ਬਿਊਰੋ ਰਿਪੋਰਟ: ਫਰੀਦਕੋਟ ਦੀ ਅਦਾਲਤ ਨੇ ਇੱਕ ਮਾਮਲੇ ਦੀ ਸੁਣਵਾਈ ਕਰਦਿਆਂ ਕਥਿਤ ਨਸ਼ਾ ਤਸਕਰ ਦੇ ਘਰ ਨੂੰ ਢਾਹੁਣ ਦੀ ਕਾਰਵਾਈ ’ਤੇ ਰੋਕ ਲਾ ਦਿੱਤੀ ਹੈ। ਇਹ ਕਾਰਵਾਈ ਪੁਲਿਸ ਵੱਲੋਂ ਕੀਤੀ ਜਾਣੀ ਸੀ। ਨਤੀਜੇ ਵਜੋਂ ਪੁਲਿਸ ਅਤੇ ਨਗਰ ਕੌਂਸਲ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਅਸਥਾਈ ਤੌਰ ’ਤੇ ਰੋਕ ਦਿੱਤੀ ਗਈ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 30 ਜੁਲਾਈ ਨੂੰ ਹੋਵੇਗੀ।
ਦਰਅਸਲ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਦੇ ਤਹਿਤ ਪੁਲਿਸ ਵੱਲੋਂ ਪਿਛਲੇ ਕੁਝ ਸਮੇਂ ਤੋਂ ਨਸ਼ਾ ਤਸਕਰਾਂ ਦੀ ਜਾਇਦਾਦਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਤਹਿਤ ਪੰਜਾਬ ਅੰਦਰ ਨਸ਼ਾ ਤਸਕਰਾਂ ਦੇ ਘਰਾਂ ’ਤੇ ਬੁਲਡੋਜ਼ਰ ਚਲਾਏ ਜਾ ਰਹੇ ਹਨ। ਇਸੇ ਤਹਿਤ ਜ਼ਿਲ੍ਹਾ ਪੁਲਿਸ ਨੇ ਸਥਾਨਕ ਬਾਜੀਗਰ ਬਸਤੀ ਦੇ ਇੱਕ ਕਥਿਤ ਨਸ਼ਾ ਤਸਕਰ ਦਾ ਘਰ ਢਾਹੁਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਪਰ ਇਸਤੋਂ ਪਹਿਲਾਂ ਹੀ ਪਰਿਵਾਰ ਅਦਾਲਤ ਪਹੁੰਚ ਗਿਆ ਤੇ ਅਦਾਲਤ ਨੇ ਇਹ ਕਾਰਵਾਈ ’ਤੇ ਰੋਕ ਲਾ ਦਿੱਤੀ।
ਅਦਾਲਤ ਵਿੱਚ ਕਥਿਤ ਨਸ਼ਾ ਤਸਕਰ ਦੀ ਮਾਂ ਵੱਲੋਂ ਦਾਅਵਾ ਕੀਤਾ ਗਿਆ ਕਿ ਇਹ ਜਾਇਦਾਦ ਉਨ੍ਹਾਂ ਨੇ ਖ਼ੁਦ ਬਣਾਈ ਹੈ। ਮਾਂ ਨੇ ਦਾਅਵਾ ਕੀਤਾ ਕਿ ਇਹ ਘਰ ਉਨ੍ਹਾਂ ਨੇ ਆਪਣੀ ਜ਼ਿੰਦਗੀ ਭਰ ਦੀ ਕਮਾਈ ਨਾਲ ਖਰੀਦੇ ਹਨ। ਅਤੇ ਉਨ੍ਹਾਂ ਕੋਲ ਸੰਪਤੀ ਦੇ ਮਾਲਕੀ ਦਸਤਾਵੇਜ਼ ਹਨ। ਉਨ੍ਹਾਂ ਕੋਲ ਨੇੜਲੇ ਦੋ ਹੋਰ ਰਿਹਾਇਸ਼ੀ ਮਕਾਨ ਵੀ ਹਨ ਅਤੇ ਉਨ੍ਹਾਂ ਕੋਲ ਉਸ ਜਾਇਦਾਦ ਦਾ ਪੂਰਾ ਰਿਕਾਰਡ ਮੌਜੂਦ ਹੈ। ਇਸ ਦਾਅਵੇ ਦੇ ਆਧਾਰ ’ਤੇ ਉਨ੍ਹਾਂ ਨੇ ਅਦਾਲਤ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ। ਜਿਸ ’ਤੇ ਕਾਰਵਾਈ ਕਰਦਿਆਂ ਅਦਾਲਤ ਨੇ ਘਰ ਢਾਹੁਣ ’ਤੇ ਅਸਥਾਈ ਰੋਕ ਲਾ ਦਿੱਤੀ।