ਫਰੀਦਕੋਟ : ਝੋਨਾ (Paddy) ਮੰਡੀਆਂ ਵਿੱਚ ਪਹੁੰਚ ਰਿਹਾ ਹੈ ਤਾਂ ਉੱਥੇ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਕੁਝ ਦਿਨਾਂ ਤੋਂ ਮੀਂਹ ਹੋਣ ਦੀ ਵਜ੍ਹਾ ਕਰਕੇ ਪਰਾਲੀ ਨੂੰ ਲਗਾਈ ਗਈ ਅੱਗ ਦਾ ਇੰਨਾਂ ਅਸਰ ਵੇਖਣ ਨੂੰ ਨਹੀਂ ਮਿਲ ਰਿਹਾ ਹੈ ਪਰ ਪਿਛਲੇ 8 ਦਿਨਾਂ ਦੇ ਅੰਦਰ ਮਾਝਾ ਵਿੱਚ 700 ਤੋਂ ਵੱਧ ਪਰਾਲੀ ਨੂੰ ਸਾੜਨ ਦੇ ਮਾਮਲੇ ਸਾਹਮਣੇ ਆਏ ਹਨ, ਪੰਜਾਬ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਤਖ਼ਤ ਸਾਹਿਬ ਤੋਂ ਪਰਾਲੀ ਨਾ ਸਾੜਨ ਦੀ ਅਪੀਲ ਕਰਨ । ਇਸ ਦੌਰਾਨ ਫਰੀਦਕੋਟ ਦੀ ਡਿਪਟੀ ਕਮਿਸ਼ਨਰ ਨੇ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ ।
ਫਰੀਦਕੋਟ ਪ੍ਰਸ਼ਾਸਨ ਦੀ ਸਖ਼ਤੀ
ਫਰੀਦਕੋਟ ਦੀ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਦੇ ਅਸਲੇ ਦਾ ਲਾਇਸੰਸ ਰੀਨਿਊ ਨਾ ਕਰਨ ਦੇ ਨਿਰਦੇਸ਼ ਦਿੱਤੇ ਹਨ, ਸਿਰਫ਼ ਇੰਨਾਂ ਹੀ ਡੀਸੀ ਨੇ ਸਾਫ਼ ਕਰ ਦਿੱਤਾ ਹੈ ਜਿਹੜੇ ਕਿਸਾਨਾਂ ਨਵੇਂ ਹਥਿਆਰਾਂ ਦੇ ਲਾਇਸੰਸ ਬਣਾਉਣ ਦੀ ਅਰਜ਼ੀ ਦੇਣਗੇ ਉਨ੍ਹਾਂ ਨੂੰ ਵੀ ਖਾਰਜ ਕਰ ਦਿੱਤਾ ਜਾਵੇਗਾ । ਵਾਤਾਵਰਣ ਨੂੰ ਬਚਾਉਣ ਦੇ ਲਈ ਡਿਪਟੀ ਕਮਿਸ਼ਨ ਵੱਲੋਂ ਇਹ ਸਖ਼ਤ ਕਦਮ ਚੁੱਕੇ ਗਏ ਹਨ । ਡੀਸੀ ਰੂਹੀ ਦੁੱਗ ਨੇ ਕਿਸਾਨਾਂ ਨੂੰ ਆਈ-ਖੇਤ ਪੰਜਾਬ ਐਪ ਦੇ ਜ਼ਰੀਏ ਪਰਾਲੀ ਨੂੰ ਨਸ਼ਟ ਕਰਨ ਦੇ ਤਰੀਕੇ ਅਪਨਾਉਣ ਦੀ ਅਪੀਲ ਕੀਤੀ ਹੈ ।
ਇਹ ਤਰੀਕੇ ਵਰਤਨ ਕਿਸਾਨ
ਡਿਪਟੀ ਕਮਿਸ਼ਨ ਨੇ ਦੱਸਿਆ ਕਿ ਪਰਾਲੀ ਨੂੰ ਲੈਕੇ ਕਿਸਾਨ ਖੇਤੀਬਾੜੀ ਸੰਦ ਜਿਵੇਂ ਰੇਕ, ਹੈਪੀ ਸੀਡਰ, ਲੇਜ਼ਰ ਲੈਵਲਰ, ਪੈਡੀ ਸਟਰਾਅ, ਚੌਪਰ, RMB,ਰੋਟਰੀ ਸਲੈਸ਼ਨ, ਸੁਪਰ ਸੀਡਰ, ਸੁਪਰ SMS, ਟਰੈਕਟਰ,ਜੀਰੋ ਟਿੱਲ ਡਰਿੱਲ ਮਸ਼ੀਨ,ਕਿਰਾਏ ‘ਤੇ ਲੈ ਕੇ ਫਸਲੀ ਰਹਿੰਦ ਖੂੰਹਦ ਨੂੰ ਅੱਗ ਲਗਾਏ ਬਿਨਾਂ ਖੇਤੀਬਾੜੀ ਕਰਨ ਵੱਲ ਉਤਸ਼ਾਹਿਤ ਹੋਣ, ਤਾਂ ਜੋ ਪੰਜਾਬ ਨੂੰ ਜ਼ੀਰੋ ਪਰਾਲੀ ਸਾੜਨ ਵਾਲਾ ਸੂਬਾ ਬਣਾਇਆ ਜਾ ਸਕੇ ।