‘ਦ ਖ਼ਾਲਸ ਬਿਊਰੋ :- ਫ਼ਰੀਦਕੋਟ ਅਦਾਲਤ ਨੇ ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਦੂਜੀ ਫਾਈਲ ਵੀ ਬੰਦ ਕਰ ਦਿੱਤੀ ਹੈ। ਫ਼ਰੀਦਕੋਟ ਦੇ ਵਧੀਕ ਸੈਸ਼ਨ ਜੱਜ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤਹਿਤ ਕੋਟਕਪੂਰਾ ਮਾਮਲੇ ਦੀ ਦੂਜੀ ਫਾਈਲ ਨੂੰ ਬੰਦ ਕਰ ਦਿੱਤਾ ਹੈ। ਵਿਸ਼ੇਸ਼ ਜਾਂਚ ਟੀਮ ਨੇ ਪੜਤਾਲ ਦੌਰਾਨ ਕੋਟਕਪੂਰਾ ਵਿੱਚ 14 ਅਕਤੂਬਰ, 2015 ਨੂੰ ਦਰਜ ਹੋਈ ਐੱਫਆਈਆਰ ਨੰਬਰ 192 ਵਿੱਚ ਥਾਣਾ ਸਿਟੀ ਕੋਟਕਪੂਰਾ ਦੇ ਤਤਕਾਲੀ ਐੱਸਐੱਚਓ ਗੁਰਦੀਪ ਸਿੰਘ ਪੰਧੇਰ ਅਤੇ ਡੀਐੱਸਪੀ ਬਲਜੀਤ ਸਿੰਘ ਸਿੱਧੂ ਖ਼ਿਲਾਫ਼ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਸੀ ਅਤੇ ਪੰਜਾਬ ਸਰਕਾਰ ਨੇ ਵੀ ਇਸ ਕੇਸ ਨੂੰ ਚਲਾਉਣ ਲਈ ਹਰੀ ਝੰਡੀ ਦੇ ਦਿੱਤੀ ਸੀ।
ਇਹ ਪਰਚਾ ਗੁਰਦੀਪ ਪੰਧੇਰ ਵੱਲੋਂ ਸਿੱਖ ਅੰਦੋਲਨਕਾਰੀਆਂ ’ਤੇ ਦਰਜ ਕਰਵਾਇਆ ਗਿਆ ਸੀ, ਜਿਸ ’ਚ ਅੰਦੋਲਨਕਾਰੀਆਂ ‘ਤੇ ਪੁਲਿਸ ਮੁਲਾਜ਼ਮਾਂ ਉੱਪਰ ਕਾਤਲਾਨਾ ਹਮਲਾ ਕਰਕੇ 70 ਦੇ ਕਰੀਬ ਪੁਲਿਸ ਮੁਲਾਜ਼ਮ ਅਤੇ ਅਧਿਕਾਰੀਆਂ ਨੂੰ ਜ਼ਖ਼ਮੀ ਕਰਨ ਦਾ ਦੋਸ਼ ਲਾਇਆ ਗਿਆ ਸੀ। ਇਸ ਕੇਸ ਵਿੱਚ ਜਾਂਚ ਟੀਮ ਦੇ ਮੈਂਬਰ ਪੰਜਾਬ ਦੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੜਤਾਲ ਦੌਰਾਨ ਸਿੱਖ ਅੰਦੋਲਨਕਾਰੀਆਂ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਉਨ੍ਹਾਂ ਦਾਅਵਾ ਕੀਤਾ ਸੀ ਕਿ ਪੁਲਿਸ ਨੇ ਅੰਦੋਲਨਕਾਰੀਆਂ ਨੂੰ ਫਸਾਉਣ ਲਈ ਝੂਠੀ ਗਵਾਹੀ ਅਤੇ ਸਬੂਤ ਤਿਆਰ ਕਰ ਕੇ ਐੱਫਆਈਆਰ ਨੰਬਰ 192 ਦਰਜ ਕੀਤੀ ਸੀ।
ਜਾਂਚ ਟੀਮ ਨੇ ਇਸ ਐੱਫਆਈਆਰ ਵਿੱਚ ਗੁਰਦੀਪ ਸਿੰਘ ਪੰਧੇਰ ਅਤੇ ਬਲਜੀਤ ਸਿੰਘ ਸਿੱਧੂ ਨੂੰ ਮੁਲਜ਼ਮ ਨਾਮਜ਼ਦ ਕਰ ਕੇ ਉਨ੍ਹਾਂ ਖ਼ਿਲਾਫ਼ ਅਦਾਲਤ ’ਚ ਚਲਾਨ ਪੇਸ਼ ਕਰ ਦਿੱਤਾ ਸੀ, ਜਿਸ ਨੂੰ ਗੁਰਦੀਪ ਸਿੰਘ ਪੰਧੇਰ ਨੇ ਹਾਈਕੋਰਟ ’ਚ ਚੁਣੌਤੀ ਦੇ ਕੇ ਦਾਅਵਾ ਕੀਤਾ ਸੀ ਕਿ ਜਾਂਚ ਟੀਮ ਦੀ ਪੜਤਾਲ ਰਿਪੋਰਟ ਗਲਤ ਹੈ ਅਤੇ ਪੜਤਾਲ ਦੌਰਾਨ 44 ਤੋਂ ਵੱਧ ਜ਼ਖ਼ਮੀ ਹੋਏ ਪੁਲਿਸ ਮੁਲਾਜ਼ਮਾਂ ਦੀਆਂ ਮੈਡੀਕਲ ਰਿਪੋਰਟਾਂ ਬਾਰੇ ਜਾਂਚ ਟੀਮ ਨੇ ਕੁੱਝ ਵੀ ਪੇਸ਼ ਨਹੀਂ ਕੀਤਾ ਅਤੇ ਨਾ ਹੀ ਕਿਸੇ ਜ਼ਖ਼ਮੀ ਪੁਲਿਸ ਮੁਲਾਜ਼ਮ ਦਾ ਬਿਆਨ ਲਿਖਿਆ ਹੈ। ਵਧੀਕ ਸੈਸ਼ਨ ਜੱਜ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਜਦੋਂ ਹਾਈਕੋਰਟ ਚਲਾਨ ਰੱਦ ਕਰ ਚੁੱਕੀ ਹੈ ਤਾਂ ਸਥਾਨਕ ਅਦਾਲਤ ਕੋਲ ਮੁਕੱਦਮੇ ਨੂੰ ਚੱਲਦਾ ਰੱਖਣ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ।