ਬਿਊਰੋ ਰਿਪੋਰਟ : ਫ਼ਿਰੋਜ਼ਪੁਰ ਵਿੱਚ ਦਿਲ ਨੂੰ ਦਹਿਲਾ ਦੇਣਾ ਵਾਲੀ ਘਟਨਾ ਸਾਹਮਣੇ ਆਈ ਹੈ । ਇੱਕ ਬਿਜਲੀ ਮੁਲਾਜ਼ਮ ਕਰੰਟ ਦੀ ਚਪੇਟ ਵਿੱਚ ਆ ਗਿਆ ਅਤੇ ਫਿਰ ਜ਼ਿੰਦਾ ਸੜ ਕੇ ਮਰ ਗਿਆ ਅਤੇ ਲੋਕ ਬੇਬਸ ਖੜੇ ਹੋਕੇ ਵੇਖ ਦੇ ਰਹੇ,ਕੋਈ ਵੀ ਕੁਝ ਨਹੀਂ ਕਰ ਸਕਿਆ । ਇਸ ਹਾਦਸੇ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ । ਪਰ ਇਸ ਪੂਰੇ ਹਾਦਸੇ ਦੌਰਾਨ ਬਿਜਲੀ ਵਿਭਾਗ ਦਾ ਜਿਹੜਾ ਜਵਾਬ ਆਇਆ ਹੈ, ਉਸ ਨੂੰ ਲੈ ਕੇ ਲੋਕਾਂ ਵਿੱਚ ਕਾਫ਼ੀ ਰੋਸ ਹੈ ।
ਵਿਭਾਗ ਨੇ ਪੁੱਛਿਆ ਰੈਗੂਲਰ ਜਾਂ ਕੱਚਾ ਮੁਲਾਜ਼ਮ
ਸਥਾਨਕ ਨਿਵਾਸੀ ਰਮੇਸ਼ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਵਿੱਚ ਲਾਈਟ ਵੀਰਵਾਰ ਸ਼ਾਮ ਨੂੰ ਖ਼ਰਾਬ ਹੋਈ ਸੀ । ਲੋਕਾਂ ਵੱਲੋਂ ਬਿਜਲੀ ਵਿਭਾਗ ਨੂੰ ਸ਼ਿਕਾਇਤ ਕੀਤੀ ਗਈ ਸੀ । ਸ਼ੁੱਕਰਵਾਰ ਨੂੰ ਬਿਜਲੀ ਠੀਕ ਕਰਨ ਦੇ ਲਈ ਜੋਤੀ ਨਾਂ ਦੇ ਸ਼ਖ਼ਸ ਨੂੰ ਭੇਜਿਆ । ਜਿਸ ਨੇ ਪਹਿਲਾਂ ਤਾਰਾਂ ਜੋੜਿਆ ਫਿਰ ਪੌੜੀ ‘ਤੇ ਚੜ੍ਹ ਗਿਆ । ਪਰ ਜਿਵੇਂ ਹੀ ਜੋਤੀ ਨੇ ਪਲਾਸ ਦੇ ਨਾਲ ਬਿਜਲੀ ਦੀ ਤਾਰ ਨੂੰ ਛੇੜਿਆ ਉਹ ਕਰੰਟ ਦੀ ਚਪੇਟ ਵਿੱਚ ਆ ਗਿਆ ਅਤੇ ਮਿੰਟਾਂ ਵਿੱਚ ਜ਼ਿੰਦਾ ਸੜ ਗਿਆ । ਇਸ ਦਾ ਵੀਡੀਓ ਕਾਫ਼ੀ ਦਰਦਨਾਕ ਹੈ ।
ਮੌਕੇ ‘ਤੇ ਮੌਜੂਦ ਲੋਕ ਬੇਬਸ ਵਿਖਾਈ ਦੇ ਰਹੇ ਸਨ । ਕੁਝ ਲੋਕਾਂ ਨੇ ਬਿਜਲੀ ਘਰ ਨੂੰ ਫ਼ੋਨ ਕਰਕੇ ਫ਼ੌਰਨ ਬਿਜਲੀ ਬੰਦ ਕਰਨ ਨੂੰ ਕਿਹਾ ਪਰ ਮੁਲਾਜ਼ਮਾਂ ਨੇ ਪੁੱਛਿਆ ਕਿ ਜੋ ਖੰਭੇ ‘ਤੇ ਚੜ੍ਹਿਆ ਹੈ ਉਹ ਰੈਗੂਲਰ ਹੈ ਜਾਂ ਫਿਰ ਕੱਚਾ ਮੁਲਾਜ਼ਮ। ਇਹ ਸੁਣ ਕੇ ਲੋਕ ਭੜਕ ਗਏ ਅਤੇ ਉਨ੍ਹਾਂ ਨੇ ਕਿਹਾ ਮਰਨ ਵਾਲਾ ਇਨਸਾਨ ਸੀ । ਲੋਕਾਂ ਦਾ ਕਹਿਣਾ ਸੀ ਕਿ ਅਜਿਹੇ ਮੌਕੇ ਇਹ ਸਵਾਲ ਪੁੱਛਣਾ ਕਿ ਮੁਲਾਜ਼ਮ ਕੱਚਾ ਸੀ ਜਾਂ ਪੱਕਾ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਸੀ।
ਰੈੱਡਕਰਾਸ ਵੱਲੋਂ ਦਿੱਤੀ ਗਈ ਆਰਥਿਕ ਮਦਦ
ਗ਼ੁੱਸੇ ਵਿੱਚ ਲੋਕਾਂ ਨੇ ਵਿਭਾਗ ਦੇ ਖ਼ਿਲਾਫ਼ ਧਰਨਾ ਦਿੱਤਾ । ਮ੍ਰਿਤਕ ਜੋਤੀ ਲੰਮੇ ਵਕਤ ਤੋਂ ਕੱਚੇ ਮੁਲਾਜ਼ਮ ਦੇ ਤੌਰ ‘ਤੇ ਬਿਜਲੀ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਦੇ ਰਿਹਾ ਸੀ । ਘਟਨਾ ਦੀ ਇਤਲਾਹ ਮਿਲਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਅਤੇ ਡੀ ਸੀ ਦੇ ਹੁਕਮਾਂ ਤੋਂ ਬਾਅਦ ਰੈੱਡਕਰਾਸ ਸਕੱਤਰ ਬਹਿਲ ਮੌਕੇ ‘ਤੇ ਪਹੁੰਚੇ ਅਤੇ ਪਰਿਵਾਰ ਨੂੰ ਸ਼ਾਂਤ ਕਰਵਾਇਆ ਅਤੇ ਫ਼ੌਰਨ 50 ਹਜ਼ਾਰ ਰੁਪਏ ਦੀ ਆਰਥਿਕ ਮਦਦ ਦਿੱਤੀ ।