Punjab

ਬਾਬਾ ਫਰੀਦ ਯੂਨੀਵਰਸਿਟੀ ‘ਚ ਕੁੜੀ ਬਣ ਕੇ ਇਮਤਿਹਾਨ ਦੇਣ ਪਹੁੰਚਿਆ ਸੀ ਨੌਜਵਾਨ !

ਬਿਉਰੋ ਰਿਪੋਰਟ : ਫਰੀਦਕੋਟ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਦੀ ਪੈਰਾਮੈਡੀਕਲ ਅਹੁਦੇ ਦੀ ਭਰਤੀ ਦੇ ਇਮਤਿਹਾਨ ਵਿੱਚ ਇੱਕ ਨੌਜਵਾਨ ਫੜਿਆ ਗਿਆ ਹੈ । ਇਹ ਗਰੈਜੂਏਟ ਨੌਜਵਾਨ ਕੁੜੀ ਬਣਕੇ ਇਮਤਿਹਾਨ ਦੇ ਰਿਹਾ ਸੀ । ਉਸ ਨੇ ਨਕਲੀ ਲੰਮੇ ਵਾਲ ਲਗਾਏ ਸਨ ਅਤੇ ਸਲਵਾਰ,ਸੂਟ ਅਤੇ ਬਿੰਦੀ ਲਿਪਸਟਿਕ ਤੱਕ ਲਗਾਈ ਹੋਈ ਸੀ । ਕੁੜੀ ਬਣ ਕੇ ਇਮਤਿਹਾਨ ਦੇਣ ਆਏ ਇਸ ਨੌਜਵਾਨ ਨੂੰ ਸੈਂਟਰ ਤੋਂ ਗ੍ਰਿਫਤਾਰ ਕਰ ਲਿਆ ਗਿਆ ।

ਕੋਟਕਪੂਰਾ ਵਿੱਚ ਬਣਾਏ ਗਏ ਇਮਤਿਹਾਨ ਸੈਂਟਰ ਵਿੱਚ ਸ਼ੱਕ ਹੋਣ ‘ਤੇ ਅਧਿਆਪਕ ਨੇ ਪੁੱਛ-ਗਿੱਛ ਕੀਤੀ ਤਾਂ ਖੁਲਾਸਾ ਹੋਇਆ । ਨੌਜਵਾਨ ਦੀ ਪਛਾਣ ਫਾਜ਼ਿਲਕਾ ਦੇ ਰਹਿਣ ਵਾਲੇ ਅੰਗਰੇਜ ਸਿੰਘ ਦੇ ਰੂਪ ਵਿੱਚ ਹੋਈ ਹੈ । ਉਹ ਫਾਜ਼ਿਲਕਾ ਦੀ ਢਾਣੀ ਪਿੰਡ ਦੀ ਪਰਮਜੀਤ ਕੌਰ ਦੀ ਥਾਂ ਇਮਤਿਹਾਨ ਦੇਣ ਦੇ ਲਈ ਪਹੁੰਚਿਆ ਸੀ। ਅਧਿਆਪਕਾਂ ਨੇ ਪੁੱਛ-ਗਿੱਛ ਤੋਂ ਬਾਅਦ ਪੁਲਿਸ ਨੇ ਹਵਾਲੇ ਕਰ ਦਿੱਤਾ ।

ਅਧਾਰ ਅਤੇ ਵੋਟਰ ਕਾਰਡ ਵੀ ਨਕਲੀ ਮਿਲੇ

ਇਹ ਇਮਤਿਹਾਨ ਕੋਟਕਪੂਰਾ ਦੇ DAV ਪਬਲਿਕ ਸਕੂਲ ਵਿੱਚ ਚੱਲ ਰਿਹਾ ਸੀ । ਅੰਗਰੇਜ਼ ਸਿੰਘ ਪਰਮਜੀਤ ਕੌਰ ਬਣਕੇ ਪੇਪਰ ਦੇਣ ਪਹੁੰਚਿਆ ਸੀ । ਉਸ ਨੇ ਸੂਟ ਸਲਵਾਰ ਪਾਇਆ ਹੋਇਆ ਸੀ। ਆਪਣੇ ਆਪ ਨੂੰ ਕੁੜੀ ਵਿਖਾਉਣ ਦੇ ਲਈ ਉਸ ਨੇ ਬਿੰਦੀ ਵੀ ਲਗਾਈ ਸੀ । ਜਿਵੇਂ ਹੀ ਇਮਤਿਹਾਨ ਸ਼ੁਰੂ ਹੋਇਆ ਅਧਿਆਪਕ ਨੂੰ ਸ਼ੱਕ ਹੋਇਆ । ਜਦੋਂ ਸਖਤੀ ਦੇ ਨਾਲ ਪੁੱਛ-ਗਿੱਛ ਹੋਈ ਤਾਂ ਖੁਲਾਸਾ ਹੋਇਆ ਕੀ ਉਹ ਕੁੜੀ ਬਲਕਿ ਨੌਜਵਾਨ ਹੈ । ਅਧਿਆਪਕ ਨੇ ਉਸ ਦਾ ਅਧਾਰ ਕਾਰਡ ਚੈੱਕ ਕੀਤਾ ਤਾਂ ਉਹ ਨਕਲੀ ਨਿਕਲਿਆ। ਉਸ ਵਿੱਚ ਪਰਮਜੀਤ ਕੌਰ ਦਾ ਨਾਂ ਸੀ ਅਤੇ ਫੋਟੋ ਲੱਗੀ ਸੀ ।

SSP ਨੇ ਕਿਹਾ ਕੁੜੀ ਦੀ ਅਰਜ਼ੀ ਰੱਦ ਕਰ ਦਿੱਤੀ ਗਈ

SSP ਹਰਜੀਤ ਸਿੰਘ ਨੇ ਦੱਸਿਆ ਕਿ ਕੁੜੀ ਦੀ ਥਾਂ ਪੇਪਰ ਦੇਣ ਪਹੁੰਚੇ ਨੌਜਵਾਨ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ । ਮੁੰਡਾ ਜਿਸ ਕੁੜੀ ਦੀ ਥਾਂ ਪੇਪਰ ਦੇਣ ਲਈ ਆਇਆ ਸੀ ਉਸ ਦਾ ਦਾਖਲਾ ਵੀ ਰੱਦ ਕਰ ਦਿੱਤਾ ਗਿਆ ਹੈ। ਨੌਜਵਾਨ ਕਿੰਨਾਂ ਪੜਿਆ ਲਿਖਿਆ ਹੈ, ਉਸ ਨੂੰ ਕੀ ਲਾਲਚ ਦਿੱਤਾ ਗਿਆ ਸੀ ? ਉਹ ਕੀ ਕੰਮ ਕਰਦਾ ਹੈ ? ਇਸ ਬਾਰੇ ਪੁਲਿਸ ਜਾਂਚ ਕਰ ਰਹੀ ਹੈ ।