ਬਿਉਰੋ ਰਿਪੋਰਟ: ਅੱਜ ਸਵੇਰੇ ਇੱਕ ਮੀਡੀਆ ਚੈਨਲ ’ਤੇ ਵੀਡੀਓ ਪੋਸਟ ਕੀਤੀ ਗਈ ਹੈ ਜਿਸ ਵਿੱਚ ਸੂਤਰਾਂ ਦੇ ਹਵਾਲੇ ਤੋਂ ਦਾਅਵਾ ਕੀਤਾ ਗਿਆ ਹੈ ਕਿ ਸ਼ੰਭੂ ਮੋਰਚੇ ਵਾਲੇ ਕਿਸਾਨ ਅੰਦੋਲਨ ਅੰਦਰ ਫੁੱਟ ਪੈ ਗਈ ਹੈ, ਸਰਵਣ ਪੰਧੇਰ ਤੇ ਜਗਜੀਤ ਡੱਲੇਵਾਲ ਤੋਂ ਮੋਰਚੇ ਦੇ ਬਾਕੀ ਲੀਡਰ ਨਾਰਾਜ਼ ਹਨ ਅਤੇ ਮੋਰਚਾ ਖ਼ਤਮ ਕਰਨ ਦਾ ਦਬਾਅ ਪਾ ਰਹੇ ਹਨ। ਕਿਸਾਨ ਲੀਡਰਾਂ ਨੇ ਇਸ ਖ਼ਬਰ ਨੂੰ ਸਿਰਿਓਂ ਨਕਾਰ ਦਿੱਤਾ ਹੈ ਤੇ ਮੀਡੀਆ ਅਦਾਰੇ ਨੂੰ ਝੂਠੀ ਖ਼ਬਰ ਚਲਾਉਣ ਲਈ ਕਾਨੂੰਨੀ ਨੋਟਿਸ ਭੇਜਣ ਦੀ ਗੱਲ ਆਖੀ ਹੈ।
ਇਸ ਸਬੰਧੀ ਵੀਡੀਓ ਜਾਰੀ ਕਰਦਿਆਂ ਕਿਸਾਨ ਆਗੂ ਅਮਰਜੀਤ ਸਿੰਘ ਮੋਹਰੀ ਨੇ ਕਿਹਾ ਕਿ ਮੀਡੀਆ ਅਦਾਰੇ ਵੱਲੋਂ ਪਾਈ ਗਈ ਖ਼ਬਰ ਸਰਾਸਰ ਝੂਠ ਹੈ ਤੇ ਮੋਰਚੇ ਨੂੰ ਤੋੜਨ ਦੀ ਕੋਸ਼ਿਸ਼ ਹੈ। ਮੀਡੀਆ ਰਾਹੀਂ ਉਨ੍ਹਾਂ ਦੇ ਅੰਦੋਲਨ ਨੂੰ ਤੋੜਨ ਦੀ ਸਾਜ਼ਿਸ਼ ਦੇ ਤਹਿਤ ਝੂਠੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮੀਡੀਆ ਚੈਨਲ ਦੀ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕਿਸਾਨ 18 ਅਤਕੂਬਰ ਨੂੰ ਮੀਟਿੰਗ ਕਰਨ ਲਈ ਦਬਾਅ ਬਣਾ ਰੇ ਹਨ, ਜਦਕਿ ਕਿਸਾਨ ਆਗੂਆਂ ਨੂੰ ਖ਼ੁਦ ਇਸ ਗੱਲ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਕਿਸਾਨ ਆਗੂ ਮੋਹਰੀ ਨੇ ਆਖਿਆ ਕਿ ਅਜੇ ਤਾਂ ਬੀਤੀ ਰਾਤ ਹੀ ਮੋਰਚੇ ਦੀ ਸਮੁੱਚੀ ਲੀਡਰਸ਼ਿਪ ਦੀ ਲੰਮੇ ਸਮੇਂ ਤੱਕ ਮੀਟਿੰਗ ਹੋਈ ਹੈ ਜਿਸ ਵਿੱਚ ਠੰਢ ਦੇ ਮੌਸਮ ਨੂੰ ਦੇਖਦਿਆਂ ਮੋਰਚੇ ਅੰਦਰ ਲੰਗਰ, ਠਹਿਰਨ, ਪੱਕੇ ਰਸਤੇ ਆਦਿ ਦੇ ਪੁਖ਼ਤਾ ਪ੍ਰਬੰਧਾਂ ਸਬੰਧੀ ਚਰਚਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦੋਵੇਂ ਫੋਰਮਾਂ ਲੰਮੇ ਸਮੇਂ ਤੋਂ ਅੰਦੋਲਨ ਚਲਾ ਰਹੀਆਂ ਹਨ ਤੇ ਇਸੇ ਤਰ੍ਹਾਂ ਮਜ਼ਬੂਤੀ ਨਾਲ ਅੰਦੋਲਨ ਅੱਗੇ ਵੀ ਲੜਿਆ ਜਾਵੇਗਾ।
ਉਨ੍ਹਾਂ ਬੜੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਜੋ ਲੋਕ ਸੋਚ ਰਹੇ ਹਨ ਕਿ ਹਰਿਆਣਾ ਵਿੱਚ ਬੀਜੇਪੀ ਦੀ ਸਰਕਾਰ ਆ ਗਈ ਹੈ ਤਾਂ ਸ਼ਾਇਦ ਇਹ ਅੰਦੋਲਨ ਨਹੀਂ ਹੋਏਗਾ, ਉਹ ਇਹ ਯਾਦ ਰੱਖਣ ਕਿ ਪਿਛਲੇ 10 ਸਾਲ ਵੀ ਇੱਥੇ ਬੀਜੇਪੀ ਦੀ ਹੀ ਸਰਕਾਰ ਸੀ ਤੇ ਉਦੋਂ ਵੀ ਕਿਸਾਨਾਂ ਨੇ ਸੰਘਰਸ਼ ਕੀਤਾ ਹੈ। ਜਦੋਂ ਤੱਕ ਕਿਸਾਨਾਂ-ਮਜ਼ਦੂਰਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਅੰਦੋਲਨ ਪੂਰੀ ਮਜ਼ਬੂਤੀ ਨਾਲ ਲੜਿਆ ਜਾਵੇਗਾ।
ਉਨ੍ਹਾਂ ਦੈਨਿਕ ਸਵੇਰਾ ਨੂੰ ਇਸ ਝੂਠੀ ਖ਼ਬਰ ਚਲਾਉਣ ਸਬੰਧੀ ਕਾਨੂੰਨੀ ਨੋਟਿਸ ਭੇਜਣ ਦੀ ਵੀ ਤਾੜਨਾ ਕੀਤੀ ਹੈ। ਉਨ੍ਹਾਂ ਸਵਾਲ ਵੀ ਚੁੱਕੇ ਹਨ ਕਿ ਅਦਾਰਾ ਦੱਸੇ ਕਿ ਕਿਹੜੇ ਸੂਤਰ ਕਹਿ ਰਹੇ ਹਨ ਕਿ ਕਿਸਾਨ ਮੋਰਚਾ ਛੱਡ ਕੇ ਜਾ ਰਹੇ ਹਨ, ਜਦਕਿ ਕਿਸਾਨ ਤਾਂ ਮੋਰਚੇ ਨੂੰ ਹੋਰ ਮਜ਼ਬੂਤ ਕਰਨ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ।