰ ਹੋ ਗਈ ਸੀ । ਹਾਦਸਾ ਇਨ੍ਹਾਂ ਭਿਆਨਕ ਸੀ ਕਿ ਇਸ ਵਿੱਚ 1 ਬਜ਼ੁਰਗ ਦੀ ਮੌਤ ਹੋ ਗਈ ਸੀ,ਹਾਦਸੇ ਵਿੱਚ ਬਾਬਾ ਬਕਾਲਾ ਤੋਂ ਵਿਧਾਇਕ ਦਲਬੀਰ ਸਿੰਘ ਟੌਂਗ ਬੁਰੀ ਤਰ੍ਹਾਂ ਜਖ਼ਮੀ ਹੋਏ ਹਨ।
ਵਿਧਾਇਕ ਦਲਬੀਰ ਸਿੰਘ ਟੌਂਗ ਆਪਣੀ ਫਾਰਚੂਨਰ ਕਾਰ (PB02EJ-0039) ਤੋਂ ਚੰਡੀਗੜ੍ਹ ਵੱਲ ਜਾ ਰਹੇ ਸਨ । ਲੰਗੜੋਆ ਬਾਈਪਾਸ ਦੇ ਕੋਲ ਹਾਦਸਾ ਹੋਇਆ । ਸਵਿਫਟ ਕਾਰ ਵਿੱਚ ਸਵਾਰ ਬਜ਼ੁਰਗ ਦਰਸ਼ਨ ਸਿੰਘ ਮਜਾਰੀ ਦੀ ਮੌਤ ਹੋ ਗਈ ਸੀ ਜਦਕਿ ਡਰਾਈਵਰ ਬਲਵੀਰ ਸਿੰਘ ਧਮਾਈ ਜ਼ਖਮੀ ਹੋਏ। ਇਸ ਦੌਰਾਨ ਵਿਧਾਇਕ ਦੀ ਗੱਡੀ ਵਿੱਚ ਸਵਾਰ ਉਨ੍ਹਾਂ ਦੇ ਪਰਸਨਲ ਸਟਾਫ ਦੇ ਮੈਂਬਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ।