Punjab

ਫੇਕ ਖ਼ਬਰ ਚਲਾਉਣ ‘ਤੇ 2 ਨੈਸ਼ਨਲ ਚੈਨਲਾਂ ਖਿਲਾਫ਼ SGPC ਤੇ ਪੁਲਿਸ ਸਖ਼ਤ !

ਬਿਊਰੋ ਰਿਪੋਰਟ : ਦੋ ਵੱਡੇ ਚੈਨਲਾਂ ਵੱਲੋਂ ਚਲਾਈਆਂ ਗਈਆਂ ਗਲਤ ਖ਼ਬਰਾਂ ਦਾ ਪੰਜਾਬ ਪੁਲਿਸ ਅਤੇ SGPC ਵੱਲੋਂ ਸਖ਼ਤ ਨੋਟਿਸ ਲਿਆ ਗਿਆ ਹੈ । ਪੰਜਾਬ ਪੁਲਿਸ ਨੇ ਆਪਣੇ ਸੋਸ਼ਲ ਮੀਡੀਆ ਪੇਜ ਉੱਤੇ TIMES NOW ਨਿਊਜ਼ ਚੈਨਲ ਦੀ ਖ਼ਬਰ ਨੂੰ ਸਾਂਝੀ ਕਰਕੇ ਲਿਖਿਆ ਕਿ ਇਹ ਖਬਰ ਅਸਲ ਵਿੱਚ ਗਲਤ ਹੈ। ਖ਼ਬਰਾਂ ਨੂੰ ਸਾਂਝਾ ਕਰਨ ਤੋਂ ਪਹਿਲਾਂ ਤੱਥਾਂ ਦੀ ਜਾਂਚ ਕਰੋ, ਜਾਅਲੀ ਖ਼ਬਰਾਂ ਨਾ ਫੈਲਾਈਆਂ ਜਾਣ। ਪੁਲਿਸ ਨੇ ਇਸ ਦੇ ਨਾਲ ਹੀ ਲੋਕਾਂ ਨੂੰ ਵੀ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਇਸ ਖ਼ਬਰ ਬਾਰੇ ਅੰਮ੍ਰਿਤਪਾਲ ਸਿੰਘ ਨੇ ਕਥਿਤ ਆਡੀਓ ਵਿੱਚ ਵੀ ਜ਼ਿਕਰ ਕੀਤਾ ਗਿਆ ਹੈ। ਪਹਿਲੀ ਵਾਰ ਅੰਮ੍ਰਿਤਪਾਲ ਸਿੰਘ ਅਤੇ ਪੁਲਿਸ ਦੇ ਸੁਰ ਮਿਲਦੇ ਹੋਏ ਨਜ਼ਰ ਆਏ ਹਨ ।

ਇਸ ਖ਼ਬਰ ਨੂੰ ਪੁਲਿਸ ਅਤੇ ਅੰਮ੍ਰਿਤਪਾਲ ਸਿੰਘ ਦੋਵਾਂ ਨੇ ਗਲਤ ਦੱਸਿਆ

ਪੁਲਿਸ ਵੱਲੋਂ ਸਾਂਝੀ ਕੀਤੀ ਗਈ ਖਬਰ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਇੱਕ ਦਾਅਵਾ ਕੀਤਾ ਗਿਆ ਸੀ ਕਿ ਅੰਮ੍ਰਿਤਪਾਲ ਸਿੰਘ ਨੇ ਗ੍ਰਿਫਤਾਰੀ ਦੇਣ ਲਈ ਪੁਲਿਸ ਅੱਗੇ ਤਿੰਨ ਸ਼ਰਤਾਂ ਰੱਖੀਆਂ ਹਨ। TIMES NOW ਚੈਨਲ ਨੇ ਦਾਅਵਾ ਕੀਤਾ ਕਿ ਅੰਮ੍ਰਿਤਪਾਲ ਸਿੰਘ ਗ੍ਰਿਫਤਾਰੀ ਦੇਣ ਲਈ ਤਿਆਰ ਹੈ ਪਰ ਉਸ ਨੇ ਗ੍ਰਿਫਤਾਰੀ ਦੀ ਥਾਂ ਸਰੰਡਰ ਕਰਨ ਦੀ ਸ਼ਰਤ ਰੱਖੀ ਸੀ , ਦੂਜੀ ਸ਼ਰਤ ਪੰਜਾਬ ਦੀ ਜੇਲ੍ਹ ਵਿੱਚ ਹੀ ਰੱਖਿਆ ਜਾਵੇ ਅਤੇ ਤੀਜੀ ਪੁਲਿਸ ਕਸਟੱਡੀ ਦੌਰਾਨ ਉਸ ਨਾਲ ਟਾਰਚਰ ਨਾ ਕਰੇ। ਪਰ ਪੰਜਾਬ ਪੁਲਿਸ ਨੇ ਅੱਜ ਇਸ ਖ਼ਬਰ ਦਾ ਖੰਡਨ ਕਰਦੇ ਹੋਏ ਇਸ ਨੂੰ ਫੇਕ ਕਰਾਰ ਦਿੱਤਾ ਹੈ। ਅੰਮ੍ਰਿਤਪਾਲ ਸਿੰਘ ਨੇ ਵੀ ਇੱਕ ਆਡੀਓ ਮੈਸੇਜ ਜ਼ਰੀਏ ਅਜਿਹੀਆਂ ਖਬਰਾਂ ਦਾ ਖੰਡਨ ਕੀਤਾ ਹੈ। ਵਾਰਿਸ ਪੰਜਾਬ ਦੇ ਮੁਖੀ ਨੇ ਕਿਹਾ ਸੀ ਕਿ ਕੁਝ ਲੋਕ ਕਹਿ ਰਹੇ ਹਨ ਕਿ ਮੈਂ ਗ੍ਰਿਫਤਾਰੀ ਸਬੰਧੀ ਸ਼ਰਤ ਰੱਖੀ ਹੈ ਉਹ ਗਲਤ ਹੈ,ਮੈਂ ਅਜਿਹੀ ਕੋਈ ਮੰਗ ਨਹੀਂ ਰੱਖੀ ਹੈ । ਉਨ੍ਹਾਂ ਕਿਹਾ ਪੁਲਿਸ ਨੇ ਜੋ ਕਰਨਾ ਹੈ ਕਰ ਲਏ ।

ਜ਼ੀ ਨਿਊਜ਼ ਦੀ ਖ਼ਬਰ ਦਾ SGPC ਵੱਲੋਂ ਨੋਟਿਸ

ਜਥੇਦਾਰ ਸ੍ਰੀ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪੰਜਾਬ ਨੂੰ ਬਦਨਾਮ ਕਰਨ ਵਾਲੇ ਨਿਊਜ਼ ਚੈਨਲਾਂ ਖਿਲਾਫ ਕਾਰਵਾਈ ਦੇ ਨਿਰਦੇਸ਼ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਖਤ ਹੋ ਗਈ ਹੈ । ਕਮੇਟੀ ਨੇ ਜ਼ੀ ਨਿਊਜ਼ ਖਿਲਾਫ਼ ਐਕਸ਼ਨ ਲਿਆ ਗਿਆ ਹੈ। ਸ਼੍ਰੋਮਣੀ ਕਮੇਟੀ ਨੇ ਇਲਜ਼ਾਮ ਲਾਇਆ ਹੈ ਕਿ ਜ਼ੀ ਨਿਊਜ਼ ਵੱਲੋਂ 29 ਮਾਰਚ 2023 ਨੂੰ ਆਪਣੇ ਪ੍ਰੋਗਰਾਮ ‘ਬਾਤ ਪਤੇ ਕੀ’ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਦੇ ਗਲਤ ਢੰਗ ਨਾਲ Shots ਵਰਤੇ ਗਏ ਹਨ ਅਤੇ ਚੈਨਲ ਦੀ ਐਂਕਰ ਨੂੰ ਸ਼੍ਰੀ ਦਰਬਾਰ ਸਾਹਿਬ ਦੇ Shots ‘ਤੇ ਤੁਰਦੇ ਵੇਖਿਆ ਗਿਆ ਹੈ। ਸ਼੍ਰੋਮਣੀ ਕਮੇਟੀ ਨੇ ਚੈਨਲ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਇਨ੍ਹਾਂ Visuals ਨੂੰ ਡਿਲੀਟ ਕਰਨ ਲਈ ਕਿਹਾ ਹੈ। ਸ਼੍ਰੋਮਣੀ ਕਮੇਟੀ ਨੇ ਇਸ ਦੇ ਲਈ ਚੈਨਲ ਦੇ ਲੀਗਲ ਚੀਫ਼ ਮੈਨੇਜਰ, NBDA ਅਤੇ ਭਾਰਤ ਦੇ ਸੂਚਨਾ ਪ੍ਰਸਾਰਣ ਮੰਤਰਾਲੇ ਨੂੰ ਚਿੱਠੀ ਵੀ ਭੇਜ ਦਿੱਤੀ ਹੈ ਅਤੇ ਚੈਨਲ ਨੂੰ ਅੱਗੇ ਤੋਂ ਅਜਿਹੇ Visuals ਨੂੰ ਸਾਵਧਾਨੀ ਨਾਲ ਵਰਤਣ ਦੀ ਤਾਕੀਦ ਵੀ ਕੀਤੀ ਹੈ।

ਸਵੇਰੇ ਪੰਜਾਬ ਸਰਕਾਰ ਨੇ ਵੀ ਪੰਜਾਬੀ ਦੇ ਇੱਕ ਪ੍ਰਸਿੱਧ ਮੀਡੀਆ ਅਦਾਰੇ ਦੀ ਖ਼ਬਰ ਨੂੰ ਸਾਂਝਾ ਕਰਕੇ ਉਸ ਨੂੰ ਫੇਕ ਦੱਸਿਆ ਸੀ। ਖ਼ਬਰ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਿਚਾਲੇ ਟਕਰਾਅ ਵਧਾਉਣ ਦੇ ਲਈ ਭੜਕਾਊ ਗੱਲ ਕੀਤੀ ਗਈ ਸੀ। ਹਾਲਾਂਕਿ, ਸੂਬਾ ਸਰਕਾਰ ਦੇ ਇਸ ਬਿਆਨ ਤੋਂ ਬਾਅਦ ਮੀਡੀਆ ਅਦਾਰੇ ਨੇ ਵੀ ਉਸੇ ਫੋਟੋ ਨੂੰ ਸਾਂਝੀ ਕਰਕੇ ਦਾਅਵਾ ਕੀਤਾ ਕਿ ਇਹ ਫੇਕ ਫੋਟੋ ਸਾਡੇ ਨਾਂ ਉੱਤੇ ਵਾਇਰਲ ਹੋ ਰਹੀ ਹੈ,ਪਰ ਇਹ ਤਸਵੀਰ ਸਾਡੇ ਅਦਾਰੇ ਨੇ ਅਪਲੋਡ ਨਹੀਂ ਕੀਤੀ ਹੈ।

ਇਨ੍ਹਾਂ ਹਰਕਤਾਂ ਤੋਂ ਬਾਅਦ ਇਹ ਗੱਲ ਤਾਂ ਜ਼ਰੂਰ ਚਰਚਾ ਦਾ ਵਿਸ਼ਾ ਹੈ ਕਿ ਫੇਕ ਖ਼ਬਰਾਂ ਦਾ ਕਿੰਨਾ ਜ਼ਿਆਦਾ ਬੋਲਬਾਲਾ ਹੈ। ਕਿਸੇ ਮੀਡੀਆ ਅਦਾਰੇ ਦੇ ਨਾਂ ਹੇਠਾਂ ਭੜਕਾਊ ਗੱਲ ਕਰਕੇ ਲੋਕਾਂ ਦੇ ਵਿੱਚ ਗਲਤ ਸੰਦੇਸ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ‘ਦ ਖ਼ਾਲਸ ਟੀਵੀ ਤੁਹਾਨੂੰ ਅਪੀਲ ਕਰਦਾ ਹੈ ਕਿ ਤੁਸੀਂ ਅਜਿਹੇ ਸ਼ਰਾਰਤੀ ਅਨਸਰਾਂ ਤੋਂ ਬਚ ਕੇ ਰਹੋ ਅਤੇ ਸਹੀ ਸ੍ਰੋਤਾਂ ਤੋਂ ਹੀ ਜਾਣਕਾਰੀ ਹਾਸਿਲ ਕਰੋ। ਸਾਰੇ ਮੀਡੀਆ ਅਦਾਰੇ ਵੀ ਆਪਣੀ ਜ਼ਿੰਮੇਵਾਰੀ ਨੂੰ ਸਹੀ ਢੰਗ ਨਾਲ ਸਮਝਣ।