India

ਅੰਬ ਖਾਣ ਵਾਲੋ ਹੋ ਜਾਣ ਸਾਵਧਾਨ, ਤਾਮਿਲਨਾਡੂ ਤੋਂ ਹੈਰਾਨ ਕਰਨ ਵਾਲੀ ਆਈ ਖ਼ਬਰ

ਗਰਮੀ ਦੇ ਮੌਸਮ ਵਿੱਚ ਹਰ ਇਕ ਦਾ ਮਨ ਅੰਬ ਖਾਣ ਨੂੰ ਕਰਦਾ ਹੈ, ਜੋ ਸਿਹਤ ਲਈ ਲਾਭਦਾਇਕ ਹੁੰਦੇ ਹਨ ਪਰ ਕਈ ਲੋਕ ਆਪਣਾ ਲਾਲਚ ਪੂਰਾ ਕਰਨ ਲਈ ਮਨੁੱਖੀ ਸਿਹਤ ਨਾਲ ਖਿਲਵਾੜ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਅਜਿਹਾ ਹੀ ਇਕ ਮਾਮਲਾ ਤਾਮਿਲਨਾਡੂ ਤੋਂ ਸਾਹਮਣੇ ਆਇਆ ਹੈ, ਜਿੱਥੇ ਫੂਡ ਸੇਫਟੀ ਵਿਭਾਗ ਨੇ ਇੱਕ ਗੋਦਾਮ ਤੋਂ ਕਰੀਬ 7.5 ਟਨ ਨਕਲੀ ਅੰਬ ਜ਼ਬਤ ਕੀਤੇ ਹਨ।

ਨਕਲੀ ਅੰਬ ਕਿਸਨੂੰ ਕਹਿੰਦੇ ਹਨ?

ਇਸ ਨਕਲੀ ਅੰਬ ਦਾ ਮਤਲਬ ਇਹ ਨਹੀਂ ਕਿ ਇਹ ਅੰਬ ਮਸ਼ੀਨਾਂ ਨਾਲ ਪਕਾਏ ਜਾਂਦੇ ਹਨ। ਇਹ ਅੰਬ ਖੁਦ ਦਰਖਤਾਂ ਤੋਂ ਪੁੱਟੇ ਜਾਂਦੇ ਹਨ ਪਰ ਨਕਲੀ ਤਰੀਕੇ ਨਾਲ ਪੱਕਣ ਕਾਰਨ ਇਨ੍ਹਾਂ ਨੂੰ ਨਕਲੀ ਅੰਬ ਕਿਹਾ ਜਾ ਰਿਹਾ ਹੈ। ਅੰਬਾਂ ਨੂੰ ਪਕਾਉਣ ਲਈ ਕੈਲਸ਼ੀਅਮ ਕਾਰਬਾਈਡ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਦੀ ਵਰਤੋਂ ‘ਤੇ ਪਾਬੰਦੀ ਹੈ। ਇਸ ਤਰ੍ਹਾਂ ਪਕਾਏ ਗਏ ਅੰਬ ਸਿਹਤ ਲਈ ਬਹੁਤ ਹਾਨੀਕਾਰਕ ਹੁੰਦੇ ਹਨ।

ਇਸ ਤਰ੍ਹਾਂ ਪਕਾਏ ਜਾਂਦੇ ਹਨ ਅੰਬ

ਕੈਲਸ਼ੀਅਮ ਕਾਰਬਾਈਡ ਬਾਜ਼ਾਰ ਵਿਚ ਆਸਾਨੀ ਨਾਲ ਉਪਲਬਧ ਹੈ, ਜਿਸ ਨੂੰ ਲੋਕ ਹਾਰਡਵੇਅਰ ਦੀਆਂ ਦੁਕਾਨਾਂ ਤੋਂ ਵੀ ਖਰੀਦ ਸਕਦੇ ਹਨ। ਇਹ ਇਕ ਤਰ੍ਹਾਂ ਦਾ ਪੱਥਰ ਹੈ ਅਤੇ ਕਈ ਲੋਕ ਇਸ ਨੂੰ ਚੂਨਾ ਪੱਥਰ ਵੀ ਕਹਿੰਦੇ ਹਨ। ਅੰਬਾਂ ਨੂੰ ਕੈਲਸ਼ੀਅਮ ਕਾਰਬਾਈਡ ਨਾਲ ਪਕਾਉਣ ਲਈ ਕੱਚੇ ਅੰਬਾਂ ਦੇ ਵਿਚਕਾਰ ਕਾਰਬਾਈਡ ਦਾ ਇੱਕ ਬੰਡਲ ਬਣਾ ਕੇ ਕੱਪੜੇ ਵਿੱਚ ਲਪੇਟ ਕੇ ਰੱਖਿਆ ਜਾਂਦਾ ਹੈ। ਇਸ ਤੋਂ ਬਾਅਦ ਇਸ ਦੇ ਆਲੇ-ਦੁਆਲੇ ਅੰਬ ਰੱਖ ਦਿੱਤੇ ਜਾਂਦੇ ਹਨ। ਫਿਰ ਅੰਬਾਂ ਦੀ ਟੋਕਰੀ ਨੂੰ ਉੱਪਰੋਂ ਬੋਰੀ ਰੱਖ ਕੇ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਚੰਗੀ ਤਰ੍ਹਾਂ ਪੈਕ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਅੰਬਾਂ ਨੂੰ 3-4 ਦਿਨਾਂ ਲਈ ਹਵਾ ਰਹਿਤ ਜਗ੍ਹਾ ‘ਤੇ ਰੱਖਿਆ ਜਾਂਦਾ ਹੈ ਅਤੇ ਫਿਰ ਜਦੋਂ ਇਨ੍ਹਾਂ ਨੂੰ ਖੋਲ੍ਹਿਆ ਜਾਂਦਾ ਹੈ ਤਾਂ ਸਾਰੇ ਅੰਬ ਪੱਕੇ ਹੋ ਜਾਂਦੇ ਹਨ।

ਸਿਹਤ ਲਈ ਹਨ ਖਤਰਨਾਕ

ਜੇਕਰ ਇਸ ਤਰ੍ਹਾਂ ਪਕਾਏ ਅੰਬ ਕੋਈ ਖਾਂਦਾ ਹੈ ਤਾਂ ਉਸ ਦਾ ਪੇਟ ਦਰਦ ਹੋਣ ਲੱਗ ਪੈਂਦਾ ਹੈ ਅਤੇ ਉਸ ਨੂੰ ਦਸਤ ਅਤੇ ਉਲਟੀ ਦੀ ਸ਼ਿਕਾਇਤ ਹੋਣ ਲਗਦੀ ਹੈ। ਇਸ ਦੇ ਨਾਲ ਹੀ ਸਿਰ ਦਰਦ ਅਤੇ ਚੱਕਰ ਆਉਣ ਲੱਗ ਪੈਂਦੇ ਹਨ।

ਇਹ ਵੀ ਪੜ੍ਹੋ – ਐਲੀਮੈਂਟਰੀ ਟਰੇਨਿੰਗ ਟੀਚਰਾਂ ਨੂੰ ਲੱਗਾ ਵੱਡਾ ਝਟਕਾ, ਹਾਈਕੋਰਟ ਨੇ ਦਿੱਤਾ ਸਖਤ ਫੈਸਲਾ